ਨਾਮ |
ਅਰਜਣ ਦੇਵ, ਪੰਜਵਾਂ ਗੁਰੂ । |
ਜਨਮ ਮਿਤੀ |
15 ਅਪ੍ਰੈਲ 1563 ਈਸਵੀ । |
ਜਨਮ ਸਥਾਨ |
ਗੋਇੰਦਵਾਲ ਸਾਹਿਬ, ਜ਼ਿਲ੍ਹਾ |
ਮਾਤਾ ਦਾ ਨਾਮ |
ਬੀਬੀ ਭਾਨੀ ਜੀ । |
ਪਿਤਾ ਦਾ ਨਾਮ |
ਗੁਰੂ ਰਾਮਦਾਸ ਜੀ । |
ਸ਼ਾਦੀ ਦੀ ਮਿਤੀ |
15 ਜੂਨ 1595 ਈਸਵੀ । |
ਸ਼ਾਦੀ ਸਥਾਨ |
ਪਿੰਡ ਮੌ ਸਾਹਿਬ, ਤਹਿ. ਫਿਲੌਰ ( ਜਲੰਧਰ ) |
ਪਤਨੀ ਦਾ ਨਾਮ |
ਮਾਤਾ ਗੰਗਾ ਜੀ । |
ਪੁੱਤਰ ਦਾ ਨਾਮ |
ਹਰਿ ਗੋਬਿੰਦ । |
ਸ਼ਹੀਦੀ ਦੀ ਮਿਤੀ |
16 ਮਈ 1606 |
ਸ਼ਹੀਦੀ ਸਥਾਨ |
ਡੇਹਰਾ ਸਾਹਿਬ, ਪਾਕਿਸਤਾਨ । |
ਮੁੱਢਲਾ ਜੀਵਨ :
ਗੁਰੂ ਅਰਜਣ ਦੇਵ ਜੀ ਦਾ ਪ੍ਰਕਾਸ਼ ਗੁਰੂ ਨਾਨਕ ਜੀ ਦੀ ਗੁੱਦੀ ਦੇ ਚੌਥੇ ਗੁਰੂ ਸਾਹਿਬਾਨ ਗੁਰੂ ਰਾਮਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਮਾਤਾ ਬੀਬੀ ਭਾਨੀ ਜੀ ਦੀ ਕੁੱਖ ਤੋਂ 15 ਅਪ੍ਰੈਲ 1563 ਈਸਵੀ ਨੂੰ ਹੋਇਆ । ਗੁਰੂ ਅਮਰਦਾਸ ਜੀ ਦਾ ਆਪਣੇ ਦੋਹਤੇ ਅਰਜਣ ਦੇਵ ਨਾਲ ਡਾਹਢਾ ਸਨੇਹ ਅਤੇ ਪਿਆਰ ਸੀ । ਆਪ ਜੀ ਨੇ ਆਪਣੀ ਬਾਲ ਅਵਸਥਾ ਦਾ ਬਹੁਤਾ ਸਮਾ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦੀ ਵਿੱਚ ਖੇਡਦਿਆਂ ਗੁਜ਼ਾਰਿਆ । ਗੁਰੂ ਸਾਹਿਬ ਨੇ ਬਚਪਨ ਦੇ ਮੁਢਲੇ 11 ਸਾਲ ਨਾਨਾ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਗੁਜ਼ਾਰਦਿਆਂ ਗੁਰਮੁੱਖੀ ਦੀ ਵਿੱਦਿਆ ਪ੍ਰਾਪਤੀ ਕਰਨ ਦੇ ਨਾਲ-ਨਾਲ ਨਾਨਾ ਜੀ ਦੀ ਗੋਦੀ ਵਿੱਚ ਬੈਠਿਆਂ ਪ੍ਰਤਾਪੀ ਹੋਣ ਦਾ ਵਰ ਵੀ ਪ੍ਰਾਪਤ ਕੀਤਾ ਸੀ । ਗੋਇੰਦਵਾਲ ਸਾਹਿਬ ਵਿਖੇ ਆਪਣਾ ਬਚਪਨ ਹੰਢਾਉਂਦੇ ਹੋਏ ਗੁਰੂ ਜੀ ਨੇ ਪਿੰਡ ਦੀ ਧਰਮਸ਼ਾਲਾ ਵਿੱਚੋਂ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਸੀ । ਉਹਨਾਂ ਨੇ ਪ੍ਰਸਿੱਧ ਵਿਦਵਾਨ ਪੰਡਿਤ ਬੇਣੀ ਜੀ ਪਾਸੋਂ ਸੰਸਕ੍ਰਿਤ ਸਿੱਖੀ ਅਤੇ ਗਣਿਤ ਵਿੱਦਿਆ ਦੀ ਮੁਹਾਰਤ ਆਪਣੇ ਮਾਮਾ ਮੋਹਰੀ ਜੀ ਪਾਸੋਂ ਗ੍ਰਹਿਣ ਕੀਤੀ । ਇਸ ਤਰਾਂ ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਧਿਆਨ ਲਗਾਉਣ ਦੀ ਵਿਧੀ ਆਪ ਜੀ ਨੇ ਆਪਣੇ ਮਾਮਾ, ਬਾਬਾ ਮੋਹਣ ਜੀ ਪਾਸੋਂ ਸਿੱਖੀ ਸੀ ।
ਗੁਰੂ ਅਰਜਣ ਦੇਵ ਜੀ ਦਾ ਵਿਆਹ 16 ਸਾਲਾਂ ਦੀ ਆਯੂ ਵਿੱਚ 15 ਜੂਨ 1595 ਈਸਵੀ ਨੂੰ ਪਿਤਾ ਸ਼੍ਰੀ ਕਿਸ਼ਨ ਚੰਦ ਜੀ ਦੇ ਘਰ ਪਿੰਡ ਮੌ ਸਾਹਿਬ ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ, ਪੰਜਾਬ ਵਿਖੇ ਮਾਤਾ ਗੰਗਾ ਜੀ ਨਾਲ ਹੋਇਆ । ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਲਈ ਹਰ ਰੋਜ਼ ਆਪਣੇ ਹੱਥੀਂ ਸ਼ਰਧਾ-ਭਾਵਨਾ ਨਾਲ ਪਰਸ਼ਾਦਾ ਤਿਆਰ ਕਰਕੇ ਬੀੜ ਸਾਹਿਬ ਲੈ ਕੇ ਜਾਇਆ ਕਰਦੀ ਸੀ । ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਦੀ ਸ਼ਰਧਾ-ਭਾਵਨਾ ਦੇਖ ਕੇ ਬਹੁਤ ਪ੍ਰਸੰਨ ਹੋਇਆ ਕਰਦੇ ਸਨ । ਇੱਕ ਦਿਨ ਮਾਤਾ ਗੰਗਾ ਜੀ ਨੇ ਆਪਣੇ ਮਨ ਦੀ ਭਾਵਨਾ ਬਾਬਾ ਬੁੱਢਾ ਜੀ ਅੱਗੇ ਰੱਖੀ । ਮਾਤਾ ਜੀ ਨੇ ਬਾਬਾ ਬੁੱਢਾ ਜੀ ਅੱਗੇ ਪੁੱਤਰ ਪ੍ਰਾਪਤੀ ਲਈ ਆਪਣੀ ਇੱਛਾ ਜਾਹਿਰ ਕੀਤੀ । ਪ੍ਰਸੰਨ ਚਿੱਤ ਹੋ ਕੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰਦਾਨ ਦਿੱਤਾ । ਇਸ ਤਰਾਂ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਮਾਤਾ ਗੰਗਾ ਜੀ ਨੂੰ 19 ਜੂਨ 1595 ਈਸਵੀ ( 21 ਹਾੜ੍ਹ 1652 ਸੰਮਤ ) ਨੂੰ ਅਰਜਣ ਦੇਵ ਦਾ ਜਨਮ ਹੋਇਆ ।
ਗੁਰੂ ਅਰਜਣ ਦੇਵ ਜੀ ਨੂੰ ਗੁਰਿਆਈ :
ਗੁਰੂ ਅਮਰਦਾਸ ਦਾ ਆਪਣੇ ਦੋਹਤੇ ਅਰਜਣ ਦੇਵ ਨਾਲ ਅੰਤਾਂ ਦਾ ਪਿਆਰ ਅਤੇ ਸਨੇਹ ਸੀ । ਇਸ ਕਾਰਨ ਗੁਰੂ ਸਾਹਿਬ ਦਾ ਸਾਰਾ ਬਚਪਨ ਆਪਣੇ ਨਾਨਾ ਜੀ ਗੁਰੂ ਅਮਰਦਾਸ ਜੀ ਦੇ ਦੇਖ-ਰੇਖ ਹੇਠ ਹੀ ਗੁਜ਼ਰਿਆ ਸੀ । ਆਪ ਜੀ ਨੇ ਗੁਰਮੁੱਖੀ ਆਪਣੇ ਨਾਨਾ ਗੁਰੂ ਅਮਰਦਾਸ ਜੀ ਪਾਸੋਂ ਸਿੱਖੀ ਹੋਣ ਕਾਰਨ ਆਪਣੇ ਨਾਨਾ ਜੀ ਪਾਸ ਰਹਿੰਦਿਆਂ ਹੀ ਆਪ ਜੀ ਦਾ ਗੁਰਬਾਣੀ ਨਾਲ ਵੀ ਨਾਲੋ-ਨਾਲ ਹੀ ਮੋਹ ਪੈ ਜਾਣਾ ਸੁਭਾਵਿਕ ਹੀ ਸੀ । ਬਚਪਨ ਵਿੱਚ ਹੀ ਆਪ ਜੀ ਦਾ ਗੁਰਬਾਣੀ ਨਾਲ ਇੰਨਾ ਪਿਆਰ ਦੇਖਕੇ ਨਾਨਾ ਗੁਰੂ ਅਮਰ ਦਾਸ ਨੇ “ ਦੋਹਿਤਾ ਬਾਣੀ ਕਾ ਬੋਹਿਥਾ “ ਉਚਾਰਿਆ । ਗੁਰੂ ਰਾਮਦਾਸ ਜੀ ਨੇ 1 ਸਤੰਬਰ 1581 ਈਸਵੀ ਨੂੰ ਜੋਤੀ ਜੋਤਿ ਸਮਾਉਣ ਦੇ ਦਿਨ ਆਪਣੇ ਸਭ ਤੋਂ ਛੋਟੇ ਸਪੁੱਤਰ ਅਰਜਣ ਦੇਵ ਦੇ ਆਪਣੇ ਧਰਮ ਪ੍ਰਤੀ ਲਗਨ ਅਤੇ ਪਿਆਰ, ਸੁਭਾਅ ਵਿੱਚ ਅਤਿ ਨਿਮਰਤਾ ਅਤੇ ਸਤਿਕਾਰ ਦੀ ਭਾਵਨਾ ਨੂੰ ਦੇਖਦਿਆਂ ਗੁਰਗੱਦੀ ਸੌਂਪਣ ਦਾ ਫੈਸਲਾ ਲੈ ਲਿਆ। ਪ੍ਰੰਤੂ ਅਰਜਣ ਦੇਵ ਦਾ ਵੱਡਾ ਭਰਾ ਗੁਰੂ ਰਾਮਦਾਸ ਜੀ ਦੇ ਇਸ ਫ਼ੈਸਲੇ ਦੇ ਵਿਰੁੱਧ ਸੀ ਅਤੇ ਉਸਨੇ ਇਸਦਾ ਡੱਟਕੇ ਵਿਰੋਧ ਕੀਤਾ । ਉਸਨੇ ਦਸਤਾਰਬੰਦੀ ਵੇਲੇ ਬਹੁਤ ਰੌਲਾ ਪਾਇਆ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਦਸਤਾਰਬੰਦੀ ਦਾ ਹੱਕ ਕੇਵਲ ਉਹੀ ਰੱਖਦਾ ਹੈ । ਉਹ ਇਹ ਸਮਝਦਾ ਸੀ ਕਿ ਜੇਕਰ ਬਰਾਦਰੀ ਵਿੱਚ ਦਸਤਾਰਬੰਦੀ ਉਸਦੇ ਹੋ ਜਾਂਦੀ ਹੈ ਤਾਂ ਉਹ ਗੁਰੂ ਬਣ ਹੀ ਜਾਵੇਗਾ । ਇਸ ਮੌਕੇ ਗੁਰੂ ਅਰਜਣ ਦੇਵ ਜੀ ਬਿਲਕੁਲ ਸ਼ਾਂਤ ਬੈਠੇ ਰਹੇ ਅਤੇ ਦਸਤਾਰਬੰਦੀ ਪਿਰਥੀਚੰਦ ਚੰਦ ਨੂੰ ਕਰ ਦਿੱਤੀ ਗਈ । ਮੌਕੇ ਤੇ ਭਾਵੇਂ ਦਸਤਾਰ ਪਿਰਥੀਚੰਦ ਨੂੰ ਬੰਨ੍ਹ ਦਿੱਤੀ ਸੀ ਪਰ ਉਸ ਸਮੇ ਹਾਜ਼ਰ ਸਾਰੀ ਸੰਗਤ ਨੇ ਪਿਰਥੀਚੰਦ ਨੂੰ ਆਪਣਾ ਗੁਰੂ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ । ਇਸ ਤਰਾਂ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦੀ ਤਿਲਕ ਰਸਮ ਕਰਵਾਈ ਗਈ । ਉਸ ਵਕਤ ਗੁਰੂ ਅਰਜਣ ਦੇਵ ਜੀ ਦੀ ਉਮਰ 18 ਵਰ੍ਹਿਆਂ ਦੀ ਸੀ । ਗੁਰੂ ਸਾਹਿਬ ਦਸਤਾਰਬੰਦੀ ਦੀ ਰਸਮ ੳਪਰੰਤ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਕੂਚ ਕਰ ਗਏ ।
ਗੁਰੂ ਅਰਜਣ ਦੇਵ ਦੀ ਸ਼ਹਾਦਤ :
ਗੁਰੂ ਅਰਜਣ ਦੇਵ ਜੀ ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸਨ ਜਿਨ੍ਹਾਂ ਨੂੰ ਗੁਰੂ ਪਿਤਾ ਦੇ ਨਾਲ-ਨਾਲ ਗੁਰੂ ਸੰਤਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸੀ । ਆਪ ਜੀ ਨੂੰ ਗੁਰਗੱਦੀ ਮਿਲਣ ਤੇ ਵੱਡੇ ਭਰਾਤਾ ਪਿਰਥੀਚੰਦ ਆਪ ਜੀ ਨਾਲ ਈਰਖਾ ਅਤੇ ਵੈਰ ਭਾਵਨਾ ਰੱਖਣ ਲੱਗ ਪਏ ਸਨ । ਇਸਦੇ ਚੱਲਦਿਆਂ ਪਿਰਥੀਚੰਦ ਦਾ ਪੁੱਤਰ ਮਿਹਰਬਾਨ “ ਨਾਨਕ “ ਨਾਮ ਤਹਿਤ ਕੱਚੀ ਬਾਣੀ ਦੀ ਰਚਨਾ ਕਰਕੇ ਬਾਣੀ ਵਿੱਚ ਦਰਜ ਕਰਨ ਲੱਗ ਪਿਆ ਜੋ ਕਿ ਸਿੱਖੀ ਸਿਧਾਂਤ ਦੇ ਬਿੱਲਕੁੱਲ ਵਿਪਰੀਤ ਸੀ ਅਤੇ ਸਿੱਖੀ ਨੂੰ ਢਾਹ ਲਾਉਣ ਦਾ ਕੋਝਾ ਯਤਨ ਸੀ । ਆਪ ਜੀ ਨੇ ਗੁਰੂ ਸਾਹਿਬਾਨਾਂ ਦੀ ਰਚੀ ਬਾਣੀ ਵੀ ਪਵਿੱਤਰਤਾ ਅਤੇ ਮਹਾਨਤਾ ਦੀ ਬਹਾਲੀ ਨੂੰ ਮੁੱਖ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦੀ ਸੋਚ ਲਈ । ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਮੇਤ ਆਪਣੇ ਦੁਆਰਾ ਰਚੀ ਬਾਣੀ ਤੋਂ ਇਲਾਵਾ 15 ਭਗਤਾਂ, 11 ਭੱਟਾਂ ਅਤੇ ਗੁਰੂ-ਘਰ ਵੇ 4 ਨਿਕਟਵਰਤੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਬਗੈਰ ਕਿਸੇ ਨਾਲ ਭੇਦਭਾਵ ਕੀਤਿਆਂ ਸੁਰੱਖਿਅਤ ਕਰ ਦਿੱਤੀ । ਪ੍ਰੰਤੂ ਉਸ ਸਮੇ ਕੁਝ ਹੋਰਨਾਂ ਰਚਨਾਵਾਂ ਨੂੰ ਸਿੱਖੀ ਸਿਧਾਂਤਾਂ ਦੀ ਕਸੌਟੀ ਤੇ ਪੂਰੀਆਂ ਨਾ ਉੱਤਰ ਰਹੀਆਂ ਹੋਣ ਕਾਰਨ ਗ੍ਰੰਥ ਸਾਹਿਬ ਵਿੱਚ ਜਗ੍ਹਾ ਨਹੀਂ ਦਿੱਤੀ ਸਕੀ । ਜਿਹੜੀਆਂ ਰਚਨਾਵਾਂ ਨੂੰ ਗ੍ਰੰਥ ਸਾਹਿਬ ਵਿੱਚ ਜਗ੍ਹਾ ਨਹੀਂ ਦਿੱਤੀ ਉਹ ਰਚਨਾਵਾਂ ਪੀਲੂ, ਛੱਜੂ ਭਗਤ, ਸ਼ਾਹ ਹੁਸੈਨ ਅਤੇ ਚੰਦੂ ਦੇ ਤਾਏ ਦੇ ਪੁੱਤਰ ਕਾਨ੍ਹਾ ਭਗਤ ਦੀਆਂ ਸਨ । ਗੁਰੂ ਅਰਜਣ ਦੇਵ ਜੀ ਦੇ ਗੁਰੂਕਾਲ ਸਮੇ ਫਿਰਕੂ ਮੌਲਾਣਿਆਂ ਦਾ ਬਹੁਤ ਹੀ ਜਿਆਦਾ ਦਬਦਬਾ ਸੀ ਜੋ ਕਿ ਸਿੱਖ ਧਰਮ ਨਾਲ ਡਾਹਢੀ ਈਰਖਾ ਕਰਦੇ ਸਨ । ਜਹਾਂਗੀਰ ਉਸ ਵੇਲੇ ਦਾ ਕੱਟੜ ਮੁਗਲ ਹੁਕਮਰਾਨ ਸੀ ਅਤੇ ਉਸਨੇ ਗੁਰੂ ਜੀ ਨੂੰ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀਆਂ ਸਿਫ਼ਤਾਂ ਅਤੇ ਖ਼ੁਸ਼ਾਮਦ ਦਰਜ ਕਰਨ ਦਾ ਹੁਕਮ ਦੇ ਦਿੱਤਾ ਜਿਸਨੂੰ ਗੁਰੂ ਜੀ ਨੇ ਨਿੱਡਰਤਾ ਨਾਲ ਸਿਰੇ ਤੋਂ ਹੀ ਨਕਾਰ ਦਿੱਤਾ । ਵਿਰੋਧੀਆਂ ਨੇ ਜਹਾਂਗੀਰ ਦੀ ਹੁਕਮ ਅਦੂਲੀ ਹੋਣ ਦੀ ਗੱਲ ਆਖਕੇ ਗੁਰੂ ਜੀ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਗੁਰੂ ਜੀ ਦੇ ਵਿਰੋਧੀਆਂ ਵਿੱਚੋਂ ਉਸ ਸਮੇ ਚੰਦੂ ਸਾਰਿਆਂ ਤੋਂ ਮੋਹਰੀ ਸੀ । ਚੰਦੂ ਗੁਰੂ ਜੀ ਨਾਲ ਦਿਲੋਂ ਈਰਖਾ ਕਰਦਾ ਸੀ ਕਿਉਂਕਿ ਗੁਰੂ ਸਾਹਿਬ ਨੇ ਚੰਦੂ ਦੀ ਧੀ ਨਾਲ ਸ਼ਾਦੀ ਰਚਾਉਣ ਤੋਂ ਇਨਕਾਰ ਕਰ ਦਿੱਤਾ ਸੀ । ਇਸ ਲਈ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਗੁਰੂ ਅਰਜਣ ਦੇਵ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਸੀ । ਇਸਤੋਂ ਇਲਾਵਾ ਉਸ ਸਮੇ ਦੀ ਧਾਰਮਿਕ ਕੱਟੜਤਾ, ਸਮਾਜਕ ਅਸਮਾਨਤਾ ਅਤੇ ਅਨਿਆਂ ਆਦਿ ਬੁਰਾਈਆਂ ਗੁਰੂ ਜੀ ਦੀ ਸ਼ਹਾਦਤ ਦਾ ਦੂਸਰਾ ਮੁੱਖ ਕਾਰਨ ਸਨ । ਇਸੇ ਲਈ ਜਹਾਂਗੀਰ ਮੌਕੇ ਦੀ ਤਾਕ ਵਿੱਚ ਸੀ ਕਿ ਕਦੋਂ ਉਸਨੂੰ ਕੋਈ ਮੌਕਾ ਮਿਲੇ ਕਿ ਉਹ ਗੁਰੂ ਜੀ ਤੋਂ ਅਪਣਾ ਬਦਲਾ ਲੈ ਸਕੇ ਅਤੇ ਸਿੱਖੀ ਦੀ ਵੱਧ ਰਹੀ ਹੋਂਦ ਨੂੰ ਕੁਚਲ ਸਕੇ । ਇਸ ਗੱਲ ਦਾ ਜ਼ਿਕਰ ਉਸਨੇ ਆਪਣੀ ਸਵੈਜੀਵਨੀ “ ਤੁਜਕੇ ਜਹਾਂਗੀਰੀ “ ਵਿੱਚ ਵੀ ਕੀਤਾ ਹੋਇਆ ਹੈ । ਮੁਗਲ ਹਾਕਮ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਨ ਵੇਲੇ ਅਨੇਕਾਂ ਹੀ ਅਕਹਿ ਅਤੇ ਅਸਹਿ ਤਸੀਹੇ ਦਿੱਤੇ। ਗੁਰੂ ਜੀ ਨੇ ਜਬਰ ਅਤੇ ਜ਼ੁਲਮ ਦੀ ਅੱਤ ਸਹਾਰਦਿਆਂ ਤੱਤੀ ਤਵੀ ਸੁੱਤੇ ਚੌਂਕੜਾ ਮਾਰ ਲਿਆ, ਆਪਣੇ ਸਰੀਰ ਉੱਤੇ ਤੱਤੀ ਰੇਤ ਪਵਾ ਲਈ । ਪਰ ਉਹਨਾਂ ਨੇ ਮੁੱਖੋਂ ਸਿਰਫ “ ਤੇਰਾ ਭਾਣਾ ਮੀਠਾ ਲਾਗੇ “ ਦਾ ਉਚਾਰਣ ਕਰਦੇ ਹੋਏ ਜਬਰ ਅਤੇ ਜ਼ੁਲਮ ਅੱਗੇ ਆਪਣਾ ਸੀਸ ਨਹੀਂ ਝੁਕਾਇਆ । ਗੁਰੂ ਜੀ 30 ਮਈ 1606 ਈਸਵੀ ਨੂੰ ਸਿੱਖੀ ਦੀ ਸ਼ਾਨ ਬਹਾਲ ਰੱਖਦਿਆਂ ਸ਼ਹਾਦਤ ਦਾ ਪਿਆਲਾ ਪੀ ਗਏ ।