ਚੰਡੀਗੜ੍ਹ, 18 ਅਕਤੂਬਰ 2024 : ਪੰਜਾਬ ਵਿੱਚ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਸਨ। ਜਿਨ੍ਹਾਂ ਵਿੱਚ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਹਨ। ਹੁਣ 13 ਨਵੰਬਰ ਨੂੰ ਇਨ੍ਹਾਂ ਸੀਟਾਂ ‘ਤੇ ਚੋਣਾ ਹੋਣਗੀਆਂ ਅਤੇ 23 ਨਵਬੰਰ ਨੂੰ ਨਤੀਜੇ ਆਉਣਗੇ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਰਨ। ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਤੋਂ ਬਿਨੈ ਪੱਤਰ ਆ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਅੰਮ੍ਰਿਤਾ ਪੰਜਾਬ ਕਾਂਗਰਸ ਪ੍ਰਧਾਨ ਦੀ ਪਤਨੀ ਹੈ, ਉਹ ਸਿੱਧੇ ਤੌਰ ‘ਤੇ ਅਰਜ਼ੀ ਨਹੀਂ ਦੇ ਸਕਦੇ ਅਤੇ ਉਹ ਚੋਣ ਲੜਣਗੇ ਜਾਂ ਨਹੀਂ ਇਹ ਫੈਸਲਾ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਦੱਸਣਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਅਸਤੀਫੇ ਕਾਰਨ ਡੇਰਾ ਬਾਬਾ ਨਾਨਕ ਸੀਟ ਖਾਲੀ ਹੋ ਗਈ ਹੈ। ਚੱਬੇਵਾਲ ਸੀਟ ਡਾ: ਰਾਜ ਕੁਮਾਰ, ਗਿੱਦੜਬਾਹਾ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਬਰਨਾਲਾ ਸੀਟ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈ । ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹ ਸਹੀ ਨਹੀਂ ਹੈ ਅਤੇ ਸੱਚਾ ਸਿੱਖ ਉਹ ਹੈ ਜੋ ਸਾਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਹਰ ਭੈਣ-ਭਰਾ ਦਾ ਸਤਿਕਾਰ ਕਰਦਾ ਹੈ, ਜਿਸ ਤਰ੍ਹਾਂ ਵਲਟੋਹਾ ਨੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸ ਨੂੰ ਨੰਗੇ ਪੈਰੀਂ ਚੱਲ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।