ਅਕਾਲੀ ਦਲ ਨੇ ਆਪ ਸਰਕਾਰ ਵੱਲੋਂ ਲਏ ਗੈਰ ਸੰਵਿਧਾਨਕ ਫੈਸਲਿਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਮੰਗੀ

ਚੰਡੀਗੜ੍ਹ, 13 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਏ ਗੈਰ ਸੰਵਿਧਾਨਕ ਫੈਸਲਿਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਸੰਵਿਧਾਨਕ ਵਿਵਸਥਾ ਢਹਿ ਢੇਰੀ  ਹੋ ਗਈ ਹੈ ਜਿਸ ਕਾਰਨ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅੱਜ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਸੰਵਿਧਾਨ ਮੁਤਾਬਕ ਕੰਮ ਕਰਨ ਦੀ ਥਾਂ ਆਪਣੇ ਮਨ ਦੀ ਮੌਜ ਮੁਤਾਬਕ ਕੰਮ ਕਰ ਰਹੇ ਹਨ। ਉਹਨਾਂ ਨੇ ਆਪ ਸਰਕਾਰ ਵੱਲੋਂ ਲਏ ਗਲਤ ਫੈਸਲਿਆਂ ਦਾ ਜ਼ਿਕਰ ਵੀ ਇਸ ਵਿਚ ਕੀਤਾ ਹੈ। ਉਹਨਾਂ ਕਿਹਾ ਕਿ ਦੋ ਲੱਖ ਅਨੁਸੂਚਿਤ ਜਾਤੀ ਦੇ ਬੱਚਿਆਂ ਨੂੰ ਸਕਾਲਰਸ਼ਿਪ ਨਾ ਦੇਣਾ, ਆਪ ਪਾਰਟੀ ਦੇ ਆਗੂ ਨੂੰ ਉਸ ਖਿਲਾਫ ਪੈਂਡਿੰਗ ਸ਼ਿਕਾਇਤਾਂ ਦੇ ਬਾਵਜੂਦ ਪੰਜਾਬ ਸੂਚਨਾ ਤੇ ਸੰਚਾਰ ਤੇ ਤਕਨਾਲੋਜੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰਨਾ, ਇਕ ਪ੍ਰਾਈਵੇਟ ਵਿਅਕਤੀ ਨਵਲ ਅਗਰਵਾਲ ਦਾ ਸਰਕਾਰੀ ਮੀਟਿੰਗਾਂ ਵਿਚ ਸ਼ਾਮਲ ਹੋਣਾ ਅਤੇ ਸਰਕਾਰ ਵੱਲੋਂ ਛਪਵਾਏ ਇਸ਼ਤਿਹਾਰਾਂ ਦੇ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰਨਾ ਤੇਹੋਰ  ਮੁੱਦੇ ਇਹਨਾਂ ਗਲਤ ਫੈਸਲਿਆਂ ਵਿਚ ਸ਼ਾਮਲ ਹਨ। ਡਾ. ਦਲਜੀਤ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੂੰ ਸੰਵਿਧਾਨ ਦੇ ਦਾਇਰੇ ਵਿਚਰਹਿ  ਕੇ ਰਾਜਪਾਲ ਵੱਲੋਂ ਮੰਗੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜਪਾਲ ਨੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਕਈ ਸੰਵੇਦਨਸ਼ੀਲ ਮਾਮਲਿਆਂ ਨੂੰ ਛੂਹਿਆ ਹੈ ਅਤੇ ਮੁੱਖ ਮੰਤਰੀ ਨੂੰ ਢੁਕਵਾਂ ਜਵਾਬ ਦੇਣ ਤੋਂ ਨਹੀਂ ਭੱਜਣਾ ਚਾਹੀਦਾ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਗਲਤ ਕੰਮਾਂ ਨੂੰ ਖਤਮ ਕਰਨ ਵਾਸਤੇ ਅਜਿਹਾ ਕਰਨਾ ਵੀ ਲਾਜ਼ਮੀ ਹੈ ਤਾਂ ਜੋ ਇਹਨਾਂ ਕੁਰਹਿਤਾਂ ਲਈ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਵੀ ਹਮੇਸ਼ਾ ਸੰਘੀ ਢਾਂਚੇ ਦਾ ਮੁੱਦਈ ਰਿਹਾ ਹੈ ਪਰ ਉਹ ਆਪ ਸਰਕਾਰ ਦੇ ਰਾਜ ਵਿਚ ਭ੍ਰਿਸ਼ਟਾਚਾਰ ਤੇ ਕੁਪ੍ਰਸ਼ਾਸਨ ਬਰਦਾਸ਼ਤ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਇਹ ਦੱਸਣ ਵਿਚ ਨਾਕਾਮ ਰਹੀ ਹੈ ਕਿ ਉਸਨੇ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਵੇਲੇ ਸੈਂਕੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਿਉਂ ਕੀਤੇ ? ਉਹਨਾਂ ਕਿਹਾ ਕਿ ਸਰਕਾਰ ਇਹ ਵੀ ਦੱਸਣ ਵਿਚ ਨਾਕਾਮ ਰਹੀ ਹੈ ਕਿ ਇਕ ਪ੍ਰਾਈਵੇਟ ਵਿਅਕਤੀ ਕੈਬਨਿਟ ਮੀਟਿੰਗਾਂ ਵਿਚ ਕਿਵੇਂ ਬੈਠ ਸਕਦਾ ਹੈ ਤੇ ਇਸ ਨਾਲ ਸੂਬੇ ਦੇ ਗੁਪਤ ਭੇਦਾਂ ਨਾਲ ਸਮਝੌਤਾਂ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਐਸ ਸੀ ਸਕਾਲਰਸ਼ਿਪ ਦਾ ਪੈਸਾ ਜਾਰੀ ਨਾ ਹੋਣਾ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਤੇ ਸਾਡੀ ਭਵਿੱਖੀ ਪੀੜੀ ਨਾਲ ਇਹ ਕੋਝਾ ਮਜ਼ਾਕ ਹੈ। ਉਹਨਾਂ ਕਿਹਾ ਕਿ ਅਸੀਂ ਇਸ ਅਨਿਆਂ ਦੇ ਖਿਲਾਫ ਚੁੱਪ ਰਹਿ ਕੇ ਤੇ ਮੂਕ ਦਰਸ਼ਨ ਬਣ ਕੇ ਨਹੀਂ ਰਹਿ ਸਕਦੇ।