ਭਗਤ ਸੂਰਦਾਸ ਜੀ

ਇਤਿਹਾਸ ਅੰਦਰ ‘ਸੂਰਦਾਸ’ ਨਾਮ ਦੇ ਦੋ ਪ੍ਰਸਿੱਧ ਕਵੀ ਤੇ ਭਗਤ ਹੋਏ ਹਨ। ਦੋਵੇਂ ਹੀ ‘ਸੂਰਦਾਸ’ ਸਮਕਾਲੀ ਸਨ ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਇਹਨਾਂ ਸਮਾਨਤਾਵਾਂ ਕਾਰਨ, ਕੁੱਝ ਕੁ ਇਤਿਹਾਸਕਾਰਾਂ ਨੇ ਇਤਿਹਾਸ ਲਿਖਦੇ ਸਮੇਂ, ਦੋਹਾਂ ‘ਸੂਰਦਾਸ’ ਦੇ ਜੀਵਨ ਨਾਲ ਸਬੰਧਤ ਤੱਥਾਂ ਤੇ ਘਟਨਾਵਾਂ ਨੂੰ ਰਲਗੱਡ ਕਰ ਦਿੱਤਾ।
ਇਕ ਭਗਤ ਸੂਰਦਾਸ ਜੀ ਸੂਰ-ਸਾਗਰ ਗ੍ਰੰਥ ਦੇ ਕਰਤਾ ਹੋਏ ਹਨ। ਆਪ ਜੀ ਦੀਆਂ ਰਚਨਾਵਾਂ ਨੂੰ ਸੰਕਲਤ ਕਰਕੇ, ਇਹ ਗ੍ਰੰਥ ਤਿਆਰ ਕੀਤਾ ਗਿਆ ਸੀ। ਆਪ ਜੀ ਦਾ ਜਨਮ ਸੰਨ 1483 ਈ. `ਚ ਪਿੰਡ ਸੀਹੀ, ਨੇੜੇ ਬੱਲਭਗੜ੍ਹ, ਜ਼ਿਲ੍ਹਾ ਫਰੀਦਾਬਾਦ (ਕਈ ਇਤਿਹਾਸਕਾਰਾਂ ਅਨੁਸਾਰ, ਆਗਰਾ-ਮਥਰਾ ਸੜਕ 'ਤੇ ਸਥਿਤ ਪਿੰਡ ਰੁਨਕੁਤਾ ਜਾਂ ਰੁਨਕਤਾ) ਵਿਖੇ ਹੋਇਆ ਸੀ।
ਦੂਜੇ ਭਗਤ ਸੂਰਦਾਸ ਜੀ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗੰਥ ਸਾਹਿਬ ਜੀ ਅੰਦਰ ਸੁਭਾਇਮਾਨ ਹੈ, ਦਾ ਜਨਮ ਸੰਨ 1529 ਈ. 'ਚ ਕਾਸ਼ੀ (ਬਨਾਰਸ) ਨੇੜੇ ਇਕ ਪਿੰਡ ਵਿਚ, ਪੰਡਿਤ ਰਵਿਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਸੀ। ਪੰਡਿਤ ਰਵਿਦਾਸ ਜੀ ਬ੍ਰਾਹਮਣ ਕੁੱਲ ਵਿਚੋਂ ਸਨ।
ਭਗਤ ਸੂਰਦਾਸ ਜੀ ਦੀ ਦਿੱਖ ਬਹੁਤ ਸੁੰਦਰ ਸੀ ਤੇ ਚਿਹਰਾ ਮਨਮੋਹਕ ਸੀ। ਜਿਹੜਾ ਵੀ ਇਕ ਵਾਰ ਭਗਤ ਸੂਰਦਾਸ ਜੀ ਨੂੰ ਦੇਖ ਲੈਂਦਾ ਸੀ, ਉਹ ਭਗਤ ਸੂਰਦਾਸ ਜੀ ਵੱਲ ਖਿੱਚਿਆ ਚਲਾ ਆਉਂਦਾ ਸੀ। ਇਸ ਲਈ ਆਪ ਜੀ ਦੇ ਪਰਿਵਾਰ ਨੇ, ਆਪ ਜੀ ਦਾ ਨਾਮ ਬਹੁਤ ਲਾਡ-ਪਿਆਰ ਨਾਲ ‘ਮਦਨ ਮੋਹਨ’ ਰੱਖਿਆ ਸੀ। 
ਆਪ ਜੀ ਬਚਪਨ ਤੋ ਹੀ ਬਹੁਤ ਤੀਖਣ ਬੁੱਧ ਦੇ ਮਾਲਕ ਸਨ। ਆਪ ਜੀ ਦੇ ਪਿਤਾ ਜੀ ਨੇ, ਆਪ ਜੀ ਦੀ ਉੱਚ ਵਿਦਿਆ ਲਈ, ਉਚੇਚਾ ਪ੍ਰਬੰਧ ਕੀਤਾ ਹੋਇਆ ਸੀ। ਥੋੜ੍ਹੇ ਸਮੇਂ ’ਚ ਹੀ ਆਪ ਜੀ ਸੰਸਕ੍ਰਿਤ, ਫ਼ਾਰਸੀ ਤੇ ਹਿੰਦੀ ਭਾਸ਼ਾ ਦੇ ਮਹਾਨ ਵਿਦਵਾਨ ਬਣ ਗਏ ਸਨ। ਵਿਦਿਆ ਪ੍ਰਾਪਤੀ ਦੇ ਨਾਲ-ਨਾਲ, ਆਪ ਜੀ ਕਵਿਤਾਵਾਂ ਵੀ ਰਚਦੇ ਸਨ ਤੇ ਸੰਗੀਤਕ ਧੁਨਾਂ ਅਨੁਸਾਰ, ਇਹਨਾਂ ਰਚਨਾਵਾਂ ਨੂੰ ਗਾਉਂਦੇ ਵੀ ਹੁੰਦੇ ਸਨ।
ਅਧਿਆਤਮ ਦੇ ਮਾਰਗ 'ਤੇ ਚਲਦੇ ਹੋਏ, ਹੋਰ ਉਚਾਈਆਂ ਨੂੰ ਛੂਹਣ ਲਈ, ਆਪ ਜੀ ਨੇ ਵੱਲਭਾਚਾਰੀਆ ਪਾਸੋਂ ਗੁਰੂ-ਦੀਖਿਆ ਪ੍ਰਾਪਤ ਕੀਤੀ। ਵੱਲਭਾਚਾਰੀਆ ਪਾਸੋਂ ਗੁਰੂ-ਦੀਖਿਆ ਲੈਣ ਉਪਰੰਤ, ਆਪ ਜੀ ਭਜਨ-ਬੰਦਗੀ 'ਚ ਲੀਨ ਰਹਿਣ ਲੱਗ ਪਏ। ਸ਼ੁਰੂ ਵਿਚ ਆਪ ਜੀ ਕ੍ਰਿਸ਼ਨ ਜੀ ਦੇ ਉਪਾਸਕ ਸਨ, ਪਰ, ਜਿਵੇਂ-ਜਿਵੇਂ ਆਪ ਜੀ ਪਿਆਰ ਵਿਚ ਭਿੱਜ ਕੇ ਪਰਮਾਤਮਾ ਦੀ ਭਗਤੀ ਕਰਦੇ ਗਏ, ਆਪ ਜੀ ਨਿਰਾਕਾਰ ਤੇ ਸਰਬ-ਵਿਆਪਕ ਪਰਮਾਤਮਾ ਦੇ ਉਪਾਸਕ ਬਣ ਗਏ। ਆਪ ਜੀ ਵਜ਼ਦ ਵਿਚ ਆ ਕੇ, ਭਜਨ ਗਾਉਂਦੇ ਸਨ ਤਾਂ ਸਰੋਤੇ ਮੰਤਰ-ਮੁਗਧ ਹੋ ਜਾਂਦੇ ਸਨ।
ਥੋੜ੍ਹੇ ਸਮੇਂ 'ਚ ਹੀ ਆਪ ਜੀ ਦੀ ਭਗਤੀ ਤੇ ਵਿਦਵਤਾ ਦੀ ਸੋਭਾ ਦੂਰ-ਦੂਰ ਤੱਕ ਫੈਲ ਗਈ। ਆਪ ਜੀ ਦੀ ਵਿਦਵਤਾ ਤੇ ਬਹੁਪੱਖੀ ਗੁਣਾਂ ਬਾਰੇ ਸੁਣ ਕੇ, ਬਾਦਸ਼ਾਹ ਅਕਬਰ ਨੇ, ਆਪ ਜੀ ਨੂੰ ਉੱਚ ਅਹੁਦੇ `ਤੇ ਨਿਯੁਕਤ ਕਰ ਦਿੱਤਾ ਅਤੇ ਕੁੱਝ ਸਮੇਂ ਬਾਅਦ, ਆਪ ਜੀ ਦੀ ਇਮਾਨਦਾਰੀ, ਸਾਦਗੀ ਤੇ ਸੱਜਣਤਾ ਵਾਲੇ ਸੁਭਾਅ ਤੋਂ ਖੁਸ਼ ਹੋ ਕੇ, ਬਾਦਸ਼ਾਹ ਅਕਬਰ ਨੇ ਆਪ ਜੀ ਨੂੰ ਅਵਧ ਦੇ ਸੰਦੀਲਾ (ਸੰਡੀਲਾ) ਇਲਾਕੇ ਦਾ ਹਾਕਮ ਥਾਪ ਦਿੱਤਾ। ਆਪ ਜੀ ਦਾ ਮੁੱਖ ਕੰਮ ਸੀ, ਇਲਾਕੇ ਦੇ ਲੋਕਾਂ ਪਾਸੋਂ ਜ਼ਮੀਨ ਦਾ ਮਾਮਲਾ ਇਕੱਠਾ ਕਰਕੇ, ਸ਼ਾਹੀ ਖ਼ਜ਼ਾਨੇ 'ਚ ਜਮ੍ਹਾ ਕਰਵਾਉਣਾ।
ਆਪ ਜੀ ਇਲਾਕੇ ਦੇ ਹਾਕਮ ਹੋਣ ਦੇ ਨਾਤੇ, ਬਹੁਤ ਇਮਾਨਦਾਰੀ ਤੇ ਸੂਝਬੂਝ ਨਾਲ, ਰਾਜ ਪ੍ਰਬੰਧ ਦਾ ਸਾਰਾ ਕਾਰਜ ਚਲਾਉਂਦੇ ਸਨ। ਕੋਈ ਵੀ ਲੋੜਵੰਦ ਆਪ ਜੀ ਪਾਸ ਆ ਕੇ ਫ਼ਰਿਆਦ ਕਰਦਾ ਤਾਂ ਆਪ ਜੀ ਉਸ ਦੀਲੋੜ ਜ਼ਰੂਰ ਪੂਰੀ ਕਰਦੇ ਸਨ। ਕਈ ਵਾਰ ਤਾਂ ਫ਼ਰਿਆਦੀ ਦੀ ਲੋੜ ਪੂਰੀ ਕਰਨ ਲਈ, ਉਸ ਨੂੰ ਜ਼ਮੀਨ ਦੇ ਮਾਮਲੇ ਦੀ ਇਕੱਠੀ ਕੀਤੀ ਹੋਈ ਰਕਮ ਵਿਚੋਂ ਵੀ ਮਾਇਆ ਦੇ ਦਿੰਦੇ ਸਨ।
ਭਗਤ ਸੂਰਦਾਸ ਜੀ ਦੀ ਆਤਮਿਕ ਅਵਸਥਾ ਅਜਿਹੀ ਬਣ ਗਈ ਸੀ ਕਿ ਆਪ ਜੀ ਨੂੰ ਸਮੁੱਚੀ ਲੋਕਾਈ 'ਚ ਪਰਮਾਤਮਾ ਹੀ ਨਜ਼ਰ ਆਉਂਦਾ ਸੀ। ਇਸੇ ਕਾਰਨ, ਭਗਤ ਸੂਰਦਾਸ ਜੀ ਨੇ ਸਰਕਾਰੀ ਖ਼ਜ਼ਾਨੇ ਦਾ ਮੂੰਹ, ਗਰੀਬਾਂ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੋਲ੍ਹ ਦਿੱਤਾ ਸੀ। ਇਹ ਨੇਕ ਕਾਰਜ ਕਰਨ ਕਰਕੇ, ਆਮ ਲੋਕਾਂ ਅੰਦਰ ਭਗਤ ਸੂਰਦਾਸ ਜੀ ਦੀ ਜੈ-ਜੈਕਾਰ ਹੋਣ ਲੱਗ ਪਈ। ਆਮ ਲੋਕ ਆਪ ਜੀ ਨੂੰ ਗਰੀਬਾਂ ਤੇ ਲੋੜਵੰਦਾਂ ਦਾ ਮਸੀਹਾ ਸਮਝਦੇ ਸਨ।
ਪਰ, ਕੁੱਝ ਦੋਖੀ ਲੋਕ, ਆਪ ਜੀ ਦੀ ਉਪਮਾ ਹੁੰਦੀ ਦੇਖ ਕੇ, ਈਰਖਾ ਦੀ ਅੱਗ ְ’ਚ ਸੜਦੇ ਰਹਿੰਦੇ ਸਨ ਅਤੇ ਹਮੇਸ਼ਾ ਅਜਿਹੇ ਮੌਕੇ ਦੀ ਤਲਾਸ਼ `ਚ ਰਹਿੰਦੇ ਸਨ ਕਿ ਕਦੋਂ ਕਿਸੇ ਇਹੋ ਜਿਹੀ ਗੱਲ ਦਾ ਪਤਾ ਲੱਗੇ ਕਿ ਅਸੀਂ ਬਾਦਸ਼ਾਹ ਅਕਬਰ ਪਾਸ ਜਾ ਕੇ, ਭਗਤ ਸੂਰਦਾਸ ਜੀ ਦੀ ਸ਼ਿਕਾਇਤ ਕਰ ਸਕੀਏ।
ਇਹਨਾਂ ਦੋਖੀਆਂ ਨੇ ਗਾਹੇ-ਬਗਾਹੇ ਆਪ ਜੀ ਦੀਆਂ ਸ਼ਿਕਾਇਤਾਂ, ਅਕਬਰ ਬਾਦਸ਼ਾਹ ਪਾਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨੇ ਬਾਦਸ਼ਾਹ ਨੂੰ ਉਕਸਾਇਆ ਕਿ ਸੂਰਦਾਸ ਜੀ 'ਅਮਾਨਤ `ਚ ਖ਼ਿਆਨਤֲ֯’ਕਰਕੇ, ਸ਼ਾਹੀ ਖ਼ਜ਼ਾਨੇ ਨੂੰ ਲੁਟਾਈ ਜਾ ਰਹੇ ਹਨ। ਉਹਨਾਂ ਪਾਸੋਂ ਹਿਸਾਬ ਕਿਤਾਬ ਲੈ ਕੇ, ਉਹਨਾਂ ਨੂੰ ਹਾਕਮ ਦੇ ਅਹੁਦੇ ਤੋਂ ਫਾਰਗ ਕਰ ਦੇਣਾ ਚਾਹੀਦਾ ਹੈ ਭਾਵ ਕਿ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਸ਼ਿਕਾਇਤ ਮਿਲਣ ਤੋ' ਬਾਅਦ, ਅਕਬਰ ਬਾਦਸ਼ਾਹ ਨੇ ਭਗਤ ਸੂਰਦਾਸ ਜੀ ਨੂੰ ਤਲਬ ਕਰ ਲਿਆ ਤੇ ਆਪਣੇ ਅਹਿਲਕਾਰਾਂ ਨੂੰ ਹਿਸਾਬ-ਕਿਤਾਬ ਦਾ ਮਿਲਾਣ ਕਰਨ ਲਈ ਕਿਹਾ। ਸ਼ਾਹੀ ਖ਼ਜ਼ਾਨੇ ਵਿਚ ਪੂਰੀ ਰਕਮ ਨਾ ਜਮ੍ਹਾ ਹੋਣ ਕਾਰਨ, ਆਪ ਜੀ ਨੂੰ ਨੌਕਰੀ ਤੋ ਹਟਾ ਦਿੱਤਾ ਗਿਆ ਅਤੇ ਕੋਠੜੀ ਵਿਚ ਕੈਦ ਕਰਕੇ ਰੱਖਣ ਦੀ ਸਜਾ ਸੁਣਾਈ ਗਈ। ਆਪ ਜੀ ਕੈਦ ਵਿਚ ਰਹਿ ਕੇ ਵੀ, ਉੱਚੀ ਆਤਮਿਕ ਅਵਸਥਾ ’ਚ ਵਿਚਰਦੇ ਰਹਿੰਦੇ ਸਨ। ਆਪ ਜੀ ਹਰ ਸਮੇਂ ਪਰਮਾਤਮਾ ਦੀ ਭਗਤੀ 'ਚ ਲੀਨ ਰਹਿੰਦੇ ਸਨ ਅਤੇ ਪਿਆਰ ਵਿਚ ਭਿੱਜ ਕੇ, ਇਕਾਗਰ ਮਨ ਹੋ ਕੇ, ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਵਿਚ ਪਰਮਾਤਮਾ ਦੇ ਭਜਨ ਗਾਉਂਦੇ ਰਹਿੰਦੇ ਸਨ।
ਇਕ ਦਿਨ ਦੀ ਗੱਲ ਹੈ ਕਿ ਇਸ ਕੋਠੜੀ ਦੇ ਕੋਲੋਂ ਦੀ ਲੰਘਦੇ ਹੋਏ, ਬਾਦਸ਼ਾਹ ਅਕਬਰ ਦੇ ਕੰਨਾਂ ਵਿਚ ਭਗਤ ਸੂਰਦਾਸ ਜੀ ਦੁਆਰਾ ਗਾਇਨ ਕੀਤੇ ਜਾ ਰਹੇ, ਵੈਰਾਗਮਈ ਭਜਨਾਂ ਦੀ ਆਵਾਜ਼ ਪਈ। ਬਾਦਸ਼ਾਹ ਇਹਨਾਂ ਭਜਨਾਂ ਨੂੰ ਸੁਣ ਕੇ ਨਿਹਾਲ ਹੋ ਗਿਆ। ਉਹ ਇਹਨਾਂ ਭਜਨਾਂ ਨੂੰ ਸੁਣ ਕੇ, ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪ ਜੀ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ।
ਅਗਲੇ ਦਿਨ, ਬਾਦਸ਼ਾਹ ਅਕਬਰ ਨੇ, ਭਗਤ ਸੂਰਦਾਸ ਜੀ (ਸ੍ਰੀ ਮਦਨ ਮੋਹਨ ਜੀ) ਨੂੰ ਦਰਬਾਰ ਵਿਚ ਬੁਲਾ ਕੇ, ਉਹਨਾਂ ਨੂੰ ਦੋਬਾਰਾ ਆਪਣਾ ਕੰਮ-ਕਾਜ ਸੰਭਾਲਣ ਲਈ ਬੇਨਤੀ ਕੀਤੀ। ਪਰ, ਭਗਤ ਸੂਰਦਾਸ ਜੀ ਨੇ ਨਿਮਰਤਾ ਸਹਿਤ, ਬਾਦਸ਼ਾਹ ਅਕਬਰ ਨੂੰ ਬੇਨਤੀ ਕੀਤੀ ਕਿ ਜਹਾਂਪਨਾਹ! ਹੁਣ ਮੈਂ ਕਿਸੇ ਦੁਨਿਆਵੀ ਵਿਅਕਤੀ ਦੀ ਨੌਕਰੀ ਨਹੀਂ ਕਰਨੀ। ਹੁਣ ਤਾਂ ਮੈ ਉਸ ਪਰਮਾਤਮਾ ਦੀ ਚਾਕਰੀ ਕਰਨੀ ਹੈ, ਜਿਹੜਾ ਸਮੁੱਚੇ ਸੰਸਾਰ ਨੂੰ ਚਲਾ ਰਿਹਾ ਹੈ ਤੇ ਸਮੁੱਚੀ ਲੋਕਾਈ ਨੂੰ ਦਾਤਾਂ ਦੇਣ ਵਾਲਾ ਹੈ। ਇੰਜ ਆਪ ਜੀ ਨੇ ਅਕਬਰ ਬਾਦਸ਼ਾਹ ਪਾਸ ਨੌਕਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਕੁੱਝ ਸਮਾਂ ਪਿਆ ਤਾਂ ਭਗਤ ਸੂਰਦਾਸ ਜੀ ਦੀਆਂ ਅੱਖਾਂ ਦੀ ਜੋਤਿ ਚਲੀ ਗਈ ਤੇ ਭਗਤ ਸੂਰਦਾਸ ਜੀ ਨੂੰ ਦਿਸਣਾ ਬੰਦ ਹੋ ਗਿਆ। ਪਰ, ਭਗਤ ਸੂਰਦਾਸ ਜੀ ਪਹਿਲਾਂ ਦੀ ਤਰ੍ਹਾਂ ਹੀ, ਪਰਮਾਤਮਾ ਦੇ ਗੁਣ ਗਾਉਂਦੇ ਹੋਏ ਤੇ ਹਿਰਦੇ ਅੰਦਰ, ਉਸ ਨਿਰੰਕਾਰ ਦੀ ਹੋਂਦ ਨੂੰ ਅਨੁਭਵ ਕਰਦੇ ਹੋਏ, ਇਸ ਸੰਸਾਰ `ਚ ਵਿਚਰਦੇ ਰਹੇ। ਅਖ਼ੀਰ, ਆਪ ਜੀ ਕਾਸ਼ੀ (ਬਨਾਰਸ) ਦੇ ਨੇੜੇ, ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਆਪ ਜੀ ਦੇ ਅੰਤਿਮ ਸਮੇਂ ਦੀ ਨਿਸ਼ਾਨੀ ਦੇ ਰੂਪ ਵਿਚ, ਆਪ ਜੀ ਦੀ ਸਮਾਧੀ ਕਾਸ਼ੀ (ਬਨਾਰਸ) ਨੇੜੇ ਬਣੀ ਹੋਈ ਹੈ।
ਬਾਣੀ ਭਗਤ ਸੂਰਦਾਸ ਜੀ ਦੀ :
ਭਗਤ ਸੂਰਦਾਸ ਜੀ ਦੀ ਸਾਰੰਗ ਰਾਗੁ ਵਿਚ ਉਚਾਰਨ ਕੀਤੀ ਸਿਰਫ ਇਕ ਪੰਕਤੀ, ਸ੍ਰੀ ਗੁਰੂ ਗੰਥ ਸਾਹਿਬ ਜੀ ਅੰਦਰ ਸੁਭਾਇਮਾਨ ਹੈ। ਇਹ ਪੰਕਤੀ ਤੇ ਇਸ ਪੰਕਤੀ ਦੇ ਭਾਵ ਅਰਥ ਹੇਠ ਲਿਖੇ ਅਨੁਸਾਰ ਹਨ।
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥                                                                               (ਅੰਗ ੧੨੫੩)
ਭਾਵ ਅਰਥ : ਹੇ ਮੇਰੇ ਮਨ! ਤੂੰ ਉਹਨਾਂ ਦਾ ਸਾਥ ਛੱਡ ਦੇ, ਜੋ ਪਰਮਾਤਮਾ ਤੋਂ ਬੇਮੁੱਖ ਹਨ।
ਇਸ ਤੋਂ ਇਲਾਵਾ, ਭਗਤ ਸੂਰਦਾਸ ਜੀ ਦੇ ਪ੍ਰਥਾਇ, ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਾਰੰਗ ਰਾਗੁ ਵਿਚ ਉਚਾਰਨ ਕੀਤਾ ਇਕ ਸ਼ਬਦ ਵੀ ਸ੍ਰੀ ਗੁਰੂ ਗੰਥ ਸਾਹਿਬ ਜੀ ਅੰਦਰ ਸੁਭਾਇਮਾਨ ਹੈ। ਇਸ ਸ਼ਬਦ ਦਾ ਭਾਵ ਅਰਥ ਹੇਠ ਲਿਖੇ ਅਨੁਸਾਰ ਹੈ।


ਸਾਰੰਗ ਮਹਲਾ ੫ ਸੂਰਦਾਸ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਕੇ ਸੰਗ ਬਸੇ ਹਰਿ ਲੋਕ ॥
ਤਨੁ ਮਨੁ ਅਰਪਿ ਸਰਬਸੁ ਸਭੁ
ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥


                                                                                                                        (ਅੰਗ ੧੨੫੩)
ਭਾਵ ਅਰਥ : ਪਰਮਾਤਮਾ ਦੀ ਭਜਨ-ਬੰਦਗੀ ਕਰਨ ਵਾਲੇ ਲੋਕ ਪਰਮਾਤਮਾ ਦੇ ਨਾਲ ਵੱਸਦੇ ਹਨ। ਉਹ ਆਪਣਾ ਤਨ, ਮਨ ਇਥੇਂ ਤੱਕ ਕਿ ਆਪਣਾ ਸਭ ਕੁਝ ਹੀ ਨਿਉਛਾਵਰ (ਅਰਪਣ) ਕਰ ਦਿੰਦੇ ਹਨ। ਉਹਨਾਂ ਨੂੰ ਸਹਿਜ-ਧੁਨਿ (ਭਾਵ ਕਿ ਅਡੋਲ ਸੁਰ) ਦੇ ਹੁਲਾਰਿਆਂ ਦਾ ਆਨੰਦ ਆਉਂਦਾ ਹੈ। ਭਗਤੀ ਕਰਨ ਵਾਲੇ ਵਿਸ਼ੇ-ਵਿਕਾਰਾਂ ਤੋਂ ਬਚ ਜਾਂਦੇ ਹਨ ਅਤੇ ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ। ਪਰਮਾਤਮਾ ਦੇ ਸੁਹਣੇ ਮੁੱਖ ਦਾ ਦੀਦਾਰ ਕਰਕੇ, ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਚੀਜ਼ ਦੀ ਗਰਜ਼ (ਲੋੜ) ਨਹੀਂ ਰਹਿ ਜਾਂਦੀ।
ਜਿਹੜੇ ਮਨੁੱਖ ਸੁਹਣੇ ਤੇ ਸਾਂਵਲੇ ਪ੍ਰਭੂ ਨੂੰ ਵਿਸਾਰ ਕੇ ਮਨ ਅੰਦਰ ਹੋਰ ਪਦਾਰਥਾਂ ਦੀ ਲਾਲਸਾ ਰੱਖਦੇ ਹਨ, ਉਹ ਉਸ ਜੋਕ ਦੀ ਤਰ੍ਹਾਂ ਹਨ, ਜਿਹੜੀ ਕਿਸੇ ਕੋਹੜੀ ਦੇ ਸਰੀਰ 'ਤੇ ਚਿੰਬੜ ਕੇ ਗੰਦਾ ਖੂਨ ਚੂਸਦੀ ਹੈ।
ਹੇ ਸੂਰਦਾਸ! ਜਿਨ੍ਹਾਂ ਦਾ ਮਨ, ਪਰਮਾਤਮਾ ਨਾਲ ਲਗ ਗਿਆ ਹੈ, ਉਹਨਾਂ ਨੂੰ ਲੋਕ ਤੇ ਪਰਲੋਕ, ਦੋਹਾਂ ਥਾਈਂ ਅਨੰਦ ਤੇ ਸੁੱਖ ਮਿਲਦਾ ਹੈ।
ਆਸ ਹੈ ਕਿ ਪਾਠਕ ਜਨ ਭਗਤ ਸੂਰਦਾਸ ਜੀ ਦੇ ਜੀਵਨ ਅਤੇ ਉਹਨਾਂ ਦੀ ਬਾਣੀ ਤੋਂ ਮਿਲਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਅਪਣਾਅ ਕੇ ਲਾਭ ਉਠਾਉਣਗੇ।