ਝੂੰਮਰ ਇਸਤਰੀਆਂ ਅਤੇ ਮਰਦਾਂ ਦਾ ਸਾਂਝਾ ਲੋਕ-ਨਾਚ ਹੈ । ਖੁਸ਼ੀ ਵਿੱਚ ਝੂਮ-ਝੂਮ ਕੇ ਨੱਚਣ ਵਾਲੇ ਇਸ ਨਾਚ ਦਾ ਨਾਂ ਝੂਮਰ ਨਾਚ ਪਿਆ । ਪਾਕਿਸਤਾਨ ਵਿੱਚ ਪੈਂਦਾ ਸਾਂਦਲਬਾਰ ਦਾ ਇਲਾਕਾ ਇਸ ਨਾਚ ਦਾ ਅਸਲ ਜਨਮ-ਦਾਤਾ ਹੈ । ਇਹ ਨਾਚ ਇਥੇ ਮਰਦਾਂ ਦੇ ਲੋਕ-ਨਾਚ ਨਾਲ ਜਾਣਿਆਂ ਜਾਂਦਾ ਹੈ । ਸਾਂਦਲਬਾਰ ਵਿੱਚ ਟੋਭਾ ਟੇਕ ਸਿੰਘ, ਸੇਖੂਪੁਰਾ, ਮਿੰਟਗੁਮਰੀ, ਫੈਸਲਾਬਾਦ, ਝੰਗ ਆਦਿ ਜ਼ਿਲ੍ਹੇ ਪਾਏ ਜਾਂਦੇ ਹਨ । ਇਤਿਹਾਸਕਾਰਾਂ ਅਨੁਸਾਰ ਪੂਰਵ ਕਾਲ ਵਿੱਚ ਇਸ ਇਲਾਕੇ ਵਿੱਚ ਜੰਗਲ਼ ਹੋਇਆ ਕਰਦੇ ਸਨ । ਇਸੇ ਕਰਕੇ ਇਸ ਖੇਤਰ ਦੇ ਲੋਕਾਂ ਨੂੰ ਜੰਗਲੀ ਜਾਂ ਜਾਂਗਲੀ ਲੋਕ ਵੀ ਕਿਹਾ ਜਾਂਦਾ ਸੀ । ਪ੍ਰੰਤੂ ਪਾਕਿਸਤਾਨ ਵਿੱਚ ਮੁਸਲੀ ਜਾਤੀ ਦੀਆਂ ਔਰਤਾਂ ਅਤੇ ਮਰਦ ਇਕੱਠੇ ਝੂੰਮਰ ਨਾਚ ਕਰਦੇ ਹਨ ।
ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਇਸ ਗੱਲ ਦਾ ਜਿਕਰ ਵੀ ਆਉਂਦਾ ਹੈ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਪ੍ਰਾਂਤਾਂ ਵਿੱਚ ਵੀ ਝੂੰਮਰ ਨਾਚ ਪ੍ਰਚਲਿਤ ਹਨ । ਪਰ ਤਕਨੀਕੀ ਪੱਖੋਂ ਇਹ ਪੰਜਾਬ ਦੇ ਝੂੰਮਰ ਨਾਚ ਤੋਂ ਵੱਖਰੇ ਹਨ । ਝੂੰਮਰ ਆਮ ਤੌਰ ਤੇ ਸਿਰਫ ਢੋਲ ਦੇ ਡੱਗੇ ਤੇ ਹੀ ਨੱਚਿਆ ਜਾਣ ਵਾਲਾ ਨਾਚ ਹੈ । ਪਰ ਫਿਰ ਵੀ ਪੇਸ਼ੇਵਰ ਲੋਕ ਇਸ ਨਾਚ ਵਿੱਚ ਢੋਲ ਦੇ ਨਾਲ ਹੋਰ ਵੀ ਸਾਜ ਜਿਵੇਂ ਕਿ ਤੂਤੀਆਂ, ਖੜਤਾਲਾਂ, ਚਿਮਟੇ, ਸ਼ਹਿਨਾਈਆਂ ਜਾਂ ਡਾਂਡੀਆਂ ਆਦਿ ਦੀ ਵੀ ਵਰਤੋਂ ਕਰਨ ਲੱਗ ਪਏ ਹਨ । ਝੂੰਮਰ ਪਾਉਣ ਸਮੇਂ ਝੂੰਮਰੀ ਢੋਲ ਵਜਾਉਣ ਵਾਲੇ ਢੋਲੀ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਹਨ । ਘੇਰਾ ਬਣਾ ਕੇ ਖੜ੍ਹੇ ਮਰਦ ਅਤੇ ਔਰਤਾਂ ਆਪਣਾ ਇੱਕ ਇੱਕ ਕਦਮ ਖੱਬੇ ਪਾਸਿਓਂ ਸੱਜੇ ਅਤੇ ਸੱਜੇ ਪਾਸਿਓਂ ਖੱਬੇ ਘੁਮਾਉਣ ਲੱਗਦੇ ਹਨ । ਉਹ ਸਾਰੇ ਇਸ ਮਗਰੋਂ ਪੂਰੇ ਘੁੰਮ ਜਾਂਦੇ ਹਨ । ਅਜਿਹਾ ਕਰਨ ਸਮੇਂ ਸਾਰੇ ਝੂੰਮਰੀ “ਛੂਹ-ਛਾਹ , ਛੂਹ-ਛਾਹ” ਦੀਆਂ ਇੱਕ ਲੈਅ ਵਿੱਚ ਅਵਾਜ਼ਾਂ ਵੀ ਕੱਢਦੇ ਹਨ । ਝੂੰਮਰ ਪਾਉਣ ਵਾਲੇ ਮਰਦ ਔਰਤਾਂ ਨਾਚ ਕਰਨ ਸਮੇ ਆਪਣੀਆਂ ਦੋਵੇਂ ਮੁੱਠੀਆਂ ਮੀਟ ਲੈਂਦੇ ਹਨ ਅਤੇ ਆਪਣੀਆਂ ਛਾਤੀਆਂ ਨਾਲ ਲਗਾ ਕੇ ਝਟਕਾਉਂਦੇ ਹੋਏ ਝੂੰਮਰ ਪਾਉਣਾ ਜਾਰੀ ਰੱਖਦੇ ਹਨ ਅਤੇ ਨਾਲ ਹੀ ਗੀਤ ਗਾਉਂਦੇ ਰਹਿੰਦੇ ਹਨ । ਢੋਲੀ ਦੀਆਂ ਜਿਉਂ-ਜਿਉਂ ਤਾਲਾਂ ਬਦਲਦੀਆਂ ਹਨ, ਤਿਉਂ-ਤਿਉਂ ਝੂੰਮਰ ਪਾਉਣ ਵਾਲੇ ਮਰਦ ਔਰਤਾਂ ਦੇ ਨਾਚ ਦੀ ਗਤੀ ਵਿੱਚ ਵੀ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ । ਇਹ ਸੁਰਤਾਲ ਸ਼ੁਰੂ-ਸ਼ੁਰੂ ਵਿੱਚ ਧੀਮੀ ਚਾਲ ਵਿੱਚ ਹੁੰਦਾ ਹੈ ਜੋ ਬਾਅਦ ਵਿੱਚ ਤੇਜ਼ ਅਤੇ ਹੋਰ ਤੇਜ਼ ਹੋਈ ਜਾਂਦਾ ਹੈ । ਇਸ ਤਰ੍ਹਾਂ ਆਖਿਰ ਝੂੰਮਰ-ਨਾਚ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ ।