ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਬਣਾਈ 

ਜਲੰਧਰ, 22 ਮਾਰਚ : ਆਉਣ ਵਾਲੀ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਹੋਣਗੇ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਐਸ.ਐਸ.ਪੀ. ਜਲੰਧਰ (ਦਿਹਾਤੀ) ਸਵਰਨਦੀਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ ਅਤੇ ਐਸ.ਪੀ. (ਇਨਵੈਸਟੀਗੇਸ਼ਨ) ਸਰਬਜੀਤ ਸਿੰਘ ਮੈਂਬਰ ਹੋਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਮੇਟੀ ਭਾਰਤ ਚੋਣ ਕਮਿਸ਼ਨਰ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੀ ਤਰੀਕ ਦੇ ਐਲਾਨ ਵਾਲੇ ਦਿਨ ਤੋਂ ਪੜਤਾਲ ਦਾ ਕੰਮ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਸਾਰੇ ਲਾਇਸੈਂਸਧਾਰਕਾਂ ਦੇ ਕੇਸਾਂ ਦੀ ਪੜਤਾਲ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਜਮਾਨਤ ’ਤੇ ਰਿਹਾਅ ਹੋਏ ਵਿਅਕਤੀਆਂ ਦੇ ਲਾਇਸੈਂਸ, ਅਪਰਾਧਿਕ ਪਿਛੋਕੜ ਰੱਖਣ ਵਾਲੇ ਵਿਅਕਤੀਆਂ ਦੇ ਅਸਲਾ ਲਾਇਸੈਂਸ ਅਤੇ ਪਹਿਲਾਂ ਕਿਸੇ ਵੀ ਸਮੇਂ, ਖਾਸ ਕਰ ਚੋਣਾਂ ਦੌਰਾਨ ਦੰਗਿਆਂ ਵਿੱਚ ਸ਼ਾਮਲ ਵਿਅਕਤੀਆਂ ਦੇ ਅਸਲਾ ਲਾਇਸੈਂਸ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਕਰੀਨਿੰਗ ਕਮੇਟੀ ਤੋਂ ਰਿਪੋਰਟ ਮਿਲਣ ਉਪਰੰਤ ਲਾਇਸੈਂਸਿੰਗ ਅਥਾਰਟੀ ਵਿਅਕਤੀਗਤ ਲਾਇਸੰਸਧਾਰਕ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਲਈ ਉਮੀਦਵਾਰੀ ਵਾਪਸ ਲੈਣ ਦੀ ਤੈਅ ਆਖਰੀ ਮਿਤੀ ਤੋਂ ਪਹਿਲਾਂ ਨੋਟਿਸ ਜਾਰੀ ਕਰੇਗੀ ਅਤੇ ਲਾਇਸੰਸਧਾਰਕ ਨੂੰ ਸੂਚਿਤ ਕਰੇਗੀ ਕਿ ਅਸਲਾ ਜਮ੍ਹਾ ਨਾ ਕਰਵਾਉਣ ’ਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਲਾਇਸੈਂਸ ਧਾਰਕ ਨੂੰ ਨੋਟਿਸ ਦੀ ਪ੍ਰਾਪਤੀ/ਪ੍ਰਕਾਸ਼ਨ ਤੋਂ ਸੱਤ ਦਿਨਾਂ ਦੇ ਅੰਦਰ ਆਪਣੇ ਹਥਿਆਰ ਜਮ੍ਹਾ ਕਰਵਾਉਣੇ ਹੋਣਗੇ ਅਤੇ ਅਸਲਾ ਜਮ੍ਹਾ ਕਰਵਾਉਣ ’ਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਲਾਇਸੰਸਧਾਰਕ ਨੂੰ ਢੁੱਕਵੀਂ ਰਸੀਦ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਖਿਡਾਰੀ ਵੱਖ-ਵੱਖ ਪੱਧਰਾਂ 'ਤੇ ਰਾਸ਼ਟਰੀ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਹਨ ਅਤੇ ਉਨ੍ਹਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਹੁੰਦਾ ਹੈ, ਜਿਸ ਵਿਚ ਉਹ ਆਪਣੀ ਰਾਈਫਲ ਦੀ ਵਰਤੋਂ ਕਰਦੇ ਹਨ, ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਅੰਤਿਮ ਹੋਵੇਗਾ। ਪੋਲ ਡੇ ਮੋਨੀਟਰਿੰਗ ਸਿਸਟਮ ਨੂੰ ਲਾਗੂ ਕਰਨ ਲਈ ਨੋਡਲ ਅਫ਼ਸਰ/ਸਹਾਇਕ ਨੋਡਲ ਅਫ਼ਸਰ ਤਾਇਨਾਤ : ਆਉਣ ਵਾਲੀ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੌਰਾਨ ਜ਼ਿਲ੍ਹੇ ਵਿੱਚ ਪੋਲ ਡੇ ਮੋਨੀਟਰਿੰਗ ਸਿਸਟਮ (ਪੀ.ਡੀ.ਐਮ.ਐਸ) ਨੂੰ ਲਾਗੂ ਕਰਨ ਲਈ ਚੋਣ ਡਿਊਟੀ ’ਤੇ ਨੋਡਲ ਅਫ਼ਸਰ/ਸਹਾਇਕ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੈਕਟਰ ਅਫ਼ਸਰਾਂ ਤੋਂ ਸਿੱਧੇ ਤੌਰ ’ਤੇ ਮੋਬਾਇਲ ਐਪ ਰਾਹੀਂ ਪੋਲ ਡੇ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਰੁਪਿੰਦਰ ਕੌਰ ਏ.ਡੀ.ਆਈ.ਓ. (ਐਨ.ਆਈ.ਸੀ. ਜਲੰਧਰ) ਨੂੰ ਨੋਡਲ ਅਫ਼ਸਰ ਅਤੇ ਹਤਿੰਦਰ ਮਲਹੋਤਰਾ ਡੀ.ਟੀ.ਸੀ., ਨਵਪ੍ਰੀਤ ਸਿੰਘ ਡੀ.ਈ.ਜੀ.ਸੀ. ਅਤੇ ਪ੍ਰਿਆ ਪ੍ਰੋਗਰਾਮਰ ਨੂੰ ਸਹਾਇਕ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ/ਕਰਮਚਾਰੀ ਐਨ.ਆਈ.ਸੀ., ਪੰਜਾਬ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਗਰਾਮ ਅਨੁਸਾਰ ਪੀ.ਡੀ.ਐਮ.ਐਸ. ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਅਤੇ ਸਮੂਹ ਏ.ਆਰ.ਓਜ਼ ਤੋਂ ਪੋਲਿੰਗ ਸਟੇਸ਼ਨਾਂ ਅਨੁਸਾਰ ਸੰਚਾਰ ਡਾਟਾ ਤਿਆਰ ਕਰਨ ਲਈ ਜ਼ਿੰਮੇਵਾਰ ਹੋਣਗੇ।