ਨਵਾਂਸ਼ਹਿਰ 02 ਅਪ੍ਰੈਲ : ਭਾਰਤ ਸਰਕਾਰ ਦੇ ਅਦਾਰੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੇ ਹੁਕਮਾਂ ਅਨੁਸਾਰ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨਵੀਂ ਦਿੱਲੀ ਵਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜ਼ੀ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗ੍ਰੀਨ ਸਕੂਲ ਪ੍ਰੋਗਰਾਮ ਜਿਸਨੂੰ ਪਹਿਲਾਂ ਨੈਸ਼ਨਲ ਗ੍ਰੀਨ ਕਾਰਪਸ ਕਿਹਾ ਜਾਂਦਾ ਸੀ, ਸ਼ੁਰੂ ਕੀਤਾ ਗਿਆ ਹੈ।ਇਸ ਸੰਬੰਧੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜਿਲ੍ਹੇ ਦੇ ਸਮੂਹ ਸਕੂਲਾਂ ਦੇ ਈਕੋ ਕਲੱਬਾਂ ਦੇ ਇੰਚਾਰਜ਼ਾਂ ਦੀ ਇੱਕ ਦਿਨਾਂ ਓਰੀਐਂਟੇਸ਼ਨ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਰਾਜੇਸ਼ ਕੁਮਾਰ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ਼ਹੀਦ ਭਗਤ ਸਿੰਘ ਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਦੀ ਇਹ ਪਹਿਲਕਦਮੀ ਸਕੂਲਾਂ ਨੂੰ ਟਿਕਾਊ ਅਤੇ ਸ੍ਰੋਤ ਕੁਸ਼ਲ ਗ੍ਰੀਨ ਸਕੂਲ ਪ੍ਰੋਗਰਾਮ ਬਣਨ ਵਿੱਚ ਮਦਦ ਕਰੇਗੀ।ਇਸ ਮੌਕੇ ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਨੇ ਦੱਸਿਆ ਸਕੂਲਾਂ ਵਿੱਚ ਢੁੱਕਵੀਂ ਅਤੇ ਪ੍ਰਭਾਵਸ਼ਾਲੀ ਵਾਤਾਵਰਣ ਸਿੱਖਿਆ ਨੂੰ ਪੇਸ਼ ਕਰਨ ਦੀ ਤੁਰੰਤ ਲੋੜ ਹੈ।ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਵਲੋਂ ਸਕੂਲਾਂ ਦਾ ਉਹਨਾਂ ਦੇ ਸ੍ਰੋਤਾਂ ਦੀ ਖਪਤ ਦੇ ਪੈਟਰਨਾਂ ਦਾ ਮੁਲਾਂਕਣ ਕਰਨ ਲਈ ਉਹਨਾਂ ਦੇ ਕੈਂਪਸ ਦਾ ਆਡਿਟ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 101 ਸਕੂਲਾਂ ਨੇ ਇਸ ਆਡਿਟ ਲਈ ਅਪਲਾਈ ਕੀਤਾ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ ਨਵੀਂ ਦਿੱਲੀ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜ਼ੀ, ਚੰਡੀਗੜ੍ਹ ਵਲੋਂ ਸਕੂਲਾਂ ਦਾ ਆਡਿਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਚਾਰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਗਿਆ, ਪਹਿਲੇ ਸਥਾਨ ਵਾਲ਼ੇ ਨੂੰ ਗ੍ਰੀਨ ਜ਼ੋਨ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲ਼ੇ ਨੂੰ ਜ਼ੈਲੋ ਜ਼ੋਨ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲ਼ੇ ਨੂੰ ਓਰੇਂਜ਼ ਜ਼ੋਨ ਅਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲ਼ੇ ਨੂੰ ਰੈੱਡ ਜ਼ੋਨ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲ਼ਾ ਨੇ ਗ੍ਰੀਨ ਜ਼ੋਨ, ਸਰਕਾਰੀ ਹਾਈ ਸਕੂਲ ਗੁਣਾਚੌਰ ਅਤੇ ਸਰਕਾਰੀ ਮਿਡਲ ਸਕੂਲ ਖੜਕੂਵਾਲ਼ ਨੇ ਜ਼ੈਲੋ ਜ਼ੋਨ ਵਿੱਚ ਕ੍ਰਮਵਾਰ ਪਹਿਲਾ ,ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਦੇਸ਼ ਵਿੱਚ ਜਿਲ੍ਹੇ ਦਾ ਮਾਣ ਵਧਾਇਆ। ਇਸ ਮੌਕੇ ਉਕਤ ਤਿੰਨਾਂ ਸਕੂਲਾਂ ਨੂੰ ਕ੍ਰਮਵਾਰ ਰੁ: 5000/-, ਰੁ: 3000/-, ਰੁ: 2000/- ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ 250 ਸਕੂਲਾਂ ਵਿੱਚ ਈਕੋ ਕਲੱਬ ਸਥਾਪਿਤ ਕੀਤੇ ਹੋਏ ਹਨ ਜਿਹੜੇ ਲਗਾਤਾਰ ਵੱਖ-ਵੱਖ ਗਤੀਵਿਧੀਆਂ ਜਿਵੇਂ ਕੈਪਿਸਟੀ ਬਿਲਡਿੰਗ ਵਰਕਸ਼ਾਪ, ਪ੍ਰਦਰਸ਼ਨੀਆਂ, ਕੈਂਪੇਨ, ਵੱਖ-ਵੱਖ ਮੁਕਾਬਲੇ ਕਰਵਾ ਕੇ ਵਿਿਦਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਹਗਰੂਕਤਾ ਪੈਦਾ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਹਾਜ਼ਰ ਅਧਿਆਪਕਾਂ ਨੂੰ ਸਮੂਹ ਕਰਵਾਈਆਂ ਗਤੀਵਿਧੀਆਂ ਨੂੰ ਵਿਭਾਗ ਵਲੋਂ ਦਿੱਤੀ ਸਾਈਟ ਤੇ ਅੱਪਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਤਨਾਮ ਸਿੰਘ ਕੋਟ ਰਾਂਝਾ ਕੋਆਰਡੀਨੇਟਰ ਗ੍ਰੀਨ ਸਕੂਲ ਪ੍ਰੋਗਰਾਮ ਵਲੋਂ ਆਡਿਟ ਲਈ ਅਪਲਾਈ ਕਰਨ ਵਾਸਤੇ ਹਾਜ਼ਰ ਈਕੋ ਕਲੱਬ ਇੰਚਾਰਜਾਂ ਨੂੰ ਗਾਈਡ ਕੀਤਾ ਤਾਂ ਕਿ ਜਿਲ੍ਹੇ ਦੇ ਸਮੂਹ ਈਕੋ ਕਲੱਬ ਅੱਗੇ ਤੋਂ ਗ੍ਰੀਨ ਜ਼ੋਨ ਵਿੱਚ ਆਉਣ। ਅੰਤ ਵਿੱਚ ਅਮਨਪ੍ਰੀਤ ਸਿੰਘ ਜੌਹਰ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਗੁਣਾਚੌਰ ਨੇ ਰਾਜੇਸ਼ ਕੁਮਾਰ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅਤੇ ਹਾਜ਼ਰ ਈਕੋ ਕਲੱਬ ਇੰਚਾਰਜ਼ਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਇੰਚਾਰਜ਼ ਅਮਰਦੀਪ ਕੌਰ, ਜਸਵੀਰ ਚੰਦ, ਜਗਦੀਪ ਸਿੰਘ, ਸਵਿਤਾ ਸਹਿਗਲ, ਸੋਨਾ ਸ਼ਰਮਾ, ਸੁਖਜੀਤ ਕੌਰ ਆਦਿ ਹਾਜ਼ਰ ਸਨ।