- ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ!
- ਅਕਾਲੀ ਆਗੂ ਚੰਦਨ ਗਰੇਵਾਲ ਨੇ ਫੜ੍ਹਿਆ ‘ਆਪ ਦਾ ਪੱਲਾ, ਮੁੱਖ-ਮੰਤਰੀ ਭਗਵੰਤ ਮਾਨ ਨੇ ਕਰਵਾਇਆ ਸ਼ਾਮਿਲ
ਚੰਡੀਗੜ੍ਹ, 5 ਮਈ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਨੂੰ ਉਸ ਵੇਲੇ ਤਗੜ੍ਹਾ ਝਟਕਾ ਲੱਗਿਆ ਜਦ ਉਨ੍ਹਾਂ ਦੇ ਆਗੂ ਚੰਦਨ ਗਰੇਵਾਲ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ ਦਾ ਪੱਲਾ ਫੜ੍ਹ ਲਿਆ। ਜਿਕਰਯੋਗ ਹੈ ਕਿ ਚੰਦਨ ਗਰੇਵਾਲ ਜਲੰਧਰ ਨਗਰ ਨਿਗਮ ਵਿੱਚ ਬਤੌਰ ਇੰਸਪੈਕਟਰ ਲੱਗੇ ਹੋਏ ਸਨ। ਪਰ ਇਸਦੇ ਨਾਲ-ਨਾਲ ਉਹ ਲਗਾਤਾਰ ਸਿਆਸਤ ਵਿੱਚ ਸਰਗਰਮ ਰਹੇ। ਉਹ ਬੀਤੇ ਵੇਲੇ ਜਿੱਥੇ ਜਲੰਧਰ ਨਿਗਮ ਸਫ਼ਾਈ ਯੂਨੀਅਨ ਅਤੇ ਫੈੱਡਰੇਸ਼ਨ ਦੇ ਪ੍ਰਧਾਨ ਰਹੇ, ਉੱਥੇ ਉਨ੍ਹਾਂ 2016 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਕੇ 2017 ਵਿੱਚ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜੀ। ਐਨਾ ਹੀ ਨਹੀਂ ਚੰਦਨ ਗਰੇਵਾਲ ਨੇ 2022 ਦੀਆਂ ਚੋਣਾਂ ਵਿੱਚ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਸੈਂਟਰਲ ਤੋਂ ਵਿਧਾਇਕੀ ਦੀ ਚੋਣ ਵੀ ਲੜ੍ਹੀ। ਅੱਜ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਚੰਦਨ ਗਰੇਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਨਾਲ ਨਾਲ ਜੁੜੇ ਰਹੇ ਹਨ ਅਤੇ ਅੱਜ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲਗਾਤਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਮੇਰਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਮਕਸਦ ਵੀ ਲੋਕ-ਸੇਵਾ ਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਇੱਕੋ-ਇੱਕ ਉਦੇਸ਼ ਪੰਜਾਬ ਨੂੰ ਰੰਗਲਾ ਬਣਾਉਣਾ ਹੈ। ਇਸੇ ਲਈ ਅਸੀਂ ਸਿਆਸਤ ਵਿੱਚ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡੇ ਇਸ ਮਿਸ਼ਨ ਨੂੰ ਸਾਕਾਰ ਕਰਨ ਲਈ ਜੋ ਵੀ ਪਾਰਟੀ ਨਾਲ ਜੁੜਕੇ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ ਹੈ, ਅਸੀਂ ਹਰ ਉਸ ਵਿਅਕਤੀ ਦਾ ‘ਆਪ ਵਿੱਚ ਸਵਾਗਤ ਕਰਦੇ ਹਾਂ। ਸ. ਮਾਨ ਨੇ ਦੁਹਰਾਇਆ ਕਿ ਜਲੰਧਰ ਲੋਕ-ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਹੀ ਲੋਕਾਂ ਦੀ ਪਸੰਦ ਹੈ, ਅਤੇ ਜਲਦ ਹੀ ਸ਼ੁਸ਼ੀਲ ਕੁਮਾਰ ਰਿੰਕੂ ਦੇ ਰੂਪ ਵਿੱਚ ਜਲੰਧਰ ਵਾਸੀਆਂ ਦੀ ਆਵਾਜ਼ ਸੰਸਦ ਵਿੱਚ ਸੁਣਾਈ ਦੇਵੇਗੀ।