ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼, ਅੰਡਰ-14 ਵਰਗ 'ਚ 1244 ਖਿਡਾਰੀਆਂ ਨੇ ਲਿਆ ਹਿੱਸਾ

ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼, ਅੰਡਰ-14 ਵਰਗ 'ਚ 1244 ਖਿਡਾਰੀਆਂ ਨੇ ਲਿਆ ਹਿੱਸਾ
ਲੁਧਿਆਣਾ
: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਅੰਡਰ-14 ਵਰਗ ਵਿੱਚ ਕੁੱਲ 1244 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 635 ਲੜਕੇ ਅਤੇ 609 ਲੜਕੀਆਂ ਸ਼ਾਮਲ ਹਨ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਵੱਖ-ਵੱਖ 9 ਜ਼ਿਲ੍ਹਿਆਂ ਵਿੱਚ ਰਾਜ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ ਹੈ ਅਤੇ ਇਹ ਟੂਰਨਾਮੈਂਟ ਵੱਖ-ਵੱਖ 30 ਖੇਡਾਂ ਵਿੱਚ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਚਾਰ ਖੇਡਾਂ ਹੈਂਡਬਾਲ, ਜੂਡੋ, ਸਾਫਟਬਾਲ ਦੇ ਲੜਕੇ/ਲੜਕੀਆਂ ਅੰਡਰ-14, 17, 21, 21-40 ਅਤੇ ਬਾਸਕਟਬਾਲ ਅੰਡਰ-21, 21-40 ਦੇ ਮੁਕਾਬਲੇ ਲੁਧਿਆਣਾ ਵਿੱਚ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਅੱਜ ਦੇ ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਐਸ.ਏ.ਐਸ.ਨਗਰ (ਮੁਹਾਲੀ) ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 16-15 ਦੇ ਫਰਕ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਐਸ.ਬੀ.ਐਸ.ਨਗਰ ਦੀ ਟੀਮ ਨੂੰ 18-2 ਦੇ ਫਰਕ ਨਾਲ, ਕਪੂਰਥਲਾ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 5-3 ਦੇ ਫਰਕ ਨਾਲ, ਜਲੰਧਰ ਦੀ ਟੀਮ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 16-8 ਦੇ ਫਰਕ ਨਾਲ ਅਤੇ ਰੂਪਨਗਰ ਦੀ ਟੀਮ ਨੇ ਤਰਨਤਾਰਨ ਨੂੰ 13-1 ਦੇ ਫਰਕ ਨਾਲ ਹਰਾਇਆ।  ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 13-5 ਦੇ ਫਰਕ ਨਾਲ, ਲੁਧਿਆਣਾ ਦੀ ਟੀਮ ਨੇ ਮਲੇਰਕੋਟਲਾ ਦੀ ਟੀਮ ਨੂੰ 15-02 ਦੇ ਫਰਕ ਨਾਲ ਅਤੇ ਮੋਗਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 9-8 ਦੇ ਫਰਕ ਨਾਲ ਮਾਤ ਦਿੱਤੀ। ਸਾਫਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਮੋਗਾ ਦੀ ਟੀਮ ਨੇ ਪਟਿਆਲਾ ਨੂੰ 10-0 ਦੇ ਫਰਕ ਨਾਲ, ਫਾਜਿਲਕਾ ਨੇ ਬਰਨਾਲਾ ਨੂੰ 10-0 ਦੇ ਫਰਕ ਨਾਲ, ਲੁਧਿਆਣਾ ਨੇ ਮੁਕਸਤਰ ਸਾਹਿਬ ਨੂੰ 15-0 ਦੇ ਫਰਕ ਨਾਲ,  ਫਿਰੋਜਪੁਰ ਦੀ ਟੀਮ ਨੇ ਜਲੰਧਰ ਨੂੰ 10-0 ਦੇ ਫਰਕ ਨਾਲ ਅਤੇ ਲੁਧਿਆਣਾ ਨੇ ਫਾਜਿਲਕਾ ਨੂੰ 11-1 ਦੇ ਫਰਕ ਨਾਲ  ਹਰਾਇਆ। ਜੁਡੋ ਅੰਡਰ-14, 28 ਕਿਲੋਗ੍ਰਾਮ ਭਾਰ ਵਰਗ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 32 ਕਿਲੋਗ੍ਰਾਮ 'ਚ ਵੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਐਜਲਿਨਾ ਨੇ ਬਾਜੀ ਮਾਰੀ। ਇਸੇ ਤਰ੍ਹਾਂ 36 'ਚ ਜੀਵਿਕਾ (ਅਮ੍ਰਿਤਸਰ), 40 'ਚ ਇਸ਼ਾ (ਪਟਿਆਲਾ), 44 'ਚ ਗੁਰਮਿਹਰ ਕੌਰ (ਅਮ੍ਰਿਤਸਰ) ਨੇ ਪਹਿਲਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ 'ਖੇਡਾਂ ਵਤਨ ਪੰਜਾਬ ਦੀਆਂ - 2022' ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਸੀ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਇਹ ਮਹਾਂਕੁੰਭ ਉਲੀਕਿਆ ਹੈ।