- 31 ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੀ ਸ਼ੁਰੂਆਤ ਮੌਕੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ
- ਹਾਕਸ ਕਲੱਬ ਨੂੰ 10 ਲੱਖ ਰੁਪਏ ਦੀ ਵਿਸ਼ੇਸ ਗ੍ਰਾਂਟ ਦੇਣ ਦਾ ਐਲਾਨ
ਰੂਪਨਗਰ, 15 ਮਾਰਚ : ਪੰਜਾਬ ਸਰਕਾਰ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਖੇਡਾਂ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਹੈ ਤੇ ਖੇਡਾਂ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਵੀ ਨਿਰੰਤਰ ਜਾਰੀ ਹਨ। ਜਲਦ ਹੀ ਸਾਡਾ ਸੂਬਾ ਪੰਜਾਬ ਖੇਡਾਂ ਨੂੰ ਲੈ ਕੇ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਤੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਜੈ ਕਿਸ਼ਨ ਸਿੰਘ ਰੋੜੀ ਨੇ 31 ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਗਈ ਪਵਿੱਤਰ ਜੋਤ ਪ੍ਰਜਲਵਿਤ ਕੀਤੀ ਗਈ ਤੇ ਏਕਤਾ ਦਾ ਪ੍ਰਤੀਕ ਰੰਗ ਬਿਰੰਗੇ ਗੁਬਾਰੇ ਤੇ ਕਬੂਤਰ ਆਸਮਾਨ ਵਿੱਚ ਛੱਡੇ ਗਏ। ਜੈ ਕਿਸ਼ਨ ਸਿੰਘ ਰੋੜੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਇਸ ਮੈਦਾਨ ਵਿੱਚ ਰਾਸ਼ਟਰੀ ਪੱਧਰ ਤੇ ਹਾਕੀ ਟੂਰਨਾਮੈਂਟ ਕਰਵਾਉਣਾ ਜਿੱਥੇ ਆਸਾਨ ਕੰਮ ਨਹੀਂ ਹੈ ਉੱਥੇ ਲਗਾਤਾਰ ਟੂਰਨਾਮੈਂਟ ਕਰਵਾਉਣਾ ਉਸ ਤੋਂ ਵੀ ਜ਼ਿਆਦਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਐਡਵੋਕੇਟ ਐਸ.ਐਸ.ਸੈਣੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਹਾਕਸ ਕਲੱਬ ਵੱਲੋਂ ਓਲੰਪੀਅਨ ਸ. ਪ੍ਰਗਟ ਸਿੰਘ, ਸ.ਧਰਮਵੀਰ ਸਿੰਘ ਅਤੇ ਸ.ਗੁਰਿੰਦਰ ਸਿੰਘ ਵਰਗੇ ਵਿਸ਼ਵ ਪੱਧਰ ਦੇ ਨਾਮਵਰ ਹਾਕੀ ਖਿਡਾਰੀ ਪੈਦਾ ਕੀਤੇ ਗਏ ਹਨ। ਜੋ ਕਿ ਇਸ ਕਲੱਬ ਲਈ ਬਹੁਤ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿਰਫ ਹਾਕੀ ਹੀ ਅਜਿਹੀ ਖੇਡ ਹੈ ਜਿਸ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਤੋਂ ਬਿਨਾਂ ਟੀਮ ਅਧੂਰੀ ਰਹਿੰਦੀ ਹੈ। ਸੂਬੇ ਨੂੰ ਇਹ ਮਾਣ ਪ੍ਰਾਪਤ ਹੈ ਕਿ ਦੇਸ਼ ਦੀ ਹਾਕੀ ਦੀ ਟੀਮ ਵਿੱਚ ਵੱਡੇ ਖਿਡਾਰੀ ਪੰਜਾਬ ਤੋਂ ਹੀ ਹਨ। ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਸੰਬੋਧਨ ਕਰਦਿਆਂ ਹਾਕਸ ਕਲੱਬ ਵੱਲੋਂ ਕਰਵਾਏ ਜਾਂਦੇ ਇਸ ਹਾਕੀ ਫੈਸਟੀਵਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਲੱਬ ਵੱਲੋਂ ਆਰੰਭੇ ਜਾਣ ਵਾਲੇ ਸਟੇਡੀਅਮ ਦੇ ਨਵੀਨੀਕਰਨ ਲਈ ਜਿਸ ਤੇ ਘੱਟੋ-ਘੱਟ 1 ਕਰੋੜ ਦਾ ਖਰਚ ਆਵੇਗਾ, ਲਈ ਗ੍ਰਾਂਟ ਦੀ ਮੰਗ ਵੀ ਕੀਤੀ। ਜਿਸ ਤੇ ਗੌਰ ਕਰਦਿਆਂ ਸ.ਜੈ ਕਿਸ਼ਨ ਸਿੰਘ ਰੋੜੀ ਵੱਲੋਂ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਪਹਿਲੀ ਕਿਸ਼ਤ ਵਜੋਂ ਦਿੰਦਿਆਂ ਭਵਿੱਖ ਵਿੱਚ ਵੀ ਕਲੱਬ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਐਸ.ਡੀ.ਐਮ. ਸ. ਹਰਬੰਸ ਸਿੰਘ, ਡੀ.ਐਸ.ਪੀ. ਸ. ਗੁਰਮੀਤ ਸਿੰਘ, ਫੈਸਟੀਵਲ ਕਮੇਟੀ ਦੇ ਸਕੱਤਰ ਸ. ਜਸਬੀਰ ਸਿੰਘ ਰਾਏ, ਸ. ਹਰਜੀਤ ਸਿੰਘ, ਸ਼੍ਰੀ ਸ਼ਿਵ ਕੁਮਾਰ ਲਾਲਪੁਰਾ, ਸ. ਸੁਰਜਨ ਸਿੰਘ, ਐਡਵੋਕੇਟ ਗੌਰਵ ਕਪੂਰ, ਐਡਵੋਕੇਟ ਵਿਕਰਮ ਗਰਗ, ਸ਼੍ਰੀ ਸੁਦੀਪ ਵਿਜ, ਸ਼੍ਰੀ ਨਵੀਨ ਦਰਦੀ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।