ਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ। ਭਾਈ ਮਰਦਾਨੇ ਲਈ ਪਹਾੜੀਆਂ ਦੀ ਸਰਦੀ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।
ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ਬਾਨੀ ਯਾਦ ਰਖਣਾ ਪੈਂਦਾ ਸੀ। ਉਹਨਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ ਆਪ ਬਹਿਲਾਉਣ ਲਈ, ਗਾਉਣਾ ਅਤੇ ਵਜਾਉਣਾ ਉਹਨਾਂ ਦਾ ਇੱਕ ਸ਼ੁਗਲ ਸੀ। ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ। ਗੁਰੂ ਗਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਂਨ ਸ਼ਬਦ ਦਰਜ ਹਨ। ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਹਨ: ਇਹ ਸ਼ਬਦ ਬਿਹਾਗੜੇ ਦੀ ਵਾਰ ਮਹਲਾ 4 ਨਾਲ ਦਰਜ ਹਨ
ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ, ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉੱਨ੍ਹੀਂ ਰਾਗਾਂ ਵਿੱਚ ਗਾਇਨ ਕੀਤੀ। ਸਲੋਕੁ ਮਰਦਾਨਾ 1।। ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।। ਕਰੋਧ ਕਟੋਰੀ ਮੀਹਿ ਭਰੀ ਪੀਲਾਵਾ ਅਹੰਕਾਰੁ।। ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।। ਕਰਣੀ ਲਾਹਣਿ ਸਤ ਗੁੜੁ ਸਚੁ ਸਰਾ ਕਰਿ ਸਾਰੁ।। ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸ ਆਹਾਰੁ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।।1।। ਮਰਦਾਨਾ 1।। ਕਾਇਆ ਲਾਹਣਿ ਆਪੁ ਮਦੁ ਮਜ਼ਲਸ ਤਰਿਸ਼ਨਾ ਧਾਤੁ।। ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।। ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।। ਗਿਆਨ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ।। ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ।। 2।। ਕਾਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।। ਸਤਸੰਗਤ ਸਿਉ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।। 3।। ਪਉੜੀ।। ਆਪੇ ਸੁਰਿ ਨਰ ਗਣ ਗੰਧਰਵਾ ਆਪੇ ਖਟ ਦਰਸਨ ਕੀ ਬਾਣੀ।। ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ।। ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ।। ਆਪੈ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ।। ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹਿ ਜਾਣੀ।। 12।। (ਬਿਹਾਗੜੇ ਦੀ ਵਾਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 553)
ਇਹ ਵੀ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਵਿਆਹੇ ਹੋਏ ਸਨ | ਪਰ ਇਹ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਇਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ| ਉਹਨਾਂ ਦੀ ਘੱਟੋ-ਘੱਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ | ਉਹਨਾਂ ਦਾ ਸਪੁੱਤਰ ਭਾਈ ਸਜਾਦਾ, ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਰਿਹਾ |
ਅੰਤਮ ਸਮਾਂ
ਭਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿੱਥੇ ਹੋਇਆ, ਇਸ ਬਾਰੇ ਵੀ ਅੰਤਮ ਫੈਸਲਾ ਲੈਣਾ ਮੁਸ਼ਕਲ ਹੈ | ਭਾਈ ਕਾਹਨ ਸਿੰਘ ਨੇ ਆਪ ਜੀ ਦਾ ਦੇਹਾਂਤ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰੱਮ ਦੇ ਕਿਨਾਰੇ ਹੋਣਾ ਦੱਸਿਆ ਹੈ, ਨਾਲ ਇਹ ਵੀ ਮੰਨਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਸਕਾਰ ਆਪ ਕੀਤਾ| ਇਸ ਕਥਨ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਲ ਹੈ ਕਿਉਂਕਿ ਸੰਮਤ 1591 ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ, ਉਹਨਾਂ ਦਾ ਸਸਕਾਰ ਲਈ ਮੁੜ ਅਫਗਾਨਿਸਤਾਨ ਜਾਣ ਦਾ ਉਲੇਖ ਕਿਧਰੇ ਨੀ ਮਿਲਦਾ | ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਦੇਹਾਂਤ ਕਰਤਾਰਪੁਰ ਵਿਖੇ, ਗੁਰੁ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੱਸਿਆ ਹੈ|
ਭਾਈ ਮਰਦਾਨਾ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ | ਭਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕੀਰਤਨੀਆਂ ਦਾ ਪ੍ੇਰਨਾ ਸ੍ੋਤ ਹੈ | ਭਾਈ ਜੇ ਦੇ ਤਿਆਗ ਅਤੇ ਨਿਸ਼ਕਾਮਤਾ - ਭਰੇ ਜੀਵਨ ਤੋਂ ਸਾਡੇ ਕੀਰਤਨੀ ਅਤੇ ਸਿੱਖ ਵੱਡੀ ਸਿੱਖਿਆ ਗ੍ ਹਿਣ ਕਰ ਸਕਦੇ ਹਨ |
ਬਾਬਾ ਸੁੰਦਰ ਜੀ (1560-1603 ਈ.)
ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ। ਆਪ ਦਾ ਜਨਮ 1560 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਬਾਬਾ ਅਨੰਦ ਜੀ ਦੇ ਘਰ ਹੋਇਆ। ਆਪ ਗੁਰੂ ਅਰਜਨ ਦੇਵ ਜੀ ਤੋਂ ਤਿੰਨ ਸਾਲ ਵੱਡੇ ਅਤੇ ਉਨ੍ਹਾਂ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਨੇ ਜੋ ਉਪਦੇਸ਼ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਤਾ, ਉਸ ਨੂੰ ਬਾਬਾ ਸੁੰਦਰ ਆਪਣੀ ‘ਸੱਦ’ ਬਾਣੀ ਵਿੱਚ ਲਿਖਿਆ ਹੈ। ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 923-24 ਤੇ ਦਰਜ ਹੈ। ‘ਮੱਦ’ ਦਾ ਅਰਥ ਹੈ “ਸੱਦਾ ਦੇਣਾ” ਅਤੇ ‘ਮਰਨ ਦਾ ਬੁਲਾਵਾ’ ਇਹ ਬਾਣੀ ਹਰ ਸਿੱਖ ਦੇ ਅਕਾਲ ਚਲਾਣ ਤੇ ਪੜ੍ਹੀ ਜਾਂਦੀ ਹੈ। ਬਾਬਾ ਸੁੰਦਰ ਜੀ ਦੇ ਕੇਵਲ 43 ਸਾਲ ਦੀ ਉਮਰ ਭੋਗ ਕੇ 1603 ਈ. ਵਿੱਚ ਪਰਲੋਕ ਸਿਧਾਰ ਗਏ। ਆਪ ਦੀ ‘ਸੱਦ’ ਬਾਣੀ ਇਨ੍ਹਾਂ ਪੰਕਤੀਆਂ ਨਾਲ ਆਰੰਭ ਹੁੰਦੀ ਹੈ।
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ।।
ਗੁਰੂ ਸ਼ਬਦ ਸਮਾਵਏ ਅਵਰੁ ਨਾ ਜਾਣੈ ਕੋਇ ਜੀਉ।।ਰਾਮਕਲੀ ਸੱਦ 923।।
ਅੱਗੇ ਜਾ ਕੇ ਭਾਣੇ ਅਤੇ ਰਜ਼ਾ ਨੂੰ ਖ਼ੁਸ਼ੀ ਖ਼ੁਸ਼ੀ ਪਰਵਾਨ ਕਰਨ ਦਾ ਜ਼ਿਕਰ ਹੈ:
ਮੇਰੇ ਸਿਖ ਸੁਣਹੁ ਪੁਤ ਭਾਈਹੋ, ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ।।
ਹਰਿ ਭਾਣੀ ਗੁਰ ਭਾਇਆ ਮੇਰਾ ਹਰਿ ਪ੍ਰਭੁ ਬਾਣਾ ਭਾਵਏ।।
ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲਿ ਮੇਲਾਵਏ।।
ਅਤੇ ਅੰਤਿਮ ਪੰਕਤੀਆਂ ਇਵੇਂ ਹਨ:
ਹਰਿ ਭਾਇਆ ਗੁਰ ਬੋਲਿਆ ਹਰਿ ਪੁਰਖ ਮਿਲਿਆ ਸੁਜਾਣੁ ਜੀਉ।।
ਰਾਮਦਾਸ ਸੋਢੀ ਤਿਲਕੁ ਦੀਆਂ ਗੁਰ ਸ਼ਬਦੁ ਸਚੁ ਨੀਸਾਣੁ ਜੀਉ।।
ਕਹੈ ਸੁੰਦਰ ਸੁਣਹੁ ਸੰਤਹੁ ਸਭੁ ਜਗਤ ਪੈਰੀ ਪਾਇ ਜੀਉ।।923।।
"ਉਹ ਸਾਰੇ ਜਹਾਨ ਦਾ ਸੁਆਮੀ ਤਿੰਨਾਂ ਜਹਾਨਾਂ ਵਿੱਚ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ। ਜੋ ਗੁਰੂ ਜੀ ਦੀ ਬਾਣੀ ਵਿੱਚ ਹੀ ਲੀਨ ਹੈ ਤੇ ਅਕਾਲ ਪੁਰਖ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦਾ ਅਤੇ ਉਸ ਦਾ ਹੀ ਨਾਮ ਜਪਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਅਮਰਦਾਸ ਜੀ ਨੇ ਉੱਚਾ ਰੁਤਬਾ ਪਾਇਆ। ਇਸੇ ਤਰ੍ਹਾਂ ਅੰਤ ਵਿੱਚ ਸੁੰਦਰ ਜੀ ਕਹਿੰਦੇ ਹਨ ਕਿ ਫਿਰ ਸਾਰਾ ਸੰਸਾਰ ਹੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਗੁਰੂ ਅਮਰਦਾਸ ਜੀ ਵਾਹਿਗੁਰੂ ਦੀ ਜੋਤੀ ਜੋਤ ਵਿੱਚ ਵਲੀਨ ਹੋ ਗਏ।"
ਰਾਇ ਬਲਵੰਡ
ਰਾਇ ਬਲਵੰਡ ਜੀ ਡੂਮ ਰਬਾਬੀ ਸਨ ਜੋ ਭਾਈ ਸੱਤੇ ਨਾਲ ਰਲ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ। ਬਲਵੰਡ ਜੀ ਬ੍ਰਜ ਭਾਸ਼ਾ ਦੇ ਉੱਘੇ ਕਵੀ ਸਨ। ਇਨ੍ਹਾਂ ਦੀ ਪ੍ਰਤਿਭਾ ਨੂੰ ਸਲਾਹੁੰਦਿਆਂ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ‘ਰਾਇ’ ਦਾ ਖ਼ਿਤਾਬ ਦਿੱਤਾ। ਪਟਿਆਲੇ ਵਾਲੀ ਜਨਮ ਸਾਖੀ ਅਨੁਸਾਰ, “ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਕੁਲ ਵਿਚੋਂ ਹੀ ਸਨ, ਇਨ੍ਹਾਂ ਦੋਵਾਂ ਨੇ ਰਲ ਕੇ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਵਾਰ ਲਿਖੀ, ਜਿਸ ਦੀਆਂ ਪਹਿਲੀਆਂ ਪੰਜ ਪੌੜੀਆਂ ਬਲਵੰਡ ਜੀ ਨੇ ਅਤੇ ਆਖ਼ਰੀ ਤਿੰਨ ਸੱਤਾ ਜੀ ਨੇ ਲਿਖੀਆਂ। ਬਲਵੰਡ ਨੇ ਪਹਿਲੇ ਦੋ ਗੁਰੂ ਸਾਹਿਬਾਨ ਦੀ ਤੇ ਸੱਤਾ ਜੀ ਨੇ ਅਗਲੇ ਤਿੰਨ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਸ਼ਬਦਾਂ ਦਾ ਗਾਇਣ ਕੀਤਾ।” ਰਾਮ ਕਲੀ ਕੀ ਵਾਰ ਬਲਵੰਡ ਜੀ ਨੇ ਭਾਈ ਸੱਤੇ ਨਾਲ ਰਲ ਕੇ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 ਤੋਂ 968 ਤੇ ਦਰਜ ਹੈ, ਜਿਸ ਦੀਆਂ ਕੁੱਝ ਪੰਕਤੀਆਂ ਇਸ ਤਰ੍ਹਾਂ ਹਨ:
ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਣੈ।।(966 ਅੰਗ)
ਲਹਨੇ ਪਰਿਓਨ ਛਤਰੁ ਸਿਰਿ ਕਰਿ ਸਿਫਤੀ ਅੰਮ੍ਰਿਤ ਪੀਵਦੈ।।
ਤੁਧੁ ਡਿਠੇ ਸਚੇ ਪਾਤਸਾਹਿ ਮੁਲ ਜਨਮ ਦੀ ਕਟੀਐ।।
ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਾਲੀ।।(967 ਅੰਗ)
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਖਿਆਲੀ।।
ਜਾਣੈ ਬਿਰਹਾਨੀਆ ਕੀ ਜਾਣੀ ਹੂ ਜਾਣੁ।।
ਕਿਆ ਮਲਾਹੀ ਸਚੇ ਪਾਤਿਸਾਹ ਜਾ ਤੂ ਸੁਘੜ ਸੁਜਾਣੁ।।(968 ਅੰਗ)
ਭਾਈ ਸੱਤਾ ਜੀ
ਬਹੁਤ ਭਗਤਾਂ ਵਾਂਗ ਸੱਤਾ ਜੀ ਬਾਰੇ ਇਨ੍ਹਾਂ ਦਾ ਜਨਮ ਕੱਥੇ ਅਤੇ ਕਦੋਂ ਹੋਇਆ ਪਤਾ ਨਹੀਂ ਚਲਦਾ। ਭਾਈ ਸੰਤੋਖ ਸਿੰਘ ਅਨੁਸਾਰ, “ਇਹ ਬਲਵੰਡ ਜੀ ਦੇ ਛੋਟੇ ਭਾਈ ਸਨ ਤੇ ਮਹਿਮਾ ਪਰਕਾਸ਼ ਦੇ ਰਚੈਤਾ ਬਾਵਾ ਕ੍ਰਿਪਾਲ ਸਿੰਘ ਅਨੁਸਾਰ, ਇਹ ਉਨ੍ਹਾਂ ਦੇ ਸਪੁੱਤਰ ਸਨ ਪਰ ਜ਼ਿਆਦਾ ਕਰਕੇ ਇਨ੍ਹਾਂ ਨੂੰ ਦੋ ਸਾਥੀ ਡੂਮ ਕਿਹਾ ਜਾਂਦਾ ਹੈ। ਭਾਈ ਸੱਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਵਿੱਚ ਫ਼ਰਮਾਇਆ ਕਿ ਪਾਤਸ਼ਾਹ ਨੂੰ ਗੁਰੂ ਨਾਨਕ ਦੇਵ ਵਾਲਾ ਹੀ ਗੁਰੂ ਤਿਲਕ, ਉਹੀ ਤਖ਼ਤ, ਉਹੀ ਦਰਬਾਰ ਪ੍ਰਾਪਤ ਹੋਇਆ। ਭਾਈ ਸੱਤਾ ਜੀ ਲਿਖਦੇ ਹਨ;
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ। ਪੀਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ।।
ਸੱਤਾ ਜੀ ਰਾਮਾਦਾਸ ਜੀ ਨੂੰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਜੀ ਦਾ ਰੂਪ ਵੇਖਦੇ ਤੇ ਖ਼ਿਆਲ ਕਰਦੇ ਹਨ ਕਿ ਜਦ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਤਦ ਮੇਰੀ ਆਤਮਾ ਨੂੰ ਪੂਰਨ ਸਹਾਰਾ ਮਿਲ ਗਿਆ।
ਧੰਨੁ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ।।
ਨਾਨਕ ਤੂ ਲਹਣਾ ਤੂਹੈ ਗੁਰ ਅਮਰ ਤੂ ਵੀਚਾਰਿਆ।।(968 ਅੰਗ)
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਬਾਰੇ ਵੀ ਲਿਖਦੇ ਹਨ ਕਿ ਚਾਰ ਗੁਰਾਂ ਨੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ ਖ਼ੁਦ ਹਾ ਪੰਜਵਾ ਰੂਪ ਧਾਰਨ ਕਰਕੇ ਚੜ੍ਹਦੇ ਅਤੇ ਛਿਪਦੇ ਚਾਰੇ ਪਾਸਿਆਂ ਨੂੰ ਪਰਕਾਸ਼ ਨਾਲ ਭਰ ਦਿੱਤਾ ਹੈ:
ਤਖਤ ਬੈਠਾ ਅਰਜਨ ਗੁਰੂ ਸਤਗੁਰੂ ਦਾ ਖਿਵੈ ਚੰਦੋਆ।।
ਉਗਵਣਹੁ ਤੈ ਆਥਣਵਹੁ ਚਹੁ ਚਕੀ ਕੀਅਨੁ ਲੋਆ।।(968 ਅੰਗ)
ਭਾਈ ਸੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਰਹੇ ਅਤੇ ਇੱਕ ਦਿਨ ਭਰੇ ਦਰਬਾਰ ਵਿੱਚ ਆਸਾ ਦੀ ਵਾਰ ਦਾ ਭੋਗ ਪਾਉਂਦੇ ਸਾਰ ਦੋਹਾਂ ਰਬਾਬੀਆਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਨੇ ਇਨ੍ਹਾਂ ਦੀਆਂ ਆਖਰੀ ਰਸਮਾਂ ਕਰਕੇ ਇਨ੍ਹਾਂ ਨੂੰ ਵੱਡਾ ਮਾਣ ਹੀ ਨਹੀਂ ਬਖ਼ਸ਼ਿਆ ਸਗੋਂ ਅਮਰ ਕਰ ਦਿੱਤਾ।