ਚੇਂਗਦੂ (ਪੀਟੀਆਈ) : ਸਟਾਰ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਦੇ ਆਪਣੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤਣ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ ਗੇੜ ਵਿਚ ਦੂਜਾ ਦਰਜਾ ਹਾਸਲ ਜਰਮਨੀ ਨੂੰ 3-1 ਨਾਲ ਹਰਾ ਕੇ ਉਲਟਫੇਰ ਕੀਤਾ। ਸਾਥੀਆਨ ਨੂੰ ਇਨ੍ਹਾਂ ਦੋ ਵਿਚੋਂ ਇਕ ਜਿੱਤ ਦੁਨੀਆ ਦੇ ਨੰਬਰ ਨੌਂ ਖਿਡਾਰੀ ਡਾਂਗ ਕਿਯੂ ਖ਼ਿਲਾਫ਼ ਮਿਲੀ। ਦੁਨੀਆ ਦੇ 37ਵੇਂ ਨੰਬਰ ਦੇ ਇਸ ਭਾਰਤੀ ਨੇ ਪਹਿਲਾਂ ਡੁਡਾ ਬੇਨੇਡਿਕਟ (36ਵੀਂ ਰੈਂਕਿੰਗ) ਨੂੰ ਹਰਾਇਆ ਤੇ ਫਿਰ ਜਰਮਨੀ ਦੇ ਆਪਣੇ ਤੋਂ ਉੱਚੀ ਰੈਂਕਿੰਗ ਦੇ ਕਿਯੂ ਨੂੰ ਮਾਤ ਦਿੱਤੀ। ਸਾਥੀਆਨ ਨੇ ਦੋਵਾਂ ਹੀ ਮਕਾਬਲਿਆਂ ਵਿਚ ਪਹਿਲੀਆਂ ਦੋ ਗੇਮਾਂ ਹਾਰਨ ਤੋਂ ਬਾਅਦ ਮਜ਼ਬੂਤ ਵਾਪਸੀ ਕੀਤੀ। ਉਨ੍ਹਾਂ ਨੇ ਬੇਨੇਡਿਕਟ ਨੂੰ 11-13, 4-11, 11-8, 11-4, 11-9 ਨਾਲ ਤੇ ਕਿਯੂ ਨੂੰ 10-12, 7-11, 11-8, 11-8, 11-9 ਨਾਲ ਹਰਾਇਆ। ਹਾਲਾਂਕਿ ਭਾਰਤ ਦੇ ਦੂਜੇ ਨੰਬਰ ਦੇ ਖਿਡਾਰੀ ਹਰਮੀਤ ਦੇਸਾਈ ਨੂੰ ਦੂਜੇ ਸਿੰਗਲਜ਼ ਵਿਚ ਕਿਯੂ ਹੱਥੋਂ 1-2 ਨਾਲ ਹਾਰ ਮਿਲੀ। ਇਸ ਤੋਂ ਬਾਅਦ ਮਾਨਵ ਠੱਕਰ ਨੇ ਉੱਚੀ ਰੈਂਕਿੰਗ ਦੇ ਰਿਕਾਰਡੋ ਵਾਲਥਰ ਨੂੰ ਹਰਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਭਾਰਤ (17ਵੀਂ ਰੈਂਕਿੰਗ) ਨੇ ਸ਼ੁਰੂਆਤੀ ਗਰੁੱਪ ਮੈਚ ਵਿਚ ਸ਼ਨਿਚਰਵਾਰ ਨੂੰ ਉਜ਼ਬੇਕਿਸਤਾਨ ਨੂੰ ਹਰਾਇਆ ਸੀ ਤੇ ਪ੍ਰਰੀ ਕੁਆਰਟਰ ਫਾਈਨਲ ਵਿਚ ਪੁੱਜਣ ਲਈ ਉਸ ਨੂੰ ਸਿਖਰਲੇ ਦੋ ਵਿਚ ਰਹਿਣ ਦੀ ਲੋੜ ਹੈ।