ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਦੇ ਮਹਾਨ ਸ਼ਾਸ਼ਕਾਂ ਵਿੱਚੋਂ ਮੋਹਰੀ ਵਜੋਂ ਜਾਣੇ ਜਾਂਦੇ ਹਨ । ਉਹਨਾਂ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਸਿੱਖ ਜਾਂਬਾਜ਼ ਅਤੇ ਮਹਾਨ ਸੂਰਬੀਰ ਸਾਸ਼ਕ ਵਜੋਂ ਜਾਣਿਆਂ ਜਾਂਦਾ ਹੈ । ਆਪ ਸ਼ੁਕਰਚੱਕੀਆ ਮਿਸਲ ਦੇ ਜੱਥੇਦਾਰ ਮਹਾਂ ਸਿੰਘ ਦੇ ਸਪੁੱਤਰ ਸਨ ਅਤੇ ਉਹਨਾਂ ਦਾ ਇਲਾਕਾ ਲਹਿੰਦੇ ਪੰਜਾਬ ਦੇ ਗੁੱਜਰਾਂਵਾਲ਼ਾ ਦੇ ਆਸ-ਪਾਸ ਪੈਂਦਾ ਸੀ । ਆਪ ਦੇ ਪਿਤਾ ਜੱਥੇਦਾਰ ਮਹਾਂ ਸਿੰਘ ਦੀ ਸੰਨ 1792 ਈਸਵੀ ਵਿੱਚ ਮੌਤ ਹੋ ਜਾਣ ਬਾਅਦ ਸ਼ੁਕਰਾਚਾਰੀਆ ਮਿਸਲ ਦਾ ਰਾਜ-ਭਾਗ ਆਪ ਦੀ ਮਾਤਾ ਰਾਜ ਕੌਰ ਦੇ ਅਧੀਨ ਹੋ ਗਿਆ ਅਤੇ ਉਸਨੇ ਅੱਗੋਂ ਸਾਰਾ ਪ੍ਰਬੰਧਕੀ ਕੰਮ-ਕਾਜ ਸਰਦਾਰ ਲੱਖਪਤ ਰਾਏ ਨੂੰ ਸੌਂਪ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦਾ ਮਹਿਤਾਬ ਕੌਰ ਨਾਲ ਸੰਨ 1796 ਈਸਵੀ ਵਿੱਚ ਵਿਆਹ ਹੋਣ ਮਗਰੋਂ ਉਸਦੀ ਸੱਸ ਸਦਾ ਕੌਰ ਵੀ ਸ਼ੁੱਕਰਚੱਕੀਆ ਮਿਸਲ ਦੇ ਰਾਜ-ਪ੍ਰਬੰਧ ਵਿੱਚ ਰੁੱਚੀ ਲੈਣ ਲੱਗ ਪਈ । ਇਸ ਤਰਾਂ ਸ਼ੁੱਕਰਚੱਕੀਆ ਮਿਸਲ ਉੱਤੇ ਰਾਜ ਕੌਰ, ਸਦਾ ਕੌਰ ਅਤੇ ਸਰਦਾਰ ਲੱਖਪਤ ਰਾਏ ਤਿੰਨਾਂ ਦਾ ਰਾਜ ਪ੍ਰਬੰਧਨ ਕਾਇਮ ਰਿਹਾ। ਇਸ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ 17 ਸਾਲਾਂ ਦੀ ਉਮਰ ਹੋ ਜਾਣ ‘ਤੇ ਸੰਨ 1797 ਈਸਵੀ ਵਿੱਚ ਮਿਸਲ ਦਾ ਰਾਜ-ਪ੍ਰਬੰਧ ਆਪਣੇ ਹੱਥਾਂ ‘ਚ ਲੈ ਲਿਆ ।
ਸ਼ੁੱਕਰਾਚੱਕੀਆ ਮਿਸਲ ਦਾ ਸਾਸ਼ਕ ਬਣਨ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇਕੱਠਿਆਂ ਕਰਨ ਦਾ ਕੰਮ ਅਰੰਭਿਆ ਅਤੇ ਵਿਸਾਖੀ ਦੇ ਦਿਹਾੜੇ ਉੱਤੇ 12 ਅਪ੍ਰੈਲ 1801 ਈਸਵੀ ਨੂੰ ਗੱਦੀ-ਨਸ਼ੀਨ ਹੋ ਕੇ ਲਹੌਰ ਸ਼ਹਿਰ ਨੂੰ ਆਪਣੇ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ ਅਤੇ ਪੇਸ਼ਾਵਰ, ਮੁਲਤਾਨ, ਜੰਮੂ-ਕਸ਼ਮੀਰ ਅਤੇ ਅਨੰਦਪੁਰ ਸਮੇਤ ਕਾਂਗੜੇ ਤੱਕ ਦੇ ਪਹਾੜੀ ਇਲਾਕੇ ਨੂੰ ਸਰ ਕਰਕੇ ਆਪਣੇ ਰਾਜ-ਭਾਗ ਵਿੱਚ ਸ਼ਾਮਲ ਕੀਤਾ। ਇਸ ਤਰਾਂ ਸੰਨ 1802 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੀ ਸਲਤਨਤ ਵਿੱਚ ਸ਼ਾਮਲ ਕਰਕੇ ਹਰਿਮੰਦਰ ਸਾਹਿਬ ਵਿਖੇ ਸੰਗਮਰਮਰ ਅਤੇ ਸੋਨੇ ਦੀ ਸੇਵਾ ਕਰਵਾਈ ਜਿਸ ਕਰਕੇ ਹਰਿਮੰਦਰ ਸਾਹਿਬ ਸਾਰੀ ਦੁਨੀਆਂ ਵਿੱਚ ਗੋਲਡਨ ਟੈਂਪਲ” ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗ ਪਿਆ ।
ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਸਿੱਖਾਂ ਤੋਂ ਇਲਾਵਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਉੱਚ ਅਹੁਦੇ ਦੇ ਕੇ ਨਿਵਾਜਿਆ ਹੋਇਆ ਸੀ । ਉਹਨਾਂ ਦੇ ਰਾਜ ਵਿੱਚ ਹਰੇਕ ਨੂੰ ਬਰਾਬਰਤਾ ਦੇ ਹੱਕ ਮਿਲਦੇ ਸਨ ਅਤੇ ਹਰੇਕ ਨੂੰ ਨਿਆਂ ਮਿਲਦਾ ਸੀ । ਉਹਨਾਂ ਨੇ ਅੰਗਰੇਜ਼ਾਂ ਦੁਆਰਾ ਲਾਇਆ ਗਿਆ ‘ਜ਼ਜੀਆ ਟੈਕਸ’ ਖਤਮ ਕਰ ਦਿੱਤਾ । ਸੰਨ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਣ ਮਗਰੋਂ ਉਹਨਾਂ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਖਾਲਸਾ ਰਾਜ ਸੌਂਪਿਆ ਗਿਆ ਪਰ ਉਸਦੀ ਮੌਤ ਹੋਣ ਕਾਰਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤੇ ਵਿਸ਼ਾਲ ਰਾਜ-ਭਾਗ ਦਾ ਪਤਨ ਹੋਣਾ ਸ਼ੁਰੂ ਹੋ ਗਿਆ । ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਅੰਗਰੇਜ਼ਾਂ ਨੇ ਉਹਨਾਂ ਦੇ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬਾਲ ਅਵਸਥਾ ਵਿੱਚ ਮਾਤਾ ਰਾਜ ਕੌਰ ਤੋਂ ਖੋਹਕੇ ਇੰਗਲੈਂਡ ਲੈ ਗਏ ਅਤੇ ਮਾਤਾ ਰਾਜ ਕੌਰ ਤੋਂ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਵੱਖ ਕਰ ਦਿੱਤਾ । ਇਸ ਤਰਾਂ ਬ੍ਰਿਟਿਸ਼ ਹੁਕਮਰਾਨਾਂ ਨੇ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਅਨੁਸਾਰ ਮਾਂ ਨਾਲ਼ੋਂ ਪੁੱਤ ਨੂੰ ਅਲੱਗ ਕਰਕੇ 1849 ਈਸਵੀ ਨੂੰ ਪੰਜਾਬ ‘ਤੇ ਕਬਜ਼ਾ ਕਰ ਲਿਆ । ਇਸ ਪਿੱਛੋਂ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਦਾ 1853 ਈਸਵੀ ਨੂੰ ਧਰਮ ਪਰਿਵਰਤਨ ਕਰਕੇ ਸਿੱਖ ਤੋਂ ਇਸਾਈ ਬਣਾ ਦਿੱਤਾ । ਮਹਾਰਾਜਾ ਦਲੀਪ ਸਿੰਘ ਦੀ 23 ਅਕਤੂਬਰ 1893 ਈਸਵੀ ਨੂੰ ਮੌਤ ਹੋ ਗਈ ।