ਗੁਰਦਾਸਪੁਰ, 1 ਜੁਲਾਈ 2024 : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਮੈਡਲ ਪ੍ਰਾਪਤ ਕਰਨ ਵਾਲੇ ਪੰਜਾਬ ਰਾਜ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨਵੀਂ ਖੇਡ ਨੀਤੀ-2023 ਤਹਿਤ ਓਲੰਪੀਅਨ ਸਰਦਾਰ ਬਲਬੀਰ ਸਿੰਘ (ਸੀਨੀਅਰ) ਸਕਾਲਰਸ਼ਿਪ ਫ਼ਾਰ ਆਊਟਸਟੈਂਡਿੰਗ ਐਂਡ ਬੱਡਿੰਗ ਸਪੋਰਟਸ ਪਰਸਨਜ ਅਧੀਨ ਮਿਤੀ 11 ਅਗਸਤ 2023 ਤੋਂ 31 ਮਾਰਚ 2024 ਤੱਕ ਦੇ ਸਮੇਂ ਦੌਰਾਨ ਆਯੋਜਿਤ ਹੋਈਆਂ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਕੋਲੋਂ ਸਕਾਲਰਸ਼ਿਪ ਦੇਣ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਨਿਯਮ/ਸ਼ਰਤਾਂ ਅਤੇ ਖਿਡਾਰੀਆਂ ਵੱਲੋਂ ਭਰਿਆ ਵਾਲਾ ਪ੍ਰੋਫਾਰਮਾ ਖੇਡ ਵਿਭਾਗ ਦੀ ਵੈੱਬਸਾਈਟ www.pbsports.punjab.gov.in ਉੱਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਆਪਣਾ ਬਿਨੈ-ਪੱਤਰ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰ ਕੇ ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਨੂੰ ਆਪਣੇ ਸਵੈ-ਤਸਦੀਕਸ਼ੁਦਾ ਸਰਟੀਫਿਕੇਟਾਂ ਸਮੇਤ ਹਲਫ਼ੀਆ ਬਿਆਨ ਮਿਤੀ 16 ਜੁਲਾਈ 2024 ਤੱਕ ਭੇਜਣ। ਉਨ੍ਹਾਂ ਕਿਹਾ ਕਿ ਇਸ ਮਿਤੀ ਤੋਂ ਬਾਅਦ ਵਿੱਚ ਪ੍ਰਾਪਤ ਹੋਏ ਬਿਨੈ-ਪੱਤਰਾਂ ਉੱਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।