ਗੁਰੂ ਨਾਨਕ ਪਾਤਸ਼ਾਹ ਦੇ ਲੰਬੇ ਪੈਂਡਿਆਂ ਦਾ ਰਾਹੀ ਭਾਈ ਮਰਦਾਨਾ ਜੀ ਸਨ, ਜਿਨ੍ਹਾਂ ਨੇ ਆਪਣੀ 75 ਸਾਲ ਦੀ ਉਮਰ ਵਿਚੋਂ 47 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਬਿਤਾਏ। ਵਾਹ! ਧੰਨ ਭਾਈ ਮਰਦਾਨਿਆ। ਸੰਸਾਰ ਵਿਚ ਕਿਸੇ ਵਿਰਲੇ ਨੂੰ ਹੀ ਇਹੋਂ ਜਿਹਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਦਾ ਇਨਾ ਸਮਾਂ? ਦਿਨ-ਰਾਤ ਹਰ ਵੇਲੇ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਗੁਜ਼ਾਰਨਾ ਕੋਈ ਸਾਧਾਰਨ ਗੱਲ ਨਹੀਂ ਹੈ। ਕਈ ਲਿਖਾਰੀਆਂ ਨੇ 54 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਨਾਲ ਬਿਤਾਉਣ ਦਾ ਲਿਖਿਆ ਹੈ।ਸਮਾਂ ਕੁਝ ਵੀ ਹੋਵੇ, ਭਾਈ ਮਰਦਾਨਾ ਜੀ ਵਰਗਾ ਖੁਸ਼ਕਿਸਮਤ, ਭਾਗਾਂ ਵਾਲਾ ਇਨਸਾਨ ਕੌਣ ਹੋ ਸਕਦਾ ਹੈ, ਜਿਸ ਨੂੰ ਗੁਰੂ ਪਾਤਸ਼ਾਹ ਦਾ ਪਿਆਰ, ਨਿੱਘ, ਨਿਮਰਤਾ ਤੇ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ।
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ, ‘ਭਾਈ ਮਰਦਾਨੇ ਦਾ ਜਨਮ ਲੱਖੋ ਦੇ ਉਦਰ ਤੋਂ ਬਾਦਰੇ ਮਿਰਾਸੀ ਦੇ ਘਰ ਸੰਮਤ 1516 ਨੂੰ ਤਲਵੰਡੀ ਵਿਖੇ ਹੋਇਆ। ਇਹ ਦੇਸ਼, ਦੇਸ਼ਾਂਤਰਾਂ ਵਿਚ ਜਗਤਗੁਰੂ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਕੀਰਤਨ ਕਰਦਾ ਰਿਹਾ। ਇਸ ਦਾ ਦਿਹਾਂਤ 13 ਮੱਘਰ ਸੰਮਤ 1591 ਨੂੰ ਅਫ਼ਗਾਨਿਸਤਾਨ ਦੇ ਕੁੱਰਮ ਦਰਿਆ ਦੇ ਕਿਨਾਰੇ ਕੁੱਰਮ ਨਗਰ ਵਿਖੇ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਦੇਹ ਆਪਣੇ ਹੱਥੀਂ ਸਸਕਾਰੀ, ਰਬਾਬ ਵਜਾਉਣ ਕਰਕੇ ਰਬਾਬੀ ਉਪਾਧੀ ਭਾਈ ਮਰਦਾਨੇ ਦੇ ਨਾਂਅ ਨਾਲ ਆਉਂਦੀ ਹੈ। ‘ਵਾਰ ਬਿਹਾਗੜਾ’ ਵਿਚ ਭਾਈ ਮਰਦਾਨੇ ਦੇ ਨਾਂਅ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸਲੋਕ ਪਉੜੀ 12ਵੀਂ ਦੇ ਨਾਲ ਦਰਜ ਹਨ।’
ਭਾਈ ਮਨੋਹਰ ਦਾਸ, ਮੇਹਰਬਾਨ ਜੀ ਨੇ ਭਾਈ ਮਰਦਾਨਾ ਨੂੰ ਗੁਰੂ ਨਾਨਕ ਦੇਵ ਜੀ ਦੇ ‘ਬਾਲਪਣ ਦਾ ਸਾਥੀ’ ਤਲਵੰਡੀ ਰਾਇ ਭੋਐ ਕੀ ਕਹਿੰਦਾ, ਰਬਾਬ ਵਜਾਇਦਾ ਲਿਖਿਆ ਹੈ। ਮਰਦਾਨਾ ਉਨ੍ਹਾਂ ਨੂੰ ਗੁਰੂ ਨਾਨਕ ਜੀ ਵਲੋਂ ਮਿਲਿਆ ਖਿਤਾਬ ਸੀ। ਉਨ੍ਹਾਂ ਦਾ ਪਾਵਨ ਨਾਂਅ ਦਾਨਾ ਸੀ।
ਡਾ: ਤਿਰਲੋਚਨ ਸਿੰਘ ਲਿਖਦੇ ਹਨ, ਕਿ ਗੁਰੂ ਨੇ ਉਸ ਰਬਾਬੀ ਤੋਂ ਪੁਛਿਆ, ‘ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ, ਤੇਰਾ ਨਾਮ ਕੀ ਹੈ।' ਰਬਾਬੀ ਨੇ ਉੱਤਰ ਦਿੱਤਾ, ‘ਮੇਰਾ ਨਾਮ ਮਰਦਾਨਾ ਹੈ, ਸੁਬਹਾਨ ਤੇਰੀ ਖੁਸੀ ਨੂੰ। ਰੱਬ ਤੁਹਾਨੂੰ ਬਹੁਤਾ ਦੇਵੇ, ਜਿਨ੍ਹਾਂ ਮੇਰੇ ਰਾਗ ਦੀ ਕਦਰ ਪਾਈ। ਤੁਹਾਡੇ ਜਿਹੇ ਕਦਰਦਾਨਾਂ ਦੇ ਸਿਰ ’ਤੇ ਅਸੀਂ ਜਿਉਂਦੇ ਹਾਂ। ਗੁਰੂ ਨਾਨਕ ਜੀ ਨੇ ਪ੍ਰਸੰਨ ਹੋ ਕੇ ਫੇਰ ਆਖਿਆ, ‘ਮਰਦਾਨਿਆ, ਤੇਰੀ ਰਬਾਬ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਤੈਨੂੰ ਰਾਗਾਂ ਦੀ ਬੜੀ ਸੂਝ ਹੈ, ਬੜੇ ਸਾਧੇ ਹੋਏ ਹੱਥਾਂ ਨਾਲ ਰਬਾਬ ਵਜਾਉਂਦਾ ਹੈ।’ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮਰਦਾਨਿਆ, ਕਿੰਨਾ ਚੰਗਾ ਹੋਵੇ ਜੇ ਰੋਬੀ ਬਾਣੀ ਇਨ੍ਹਾਂ ਵਿਚ ਗਾਵੇਂ। ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਸ਼ਬਦ ਸੱਚੇ ਸਾਹਿਬ ਦੀ ਸਿਫਤ ਤੇ ਰਚਾਂਗਾ ਤੇ ਤੂੰ ਇਨ੍ਹਾਂ ਰਾਗਾਂ ਵਿਚ ਆਪਣੀ ਰਬਾਬ ਉੱਤੇ ਸੁਰ ਕਰੀ। ਮਰਦਾਨਿਆ, ਤੇਰਾ ਇਸ ਲੋਕ ਵਿਚ ਵੀ ਉਧਾਰ ਹੋਵੇਗਾ ਤੇ ਪਰਲੋਕ ਵਿਚ ਵੀ। ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਵਲੋਂ ਉਸ ਦਾ ਸਤਿਕਾਰ ਕਰਨ ’ਤੇ ਖੁਸ਼ੀ ਹੋਈ ਪਰ ਮਰਦਾਨਾ ਜੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਉਹ ਆਪਣਾ ਕਿੱਤਾ ਛੱਡ ਕੇ ਕੇਵਲ ਸ਼ਬਦ ਗਾਵੇ। ਉਸ ਨੂੰ ਪਤਾ ਸੀ ਕਿ ਜੇ ਲੋਕਾਂ ਨੂੰ ਉਨ੍ਹਾਂ ਦੇ ਮਨਪਸੰਦ ਦੀਆਂ ਵਾਰਾਂ ਜਾਂ ਲੋਕ-ਗੀਤ ਨਾ ਸੁਣਾਏ ਤਾਂ ਕਿਸੇ ਨੇ ਕੋਈ ਦਾਨ ਨਹੀਂ ਦੇਣਾ ਅਤੇ ਇਸ ਤਰ੍ਹਾਂ ਉਸ ਦਾ ਟੱਬਰ ਭੁਖਾ ਮਰੇਗਾ। ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਅਸੀਂ ਅਮੀਰ ਤੇ ਧਨਾਢ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾ ਕੇ ਚਾਰ ਪੈਸੇ ਕਮਾ ਲੈਂਦੇ ਹਾਂ ਅਤੇ ਆਪਣੇ ਟੱਬਰ ਨੂੰ ਪਾਲਦੇ ਹਾਂ। ਜੇ ਮੈਂ ਤੁਹਾਡੇ ਨਾਲ ਰਹਿ ਕੇ ਸ਼ਬਦ ਹੀ ਗਾਉਂਦਾ ਰਿਹਾਂ ਤਾਂ ਮੇਰੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਨੇ
ਮਰਦਾਨਾ ਜੀ ਨੂੰ ਪੂਰੇ ਪ੍ਰੇਮ ਨਾਲ ਸਮਝਾਇਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਰਦਾਨਿਆ, ਪਰਿਵਾਰ ਦਾ ਫਿਕਰ ਨਾ ਕਰ, ਰੱਬ ’ਤੇ ਭਰੋਸਾ ਰੱਖ, ਤੇਰੇ ਪਰਿਵਾਰ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਹੋਵੇਗੀ, ਕਿਸੇ ਗੱਲ ਦੀ ਕੋਈ ਘਾਟ ਨਹੀਂ ਆਵੇਗੀ। ਮਰਦਾਨਾ ਜੀ ਲਈ ਔਖਾ ਸੀ। ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਸੁਣ ਕੇ ਤੇ ਪਾਤਸ਼ਾਹ ਵਲੋ ਭਾਈ ਮਰਦਾਨੇ ਦੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਖੁਸ਼ ਹੋਏ। ਹੁਣ ਮਰਦਾਨੇ ਦਾ ਦਿਲ ਬਾਗੋਬਾਗ ਸੀ। ਉਸ ਨੂੰ ਖੁਸ਼ੀ ਸੀ ਕਿ ਜਿਹੜੀ ਰੱਬੀ ਬਾਣੀ ਨੀਵੀਆਂ ਜਾਤੀਆਂ ਦੇ ਲੋਕ ਗਾ ਨਹੀਂ ਸਨ ਸਕਦੇ, ਉਹ ਹੁਣ ਗਾ ਸਕੇਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਵਿਚ ਆਲਾਹੀ ਅਨੰਦ ਮਾਣ ਸਕੇਗਾ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਿਆਲੂ ਤੇ ਕਿਰਪਾਲੂ ਸੁਭਾਅ ਤੋਂ ਪ੍ਰਭਾਵਿਤ ਹੋ ਕੇ ਕਹਿਣ ਲੱਗੇ ਬਾਬਾ ਨਾਨਕ ਜੀ, ਤੁਸੀਂ ਮੇਰੇ ਉੱਤੇ ਇੰਨੇ ਦਿਆਲ ਹੋਏ ਹੋ, ਜੋ ਮੈਂ ਕਦੇ ਸੁਪਨੇ ਵਿਚ ਵੀ ਸੋਚ ਨਹੀਂ ਸਕਦਾ ਸੀ ਕਿ ਕੋਈ ਮੇਰੇ ਰਾਗ ਤੇ ਮੇਰੇ ਰਬਾਬ ਦੀ ਇੰਨੀ ਕਦਰ ਕਰੇਗਾ। ਤੁਹਾਡੀ ਕਿਰਪਾ ਸਦਕਾ ਹੁਣ ਮੈਨੂੰ ਥਾਂ-ਥਾਂ ਗਾ ਕੇ ਮੰਗਣਾ ਨਹੀਂ ਪਵੇਗਾ।
ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨਾਲੋਂ 15-16 ਸਾਲ ਵੱਡੇ ਸਨ। ਜਿਸ ਸਮੇਂ ਭਾਈ ਮਰਦਾਨੇ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ, ਉਸ ਸਮੇਂ ਉਸ ਦੇ ਬਚੇ ਜਨਮ ਲੈ ਚੁੱਕੇ ਸਨ। ਹੁਣ ਮਰਦਾਨਾ ਜੀ ਸਮਝ ਚੁੱਕੇ ਸਨ ਕਿ ਬਾਬਾ ਨਾਨਕ ਤਾਂ ਇਲਾਹੀ ਜੋਤ ਹੈ ਅਤੇ ਸਭ ਦੀ ਪਾਲਣਾ-ਪੋਸ਼ਣਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਹੁਣ ਮਰਦਾਨਾ,ਗੁਰੂ ਨਾਨਕ ਪਾਤਸ਼ਾਹ ਦਾ ਹੋ ਚੁੱਕਾ ਸੀ। ਭਾਈ ਮਰਦਾਨਾ ਜੀ ਹੀ ਇਕ ਅਜਿਹੀ ਸ਼ਖ਼ਸੀਅਤ ਹੋਏ ਹਨ ਜੋ ਅਖੀਰਲੇ ਸਮੇਂ ਤੱਕ ਗੁਰੂ ਨਾਨਕ ਪਾਤਸ਼ਾਹ ਨਾਲ ਰਹੇ ਅਤੇ ਦੁਨੀਆ ਦਾ ਕਲਿਆਣ ਕਰਦੇ ਰਹੇ।
ਮੁਨਸ਼ੀ ਸੁਜਾਨ ਰਾਇ ਨੇ ਖੁਲਾਸਤ-ਉਤ-ਤਵਾਰੀਖ ਵਿਚ ਲਿਖਿਆ ਹੈ ਕਿ ਮਰਦਾਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਸ ਸੋਜ਼ ਤੇ ਦਿਲ-ਖਿਚਵੇਂ ਢੰਗ ਨਾਲ ਗਾਉਂਦਾ ਸੀ ਕਿ ਪੰਛੀ ਵੀ ਰੁਕ ਜਾਂਦੇ। ਇਸੇ ਤਰ੍ਹਾਂ ਮੁਨਸ਼ੀ ਸੋਹਣ ਲਾਲ ਲਿਖਦਾ ਹੈ ਕਿ,‘ਜਦ ਉਹ ਬਾਣੀ ਗਾਉਂਦਾ ਹੈ ਤਾਂ ਉਸ ਦਾ ਚਿਹਰਾ ਜਗਮਗਾ ਉਠਦਾ ਹੈ।’
ਭਾਈ ਗੁਰਦਾਸ ਜੀ ਨੇ ਭਾਈ ਮਰਦਾਨਾ ਜੀ ਬਾਰੇ ਇਸ ਤਰ੍ਹਾਂ ਲਿਖਿਆ ਹੈ:-
ਭਲਾ ਰਬਾਬ ਵਜਾਇਦਾ ਮਜਲਸ
ਮਰਦਾਨਾ ਮੀਰਾਸੀ॥ (ਵਾਰ ੧੧, ਪਉੜੀ 13)
ਹਰਵਿੰਦਰ ਸਿੰਘ ਖਾਲਸਾ