ਗੁਰੂ ਹਰਿ ਰਾਇ ਜੀ

ਨਾਮ : ਹਰਿ ਰਾਇ, ਸੱਤਵੇਂ ਗੁਰੂ ।

ਜਨਮ ਮਿਤੀ : 16 ਜਨਵਰੀ 1630 ਈਸਵੀ
ਮਾਤਾ ਦਾ ਨਾਮ : ਮਾਤਾ ਨਿਹਾਲ ਕੌਰ ਜੀ ।
ਪਿਤਾ ਦਾ ਨਾਮ : ਬਾਬਾ ਗੁਰਦਿੱਤਾ ਜੀ ।
ਜਨਮ ਸਥਾਨ : ਕੀਰਤਪੁਰ ਸਾਹਿਬ, ਰੂਪ ਨਗਰ, ਪੰਜਾਬ ।
ਪਤਨੀ ਦਾ ਨਾਮ : ਮਾਤਾ ਕ੍ਰਿਸ਼ਨ ਦੇਵੀ ।
ਔਲਾਦ ਦਾ ਨਾਮ : ਰਾਮਰਾਇ, ਹਰਿਕ੍ਰਿਸ਼ਨ ।
ਅਕਾਲ ਚਲਾਣਾ : 6 ਅਕਤੂਬਰ 1661 ਈਸਵੀ ।
ਗੁਰੂ-ਕਾਲ ਸਮਾਂ : 1644-1661

                                                                    ਮੁਢਲਾ ਜੀਵਨ :

ਗੁਰੂ ਹਰਿ ਰਾਇ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਸੱਤਵੇਂ ਗੁਰੂ ਹਨ । ਆਪ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪ ਨਗਰ ਵਿਖੇ 19 ਮਾਘ ਸੰਮਤ 1686 ( ਜਨਵਰੀ 1630 ਈਸਵੀ ) ਨੂੰ ਮਾਤਾ ਨਿਹਾਲ ਕੌਰ ਦੀ ਸੁਲੱਖਣੀ ਕੁੱਖ ਤੋਂ ਹੋਇਆ । ਬਾਬਾ ਗੁਰਦਿੱਤਾ ਜੀ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸਨ । ਗੁਰੂ ਹਰਿ ਰਾਇ ਜੀ ਦਾ ਬਚਪਨ ਸਮੇ ਪਾਲਣ-ਪੋਸ਼ਣ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਛਤਰ-ਛਾਇਆ ਹੇਠ ਹੋਇਆ। ਆਪ ਜੀ ਨੇ ਵਿੱਦਿਆ, ਗੁਰਬਾਣੀ ਅਤੇ ਗੁਰ ਇਤਿਹਾਸ ਦੀ ਪ੍ਰਾਪਤੀ ਵੀ ਆਪਣੇ ਦਾਦਾ ਗੁਰੂ ਦੀ ਰਹਿਨੁਮਾਈ ਹੇਠ ਪ੍ਰਾਪਤ ਕੀਤੀ । ਗੁਰੂ ਜੀ ਬਚਪਨ ਵਿੱਚ ਬਹੁਤ ਹੀ ਸਾਊ ਸੁਭਾਅ ਦੀ ਬਿਰਤੀ ਦੇ ਮਾਲਕ ਸਨ । ਇਸ ਗੱਲ ਦਾ ਜ਼ਿਕਰ ਆਪ ਜੀ ਨਾਲ ਸਬੰਧਿਤ ਸਾਖੀਆਂ ਵਿੱਚ ਆਮ ਮਿਲਦਾ ਹੈ । ਬਚਪਨ ਵਿੱਚ ਇੱਕ ਵਾਰ ਬਾਲਕ ਗੁਰੂ ਹਰਿ ਰਾਇ ਜੀ ਬਗ਼ੀਚੇ ਵਿੱਚ ਖੇਡ ਰਹੇ ਸਨ ਤਾਂ ਅਚਾਨਕ ਇੱਕ ਪੂਰੀ ਤਰਾਂ ਖਿੜੇ ਹੋਏ ਫੁੱਲ ਨਾਲ ਆਪ ਜੀ ਟਕਰਾ ਗਏ ਅਤੇ ਫੁੱਲ ਬੂਟੇ ਨਾਲੋਂ ਝੜਕੇ ਹੇਠਾਂ ਜਮੀਨ ਉੱਤੇ ਖਿੱਲਰ ਗਿਆ । ਫੁੱਲ ਦੀਆਂ ਖੁਸ਼ਬੂਦਾਰ ਕੋਮਲ ਪੱਤੀਆਂ ਹੇਠਾਂ ਧਰਤੀ ਤੇ ਡਿੱਗੀਆਂ ਦੇਖਕੇ ਉਹਨਾਂ ਦਾ ਮਨ ਬਹੁਤ ਉਦਾਸ ਹੋਇਆ ਅਤੇ ਉਹ ਵੈਰਾਗ ਵਿੱਚ ਆ ਗਏ ।
ਬਾਲ ਗੁਰੂ ਟੁੱਟੇ ਫੁੱਲ ਦੀਆਂ ਪੱਤੀਆਂ ਉਠਾ ਕੇ ਦੁਬਾਰਾ ਟਾਹਣੀ ਨਾਲ ਜੋੜਨ ਲੱਗ ਪਏ । ਪਰ ਟਾਹਣੀਓਂ ਟੁੱਟਿਆ ਫੁੱਲ ਦੁਬਾਰਾ ਨਾ ਜੁੜਦਾ ਦੇਖ ਉਹ ਹੋਰ ਵੀ ਰੋਸ ਵਿੱਚ ਆ ਗਏ । ਆਪ ਜੀ ਦੇ ਦਾਦਾ ਗੁਰੂ ਇਹ ਸਭ ਕੁਝ ਦੇਖ ਰਹੇ ਸਨ ਅਤੇ ਉਹ ਆਪਣੇ ਚਿੰਤਤ ਪੋਤੇ ਕੋਲ ਆ ਗਏ । ਇਸ ਮੌਕੇ ਉਹਨਾਂ ਬਚਨ ਕੀਤਾ ਕਿ ਜੇਕਰ ਪ੍ਰਮਾਤਮਾ ਨੇ ਮਨੁੱਖ ਨੂੰ ਕੁਦਰਤ ਦੀ ਸਭ ਤੋਂ ਉੱਤਮ ਜੂਨੀ ਬਖਸ਼ਿਸ਼ ਕੀਤੀ ਹੈ ਤਾਂ ਇਹ ਚੰਗੇ ਲੇਖੇ ਲਾੳਣੀ ਚਾਹੀਦੀ ਹੈ । ਬਾਲਕ ਗੁਰੂ ਹਰਿ ਰਾਇ ਜੀ ਨੇ ਦਾਦਾ ਗੁਰੂ ਦੀ ਇਹ ਗੁੱਝੀ ਰਮਜ਼ ਦਾ ਭੇਤ ਸਮਝਦਿਆਂ ਸਦਾ ਲਈ ਪੱਲੇ ਬੰਨ੍ਹ ਲਿਆ ਅਤੇ ਉਹਨਾਂ ਇਸਨੂੰ ਆਪਣੇ ਜੀਵਨ ਦੇ ਆਖਰੀ ਸਵਾਸ ਤੱਕ ਨਿਭਾਇਆ ।
ਆਪਣੇ ਜੀਵਨ ਦੇ ਅੰਤਲੇ ਸਮੇ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਸਮੂਹ ਸਿੱਖ ਸੰਗਤ ਅਤੇ ਆਪਣੇ ਪੁੱਤਰਾਂ ਤੋਂ ਵੀ ਵੱਧ ਗੁਰਗੱਦੀ ਲਈ ਕੇਵਲ 14 ਸਾਲਾਂ ਦੇ ਆਪਣੇ ਪੋਤੇ ਹਰਿ ਰਾਇ ਜੀ ਨੂੰ ਸਮਝਿਆ । ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਗੋਬਿੰਦ ਜੀ ਨੇ 3 ਜਨਵਰੀ 1644 ਈਸਵੀ ਨੂੰ ਹਰਿ ਰਾਇ ਜੀ ਨੂੰ ਗੁਰਗੱਦੀ ਸੌਂਪ ਦਿੱਤੀ । ਗੁਰਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਿ ਰਾਇ ਜੀ ਨੇ ਹੱਥੀਂ ਕਿਰਤ ਕਰਕੇ ਵੰਡ ਛਕਣ ਦੇ ਨਾਲ-ਨਾਲ ਸੇਵਾ ਸਿਮਰਨ ਲਈ ਸਿੱਖਾਂ ਨੂੰ ਪ੍ਰੇਰਿਆ । ਉਹਨਾਂ ਨੇ ਇਸ ਉਦੇਸ਼ ਦੀ ਪੂਰਤੀ ਲਈ ਸਿੱਖ ਵਿਦਵਾਨ ਨਿਯੁਕਤ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਭੇਜੇ । ਇਸਤੋਂ ਬਿਨਾ ਉਹਨਾਂ ਨੇ ਆਦੇਸ਼ ਦਿੱਤਾ ਕਿ ਗੁਰੂ ਘਰਾਂ ਦੇ ਲੰਗਰ 24 ਘੰਟੇ ਸਭ ਲਈ ਖੋਲ੍ਹ ਦਿੱਤੇ ਜਾਣ ਤਾਂ ਕਿ ਕੋਈ ਵੀ ਲੋੜਵੰਦ ਜਾਂ ਭੁੱਖਾ ਨਿਰਾਸ਼ ਵਾਪਸ ਨਾ ਜਾਵੇ ।
                                                              ਵਿਆਹ ਅਤੇ ਔਲਾਦ :

ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਸੱਤਵੀਂ ਜੋਤ ਗੁਰੂ ਹਰਗੋਬਿੰਦ ਜੀ ਦਾ ਵਿਆਹ ਜੂਨ ਮਹੀਨੇ ਵਿੱਚ 1640 ਈਸਵੀ ਨੂੰ ਹੋਇਆ । ਆਪ ਜੀ ਦਾ ਵਿਆਹ ਦਇਆ ਰਾਮ ਜੀ ਦੀ ਸਪੁੱਤਰੀ ਨਾਲ ਅਨੂਪ ਨਗਰ, ਬੁਲੰਦ ਸ਼ਹਿਰ, ਉੱਤਰ ਪ੍ਰਦੇਸ਼ ਵਿੱਚ ਹੋਇਆ । ਗੁਰੂ ਸਾਹਿਬ ਦੇ ਘਰ ਦੋ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ । ਆਪ ਦੇ ਪੁੱਤਰਾਂ ਦੇ ਨਾਮ ਰਾਮ ਰਾਇ, ਹਰਿਕ੍ਰਿਸ਼ਨ ਜੀ ਸੀ ਅਤੇ ਧੀ ਦਾ ਨਾਮ ਬੀਬੀ ਅਨੂਪ ਕੌਰ ਜੀ ਸੀ ।

                                                                 ਗੁਰਿਆਈ ਅਤੇ ਅੰਤਿਮ ਜੀਵਨ :


ਬਾਦਸ਼ਾਹ ਔਰੰਗਜੇਬ ਨੇ ਇੱਕ ਵਾਰ ਗੁਰੂ ਹਰਿ ਰਾਇ ਜੀ ਨੂੰ ਆਪਣੇ ਦਿੱਲੀ ਦਰਬਾਰ ਆਉਣ ਦਾ ਸੁਨੇਹਾ ਭੇਜਿਆ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਔਰੰਗਜੇਬ ਪਾਸ ਦਿੱਲੀ ਭੇਜ ਦਿੱਤਾ । ਆਪ ਨੇ ਜਾਣ ਤੋਂ ਪਹਿਲਾਂ ਰਾਮ ਰਾਇ ਨੂੰ ਹਦਾਇਤ ਕੀਤੀ ਕਿ ਉਹ ਔਰੰਗਜੇਬ ਦੇ ਦਰਬਾਰ ਵਿੱਚ ਸਿੱਖ ਰਹਿਤ ਮਰਿਯਾਦਾ ਵਿੱਚ ਰਹਿਕੇ ਹੀ ਬਚਨ ਕਰੇ । ਉਹਨਾਂ ਆਪਣੇ ਪੁੱਤਰ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਂ ਦੇ ਰਾਹ ਤੇ ਚੱਲਦਿਆਂ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਹੀ ਦਿੱਲੀ ਦਰਬਾਰ ਵਿੱਚ ਜਾ ਕੇ ਬੋਲਣ ਦੀ ਨਸੀਹਤ ਦਿੱਤੀ । ਪਰ ਰਾਮਰਾਇ ਨੇ ਗੁਰੂ ਪਿਤਾ ਹਰਿ ਰਾਇ ਜੀ ਦੇ ਕਹੇ ਬੋਲਾਂ ਦੇ ਉਲਟ ਔਰੰਗਜੇਬ ਨੂੰ ਖੁਸ਼ ਕਰਨ ਦੇ ਆਸ਼ੇ ਨਾਲ ਰੱਬੀ ਬਾਣੀ ਵਿੱਚ ਹੇਰ-ਫੇਰ ਕਰਕੇ ਬਚਨ ਬਿਲਾਸ ਕੀਤੇ । ਉਸਨੇ ਮਿੱਟੀ ਮੁਸਲਮਾਨ ਦੀ ਵਾਲੀ ਪੰਗਤੀ ਨੂੰ ਮਿੱਟੀ ਬੇਈਮਾਨ ਵਾਲੀ ਉਚਾਰਕੇ ਗੁਰੂ ਨਾਨਕ ਦੀ ਗੱਦੀ ਦੀ ਰੱਬੀ ਬਾਣੀ ਦਾ ਅਪਮਾਨ ਕੀਤਾ । ਅਜਿਹਾ ਕਰਕੇ ਰਾਮਰਾਇ ਨੇ ਮੌਕੇ ਤੇ ਬਾਦਸ਼ਾਹ ਔਰੰਗਜੇਬ ਨੂੰ ਖੁਸ਼ ਕਰਕੇ ਇੱਕ ਵਾਰ ਤਾਂ ਵਾਹ-ਵਾਹ ਖੱਟ ਲਈ । ਪਰ ਉਹ ਗੁਰੂ ਘਰ ਤੋਂ ਸਦਾ ਲਈ ਦੁਰਕਾਰਿਆ ਗਿਆ।
ਗੁਰੂ ਹਰਿ ਰਾਇ ਜੀ ਦੇ ਦਿਲ ਉੱਤੇ ਇਸ ਗੱਲ ਦੀ ਬਹੁਤ ਵੱਡੀ ਸੱਟ ਵੱਜੀ ਅਤੇ ਉਹ ਗਹਿਰੇ ਸੋਗ ਵਿੱਚ ਆ ਗਏ । ਦੁਖੀ ਹੋ ਕੇ ਉਹਨਾਂ ਫੈਸਲਾ ਕੀਤਾ ਕਿ ਉਹ ਆਪਣੇ ਜਿਉਂਦੇ ਜੀਅ ਆਪਣੇ ਪੁੱਤਰ ਰਾਮਰਾਇ ਦਾ ਮੁੱਖ ਨਹੀਂ ਤੱਕਣਗੇ । ਇਸ ਤਰਾਂ ਰਾਮਰਾਇ ਨੂੰ ਗੁਰੂ ਸਾਹਿਬ ਨੇ ਮਾਆਫ ਨਾ ਕੀਤਾ ਤਾਂ ਉਹ ਔਰੰਗਜੇਬ ਤੋਂ ਜਾਗੀਰ ਲੈ ਕੇ ਦੇਹਰਾਦੂਨ ਜਾ ਕੇ ਵਸ ਗਿਆ । ਪਿੱਛੋਂ ਉਹ ਜਮਨਾ ਨਦੀ ਵਿੱਚ ਇੱਕ ਵਾਰ ਦਸਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ । ਗੁਰੂ ਜੀ ਦੀ ਸ਼ਰਨ ਵਿੱਚ ਰਾਮਰਾਇ ਨੂੰ ਦਸਵੇਂ ਜਾਮੇ ਵਿੱਚ ਆ ਕੇ ਗੁਰੂ ਸਾਹਿਬ ਨੇ ਮੁਆਫ਼ ਕਰ ਦਿੱਤਾ । ਇਸ ਕਰਕੇ ਉਹਨਾਂ ਨੇ ਗੁਰਸਿੱਖੀ ਦੀ ਕਸੌਟੀ ਉੱਤੇ ਪੂਰਾ ਉੱਤਰਦੇ ਅਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਿਆਂ ਗੁਰ ਮਰਿਯਾਦਾ ਅਨਸਾਰ ਗੱਦੀ ਸੌਂਪਕੇ 6 ਅਕਤੂਬਰ 1661 ਈਸਵੀ ( ਸੰਮਤ 1718 ) ਨੂੰ ਜੋਤੀ ਜੋਤ ਸਮਾ ਗਏ ਅਤੇ ਆਪ ਜੀ ਦਾ ਅੰਤਿਮ ਸੰਸਕਾਰ ਸਤਲੁਜ ਦਰਿਆ ਦੇ ਕੰਢੇ ਕਰ ਦਿੱਤਾ । ਇਹ ਸਥਾਨ ਪਾਤਾਲਪੁਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।