- ਦੁਕਾਨਦਾਰਾਂ ਤੋਂ ਖੇਤੀ ਸਮੱਗਰੀ ਦੇ ਬਿੱਲ ਲਾਜ਼ਮੀ ਲੈਣ ਕਿਸਾਨ - ਮੁੱਖ ਖੇਤੀਬਾੜੀ ਅਫ਼ਸਰ
ਨਵਾਂਸ਼ਹਿਰ, 22 ਨਵੰਬਰ 2024 : ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁਡੀਆਂ ਅਤੇ ਡਿਪਟੀ ਕਮਿਸ਼ਨਰ ਸਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਰਜਿੰਦਰ ਕੁਮਾਰ ਕੰਬੋਜ ਦੀਆਂ ਹਦਾਇਤਾਂ ਤਹਿਤ ਜਿਲ੍ਹੇ ਅੰਦਰ ਕਿਸਾਨਾਂ ਨੂੰ ਹਾੜ੍ਹੀ ਸੀਜ਼ਨ ਦੀਆਂ ਫ਼ਸਲਾਂ ਲਈ ਮਿਆਰੀ ਕਿਸਮ ਦੀ ਖ਼ਾਦ ਅਤੇ ਬੀਜ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜਿਲ੍ਹੇ ਅੰਦਰ ਵੱਖ-ਵੱਖ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਖਾਦਾਂ ਦੇ 18 ਸੈਂਪਲ ਅਤੇ ਬੀਜਾਂ ਦੇ 48 ਸੈਂਪਲ ਭਰੇ ਗਏ, ਜੋ ਕਿ ਪਰਖ ਕਰਨ ਲਈ ਲੈਂਬ ਨੂੰ ਭੇਜ ਦਿੱਤੇ ਗਏ ਹਨ। ਇਸ ਮੌਕੇ ਡਾ. ਰਜਿੰਦਰ ਕੁਮਾਰ ਕੰਬੋਜ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਕਿਸਾਨ ਕਿਸੇ ਵੀ ਅਣ-ਅਧਿਕਾਰਤ ਵਿਅਕਤੀ, ਚਾਹੇ ਕੋਈ ਡੀਲਰ ਜਾਂ ਕਿਸਾਨ ਹੋਵੇ, ਪਾਸੋ ਬਿਨਾਂ ਬਿਲ ਤੋ ਕੋਈ ਵੀ ਖੇਤੀ ਸਮੱਗਰੀ ਦੀ ਖ਼ਰੀਦ ਨਾ ਕੀਤੀ ਜਾਵੇ ਅਤੇ ਡੀਲਰਾਂ ਨੂੰ ਵੀ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਕਿਸਾਨਾਂ ਨੂੰ ਖ਼ਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰੇ, ਕਿਸਾਨਾਂ ਨੂੰ ਖੇਤੀ ਇਨਪੁਟਸ ਦੇ ਬਿੱਲ ਜਰੂਰ ਜਾਰੀ ਕਰੇ ਅਤੇ ਖ਼ਾਦਾਂ ਦੀ ਵਿਕਰੀ ਪੀ ਓ ਐਸ ਮਸ਼ੀਨ ਰਾਹੀਂ ਹੀ ਕਰੇ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਡੀਲਰਾਂ ਖਿਲਾਫ ਖ਼ਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਡਾ. ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਅਤੇ ਜਸਵਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਹਾਜ਼ਰ ਸਨ।