ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਖਤਮ, ਸਰਕਾਰ ਨਾਲ ਬਣੀ ਸਹਿਮਤੀ

ਚੰਡੀਗੜ੍ਹ 14 ਸਤੰਬਰ 2024 : ਸੂਬੇ ਭਰ ਵਿੱਚ ਪਿਛਲੇ ਛੇ ਦਿਨਾਂ ਤੋਂ ਚੱਲ ਰਹੀ ਸਰਕਾਰੀ ਡਾਕਟਰਾਂ ਦੀ ਹੜਤਾਲ ਅੱਜ ਖਤਮ ਹੋ ਗਈ ਹੈ। ਪੰਜਾਬ ਭਵਨ ਵਿੱਚ ਡਾਕਟਰਾਂ ਦੀ ਜਥੇਬੰਦੀ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਸੂਬੇ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦੇ ਪ੍ਰਧਾਨ ਵੱਲੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਰਕਾਰ ਦੇ ਨਾਲ ਹੜਤਾਲ ਦੇ ਮੁੱਦਿਆਂ ਤੇ ਸਹਿਮਤੀ ਬਣੀ ਹੈ। ਜਿਸ ਕਾਰਨ ਅੱਜ ਤੋਂ ਇਹ ਹੜਤਾਲ ਖਤਮ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਡਾਕਟਰਾਂ ਵੱਲੋਂ ਸੋਮਵਾਰ ਅਤੇ ਮੰਗਲਵਾਰ ਵਾਲੇ ਦਿਨ ਦੋ ਦੋ ਘੰਟੇ ਵੱਧ ਡਿਊਟੀ ਦੇ ਕੇ ਮਰੀਜ਼ਾਂ ਦੇ ਹੋਏ ਨੁਕਸਾਨ ਦੀ ਭਰਭਾਈ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਦੇ ਵਿੱਚ ਜਿਆਦਾਤਰ ਮੁੱਦਿਆਂ ਤੇ ਸਹਿਮਤੀ ਬਣੀ ਹੈ। ਜਿਸ ਤੋਂ ਬਾਅਦ ਇਹ ਹੜਤਾਲ ਖਤਮ ਕੀਤੀ ਗਈ ਹੈ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਦੀ ਪਿਛਲੀ ਸਰਕਾਰ ਵੱਲੋਂ ਨੌਕਰੀ ਅਤੇ ਭੱਤਿਆਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਉਲਝਣਾਂ ਖੜੀਆਂ ਕੀਤੀਆਂ ਗਈਆਂ ਸਨ। ਜਿਨਾਂ ਦਾ ਹੱਲ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰਾਂ ਦੀ ਹੜਤਾਲ ਦੇ ਖਤਮ ਹੋਣ ਤੋਂ ਬਾਅਦ ਹੁਣ ਮਰੀਜ਼ਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਡਾਕਟਰਾਂ ਵੱਲੋਂ ਤਨਖਾਹਾਂ ਦੇ ਵਾਧੇ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਲਗਾਤਾਰ ਮੈਡੀਕਲ ਸਟਾਫ ਅਤੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਮੰਗ ਕੀਤੀ ਜਾ ਰਹੀ ਸੀ, ਜਿਸ ਵਿੱਚ ਹਸਪਤਾਲਾਂ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਭਰਤੀ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਸ਼ਾਮਿਲ ਹੈ। ਡਾਕਟਰਾਂ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਦੇ ਵਿੱਚ ਨਵੇਂ ਡਾਕਟਰਾਂ ਦੀਆਂ ਭਰਤੀਆਂ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨਾਲ ਅੱਜ ਹੋਈ ਇਸ ਮੀਟਿੰਗ ਤੋਂ ਬਾਅਦ ਡਾਕਟਰਾਂ ਦੀਆਂ ਜਿਆਦਾਤਰ ਮੰਗਾਂ ਨੂੰ ਲੈ ਕੇ ਸਰਕਾਰ ਨੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਜਿਸ ਦੇ ਵਿੱਚ ਡਾਕਟਰਾਂ ਦੀਆਂ ਤਨਖਾਹਾਂ ਨਵੀਆਂ ਭਰਤੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਤੈਨਾਤੀ ਦੀਆਂ ਮੰਗਾਂ ਸ਼ਾਮਿਲ ਹਨ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਡਾਕਟਰਾਂ ਅਤੇ ਮੈਡੀਕਲ ਸਟਾਫ ਵੱਲੋਂ ਸੂਬੇ ਭਰ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ 10 ਸਤੰਬਰ ਨੂੰ ਡਾਕਟਰਾਂ ਵੱਲੋਂ ਕੀਤੀ ਗਈ ਸੀ। ਲਗਾਤਾਰ ਹੋਈ ਇਸ ਹੜਤਾਲ ਨੂੰ ਡਾਕਟਰਾਂ ਨੇ ਤਿੰਨ ਪੜਾਅ ਦੇ ਵਿੱਚ ਵੰਡਿਆ ਸੀ। ਪਹਿਲੇ ਪੜਾਅ ਦੇ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਜਦ ਕਿ ਦੂਜੇ ਪੜਾ ਦੇ ਵਿੱਚ ਮੁਕੰਮਲ ਤੌਰ ਤੇ ਪੂਰਾ ਦਿਨ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਤੀਜੇ ਪੜਾਅ ਦੇ ਵਿੱਚ ਜੋ ਕਿ ਦੋ ਦਿਨ ਚੱਲਿਆ, ਉਸਦੇ ਵਿੱਚ ਮੁਕੰਮਲ ਤੌਰ ਤੇ ਪੂਰਾ ਦਿਨ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ, ਇਸ ਦੌਰਾਨ ਡਾਕਟਰਾਂ ਵੱਲੋਂ ਚੈੱਕ ਅਪ ਨਹੀਂ ਕੀਤੇ ਗਏ ਸਿਰਫ ਐਮਰਜਂਸੀ ਸੇਵਾਵਾਂ ਹੀ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਵੀਵੀਆਈਪੀ ਡਿਊਟੀਆਂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਮੈਡੀਕਲ ਸਟਾਫ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਕਲ ਰਿਪੋਰਟ ਵੀ ਨਹੀਂ ਤਿਆਰ ਕੀਤੀ ਗਈ। ਡਾਕਟਰਾਂ ਦੀ ਇਸ ਹੜਤਾਲ ਦਾ ਵਿਆਪਕ ਪੱਧਰ ਤੇ ਸੂਬੇ ਭਰ ਵਿੱਚ ਅਸਰ ਦੇਖਣ ਨੂੰ ਮਿਲਿਆ ਸੀ। ਜਿਸ ‘ਤੇ ਆਖਰ ਸਰਕਾਰ ਨੇ ਦਬਾਅ ਵਿੱਚ ਆਉਂਦਿਆਂ ਡਾਕਟਰਾਂ ਦੀਆਂ ਮੰਗਾਂ ਮੰਨਣ ‘ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਮੰਨੀਆਂ ਗਈਆਂ ਮੰਗਾਂ ਦੇ ਵਿੱਚ ਡਾਕਟਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਨਵੇਂ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਭਰਤੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਸੀਸੀਟੀਵੀ ਕੈਮਰਿਆਂ ਨੂੰ ਇੰਸਟਾਲ ਕਰਨਾ ਸ਼ਾਮਿਲ ਹੈ।