ਗਿੱਧਾ

ਪ੍ਰਾਚੀਨ ਕਾਲ ਤੋਂ ਹੀ ਗਿੱਧਾ ਪੰਜਾਬ ਦੀਆਂ ਔਰਤਾਂ ਦਾ ਹਰਮਨ ਪਿਆਰਾ ਲੋਕ-ਨਾਚ ਜਾਣਿਆ ਜਾਂਦਾ ਰਿਹਾ ਹੈ। ਇਹ ਨਾਚ ਜਵਾਨ ਅੱਲ੍ਹੜ ਮੁਟਿਆਰਾਂ ਦੀਆ ਸੱਧਰਾਂ, ਸੁਹਾਗਣਾ ਦਾ ਸਹੁਰੇ ਅਤੇ ਪੇਕਿਆਂ ਪ੍ਰਤੀ ਸਨੇਹ ਅਤੇ ਮਨ ਦੇ ਵਲਵਲਿਆਂ, ਚਾਵਾਂ,ਆਸ-ਉਮੰਗਾਂ ਅਤੇ ਖੁਸ਼ੀਆਂ-ਖੇੜਿਆਂ ਨੂੰ ਉਜਾਗਰ ਕਰਨ ਦਾ ਉੱਤਮ ਸਾਧਨ ਹੈ। ਗਿੱਧਾ ਤਾੜੀਆਂ ਵਜਾ ਕੇ ਕੀਤਾ ਜਾਣ ਵਾਲਾ ਨਾਚ ਹੈ। ਇਸਨੂੰ ਦੂਸਰੇ ਸ਼ਬਦਾਂ ਵਿੱਚ ਤਾੜੀ ਨਾਚ ਵੀ ਕਿਹਾ ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਔਰਤਾਂ ਘੇਰਾ ਬਣਾ ਕੇ ਖੜੋ ਜਾਂਦੀਆਂ ਹਨ। ਦੂਸਰੀਆਂ ਦੋ ਜਾਂ ਦੋ ਤੋਂ ਵੱਧ ਔਰਤਾਂ ਘੇਰੇ ਅੰਦਰ ਨੱਚਦੀਆਂ ਹਨ ਅਤੇ ਉਹਨਾਂ ਦੁਆਲੇ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਤਾੜੀਆਂ ਵਜਾਉਂਦੀਆਂ ਹਨ। ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਵਿੱਚੋਂ ਕੁਝ ਔਰਤਾਂ ਗੁਰੱਪ ਵਿੱਚ ਬੋਲੀਆਂ ਜਾਂ ਟੱਪੇ ਗਾਉਂਦੀਆਂ ਹਨ। ਬੋਲੀਆਂ ਪਾਉਣ ਵਾਲ਼ੀਆਂ ਔਰਤਾਂ ਬੋਲੀਆਂ ਜਾਂ ਟੱਪੇ ਇੱਕ ਖ਼ਾਸ ਸੁਰ ਵਿੱਚ ਗਾਏ ਜਾਂਦੇ ਹਨ। ਬਾਹਰ ਘੇਰਾ ਬਣਾ ਕੇ ਖੜ੍ਹੀਆਂ ਔਰਤਾਂ ਦੀਆਂ ਤਾੜੀਆਂ ਦਾ ਵਹਾਅ ਅਤੇ ਗਾਈਆਂ ਜਾਣ ਵਾਲ਼ੀਆਂ ਬੋਲੀਆਂ ਜਾਂ ਟੱਪੇ ਜਦੋਂ ਗਾਉਣ ਵਾਲ਼ੀਆਂ ਔਰਤਾਂ ਦੀਆਂ ਸੁਰਾਂ ਦੀ ਲੈਅ ਇਕੱਠੇ ਨਾਲ-ਨਾਲ ਚੱਲਦੇ ਹਨ ਤਾਂ ਇਸ ਸਮੇ ਪੈਦਾ ਹੋਈ ਇੱਕ ਮਧੁਰ ਸਗੀਤਮਈ ਅਵਸਥਾ ਨੂੰ ਕਾਇਮ ਰੱਖਣ ਲਈ ਬੱਲ- ਬੱਲੇ ਬਈ, ਸਾਵਾ-ਸਾਵਾ ਬਈਆਦਿ ਟੋਟਕਿਆਂ ਨਾਲ ਸੁਰ ਅਤੇ ਲੈਅ ਵਿੱਚ ਬੰਨ੍ਹਕੇ ਰੱਖਿਆ ਜਾਂਦਾ ਹੈ।

 ਜਦੋਂ ਬੋਲੀਆਂ ਅਤੇ ਤਾੜੀਆਂ ਦੀ ਸੁਰ ਅਤੇ ਤਾਲ ਇੱਕਸਾਰ ਹੋ ਜਾਂਦੀ ਹੈ ਤਾਂ ਕੁਦਰਤੀ ਹੁਲਾਰੇ ਆਉਣ ਲੱਗ ਪੈਂਦੇ ਹਨ ਅਤੇ ਘੇਰੇ ਅੰਦਰ ਖੜੋਤੀਆਂ ਔਰਤਾਂ ਦੇ ਅੰਗ ਥਿਰਕਣ ਲੱਗ ਜਾਂਦੇ ਹਨ ਅਤੇ ਉਹ ਮੰਤਰ ਮੁਗਧ ਹੋ ਕੇ ਨੱਚਣ ਲੱਗ ਪੈਂਦੀਆਂ ਹਨ। ਇਸ ਸਮੇਂ ਗਿੱਧਾ ਪੈਂਦਾ ਦੇਖਿਆਂ ਹੀ ਬਣਦਾ ਹੈ। ਗਿੱਧੇ ਵਿੱਚ ਔਰਤਾਂ ਬੋਲੀਆਂ ਰਾਹੀਂ ਆਮਤੌਰ ਤੇ ਘਰੇਲੂ ਅਤੇ ਸਮਾਜਿਕ ਮਸਲਿਆਂ ਜਿਵੇਂ ਕਿ ਨੂੰਹ-ਸੱਸ ਦੀ ਨੋਕ-ਝੋਕ, ਦਿਉਰ-ਭਰਜਾਈ ਦਾ ਰੋਮਾਂਸ, ਸੋਹਣੇ ਵਰ ਦੀ ਚੋਣ, ਅੰਮੜੀ ਦੇ ਵਿਹੜੇ ਆਦਿ ਦਾ ਜ਼ਿਕਰ ਵੱਖਰੇ-ਵੱਖਰੇ ਅੰਦਾਜ਼ ਵਿੱਚ ਕੀਤਾ ਜਾਂਦਾ ਹੈ।