ਟੋਕਿਓ 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਅੱਜ ਦੇਸ਼ ਪਰਤਣਗੇ ਭਾਰਤੀ ਐਥਲੀਟ

ਟੋਕਿਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਐਥਲੀਟ ਅੱਜ ਦੇਸ਼ ਪਰਤਣਗੇ। ਦੇਸ਼ ਲਈ ਮੈਡਲ ਜਿੱਤਣ ਵਾਲੇ ਸਾਰੇ ਖਿਡਾਰੀਆਂ ਨੂੰ ਅੱਜ ਸ਼ਾਮ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਰੱਖੇ ਇਕ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਖਿਡਾਰੀਆਂ ਦੇ ਰੂਬਰੂ ਹੋਣਗੇ। ਭਾਰਤ ਨੇ ਟੋਕਿਓ ਓਲੰਪਿਕ 'ਚ ਕੁੱਲ 7 ਤਗਮੇ, ਜਿੰਨ੍ਹਾਂ 'ਚ ਇਕ ਗੋਲਡ, ਦੋ ਸਿਲਵਰ ਤੇ ਚਾਰ ਬ੍ਰੌਂਜ ਮੈਡਲ ਸ਼ਾਮਲ ਹਨ। ਇਹ ਪ੍ਰੋਗਰਾਮ ਸ਼ਾਮ ਸਾਢੇ 6 ਵਜੇ ਸ਼ੁਰੂ ਹੋਵੇਗਾ। ਪ੍ਰੋਗਰਾਮ 'ਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਕਈ ਸਾਬਕਾ ਓਲੰਪਿਕ ਖਿਡਾਰੀ ਤੇ ਭਾਰਤ ਸਰਕਾਰ ਦੇ ਅਧਿਕਾਰੀ ਮੌਜੂਦ ਰਹਿਣਗੇ। 

ਟੋਕਿਓ ਤੋਂ ਅੱਜ ਨੀਰਜ ਚੋਪੜਾ, ਪੁਰਸ਼ ਤੇ ਮਹਿਲਾ ਹਾਕੀ ਟੀਮ, ਬਜਰੰਗ ਪੂਨੀਆ ਤੇ ਟ੍ਰੈਕ ਐਂਡ ਫੀਲਡ ਦੇ ਈਵੈਂਟ 'ਚ ਸ਼ਾਮਲ ਐਥਲੀਟ ਵਾਪਸ ਪਰਤ ਰਹੇ ਹਨ। ਇਹ ਸਾਰੇ ਅੱਜ ਸ਼ਾਮ ਸਵਾ ਪੰਜ ਵਜੇ ਦਿੱਲੀ ਏਅਰਪੋਰਟ ਪਹੁੰਚਣਗੇ। ਮਹਿਲਾ ਹਾਕੀ ਟੀਮ ਏਅਰਪੋਰਟ ਤੋਂ ਸਿੱਧਾ ਅਸ਼ੋਕਾ ਹੋਟਲ ਜਾਵੇਗੀ ਜਦਕਿ ਨੀਰਜ ਚੋਪੜਾ, ਪੁਰਸ਼ ਹਾਕੀ ਟੀਮ ਤੇ ਬਜਰੰਗ ਪੂਨੀਆ ਸਿੱਧਾ ਧਿਆਨਚੰਦ ਨੈਸ਼ਨਲ ਸਟੇਡੀਅਮ ਜਾਣਗੇ। ਇਸ ਤੋਂ ਇਲਾਵਾ ਹੋਰ ਮੈਡਲ ਜੇਤੂ ਭਾਰਤੀ ਐਥਲੀਟ ਪਹਿਲਾਂ ਹੀ ਦੇਸ਼ ਪਰਤ ਚੁੱਕੇ ਹਨ। ਮੀਰਾਬਾਈ ਚਾਨੂੰ, ਰਵੀ ਦਹੀਆ ਤੇ ਲਵਲੀਨਾ ਬਾਰਗੋਹੇਨ ਇਹ ਸਭ ਵੀ ਅੱਜ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਸਨਮਾਨ ਸਮਾਰੋਹ ਤੋਂ ਬਾਅਦ ਸਾਰੇ ਐਥਲੀਟ ਧਿਆਨਚੰਦ ਸਟੇਡੀਅਮ ਤੋਂ ਅਸ਼ੋਕਾ ਹੋਟਲ ਲਈ ਰਵਾਨਾ ਹੋਣਗੇ।