ਸੁਖਬੀਰ ਬਾਦਲ ਦੇ ਤਾਨਾਸ਼ਾਹ ਰਵੱਈਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ : ਬੀਬੀ ਗੁਲਸ਼ਨ

ਚੰਡੀਗੜ੍ਹ 16 ਫ਼ਰਵਰੀ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖਰੀ ਰਾਇ ਰੱਖਣ ਵਾਲੇ ਕਿਸੇ ਵੀ ਲੀਡਰ ਨੂੰ ਬਰਦਾਸ਼ਤ ਨਹੀਂ ਕਰਦੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਐਮ.ਪੀ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਸੁਖਬੀਰ ਸਿੰਘ ਬਾਦਲ ਤੋਂ ਆਪਣੀ ਵੱਖਰੀ ਰਾਏ ਕਿਸੇ ਵੀ ਲੀਡਰ ਨੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨਾ ਕਿਸੇ ਸਾਜ਼ਿਸ਼ ਤਹਿਤ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਕਰਨੈਲ ਸਿੰਘ ਪੰਜੋਲੀ ਵੀ ਉਸੇ ਸਾਜਿਸ਼ ਦਾ ਹਿੱਸਾ ਬਣੇ ਹਨ। ਇਹਨਾਂ ਤੋ ਪਹਿਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੀਬੀ ਜਗੀਰ ਕੌਰ, ਸ.ਜਗਮੀਤ ਬਰਾੜ ਅਤੇ ਸ. ਸੁਖਦੇਵ ਸਿੰਘ ਢੀਂਡਸਾ ਅਜਿਹੇ ਅਨੇਕਾਂ ਆਗੂ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਕੀਤੇ ਗਏ। ਬੀਬੀ ਗੁਲਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਬਲਵਿੰਦਰ ਸਿੰਘ ਸੇਖੋਂ ਤੇ ਉਨ੍ਹਾਂ ਦੀ ਟੀਮ ਵੱਲੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਸੰਬੰਧੀ ਗੰਭੀਰ ਦੋਸ਼ ਲਗਾਏ ਹਨ ਕੀ ਸੁਖਬੀਰ ਬਾਦਲ ਜਾਂ ਅਨੂਸਾਸਨੀ ਕਮੇਟੀ ਇਸ ਸਬੰਧੀ ਕੋਈ ਸਪੱਸ਼ਟੀਕਰਨ ਦੇਵੇਗੀ ?ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਇਸ ਦੋਸ਼ ਦਾ ਕੋਈ ਨੋਟਿਸ ਲੈਣਗੇ ? ਉਨ੍ਹਾਂ ਕਿਹਾ ਕਿ ਇੱਕ ਸਾਲ ਦਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਹੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜਿਸ ਦਿਨ ਕੌਮੀ ਇਨਸਾਫ ਮੋਰਚੇ ਵਿੱਚ ਚੰਡੀਗੜ੍ਹ ਬੋਲ, ਕੀ ਉਸੇ ਦਿਨ ਹੀ ਉਹ ਭ੍ਰਿਸ਼ਟ ਹੋ ਗਏ? ਉਸ ਸਬੰਧੀ ਪਹਿਲਾਂ ਕੋਈ ਭ੍ਰਿਸ਼ਟਾਚਾਰ ਦੀ ਗੱਲ ਸਾਹਮਣੇ ਨਹੀਂ ਆਈ? ਅਸਲ ਵਿੱਚ ਗੱਲ ਇਹ ਹੈ ਕਿ ਜਦੋਂ ਵੀ ਕੋਈ ਲੀਡਰ ਸੁਖਬੀਰ ਸਿੰਘ ਬਾਦਲ  ਦੀ ਕਾਰਗੁਜ਼ਾਰੀ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੋਈ ਨਾ ਕੋਈ ਦੋਸ਼ ਲਾ ਕੇ ਬਾਹਰ ਧੱਕਿਆ ਜਾਂਦਾ ਹੈ ਤਾਂ ਕਿ ਬਾਦਲ ਪਰਿਵਾਰ ਦੀ ਕਾਰਗੁਜ਼ਾਰੀ ਤੇ ਕੋਈ ਵੀ ਉਂਗਲ ਚੁੱਕਣ ਦੀ ਕੋਸ਼ਿਸ਼ ਨਾ ਕਰ ਸਕੇ।