ਨਵੀਂ ਦਿੱਲੀ : ਰੁਤੁਰਾਜ ਗਾਇਕਵਾੜ ਨੇ ਉਹ ਕਰ ਦਿਖਾਇਆ ਹੈ, ਜੋ ਅੱਜ ਤੱਕ ਕੋਈ ਵੀ ਕ੍ਰਿਕੇਟਰ ਨਹੀਂ ਕਰ ਸਕਿਆ। ਮਹਾਰਾਸ਼ਟਰ ਦੇ ਨੌਜਵਾਨ ਸਲਾਮੀ ਬੱਲੇਬਾਜ਼ ਨੇ ਵਿਜੇ ਹਜ਼ਾਰੇ ਟਰਾਫੀ 2022 ਦੇ ਕੁਆਰਟਰ ਫ਼ਾਈਨਲ ਵਿੱਚ ਉੱਤਰ ਪ੍ਰਦੇਸ਼ (ਮਹਾਰਾਸ਼ਟਰ ਬਨਾਮ ਉੱਤਰ ਪ੍ਰਦੇਸ਼) ਖ਼ਿਲਾਫ਼ ਇੱਕ ਓਵਰ ਵਿੱਚ ਲਗਾਤਾਰ 7 ਛੱਕੇ ਜੜੇ। ਉਸ ਨੇ ਨੋ ਬਾਲ ‘ਤੇ ਛੱਕਾ ਲਗਾਇਆ, ਜਦਕਿ ਇੱਕ ਓਵਰ ‘ਚ ਕੁੱਲ 43 ਦੌੜਾਂ ਬਣੀਆਂ। ਇਸ ਦੇ ਨਾਲ ਹੀ ਉਸ ਨੇ ਮੈਚ ਵਿੱਚ ਦੋਹਰਾ ਸੈਂਕੜਾ ਵੀ ਪੂਰਾ ਕੀਤਾ। ਰੁਤੁਰਾਜ ਨੇ ਇਹ ਕਾਰਨਾਮਾ ਪਾਰੀ ਦਾ 49ਵਾਂ ਓਵਰ ਪਾ ਰਹੇ ਸ਼ਿਵਾ ਸਿੰਘ ਦੇ ਓਵਰ ਵਿੱਚ ਕੀਤਾ।
ਚੌਕਿਆਂ ਤੋਂ ਵੱਧ ਛੱਕੇ ਮਾਰੇ
159 ਗੇਂਦਾਂ ‘ਤੇ 10 ਚੌਕੇ ਅਤੇ 16 ਛੱਕਿਆਂ ਦੀ ਮਦਦ ਨਾਲ 220 ਦੌੜਾਂ ਬਣਾ ਕੇ ਰੁਤੂਰਾਜ ਅਜੇਤੂ ਰਿਹਾ, ਅਤੇ ਉਸ ਦੀ ਟੀਮ ਨੇ 50 ਓਵਰਾਂ ਵਿੱਚ 330 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀ-20 ਵਿਸ਼ਵ ਕੱਪ 2007 ‘ਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ ‘ਚ 6 ਛੱਕੇ ਜੜੇ ਸਨ, ਜਦਕਿ ਉਸ ਤੋਂ ਪਹਿਲਾਂ ਇਹ ਕਾਰਨਾਮਾ ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਘਰੇਲੂ ਕ੍ਰਿਕਟ ‘ਚ ਕੀਤਾ ਸੀ। ਹੁਣ ਗਾਇਕਵਾੜ ਨੇ ਇੱਕ ਓਵਰ ਵਿੱਚ 7 ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ ਹੈ।
ਸ਼ਿਵਾ ਸਿੰਘ ਦੇ ਓਵਰ ‘ਚ ਲੱਗੇ 7 ਛੱਕੇ
ਪਾਰੀ ਦਾ 49ਵਾਂ ਓਵਰ ਸੁੱਟਣ ਆਏ ਸ਼ਿਵਾ ਸਿੰਘ ਦੀ ਉਸ ਨੇ ਪੂਰੀ ਖ਼ਬਰ ਲਈ। ਸ਼ੁਰੂਆਤ ‘ਚ ਜਦੋਂ 5 ਗੇਂਦਾਂ ‘ਚ 5 ਛੱਕੇ ਲੱਗੇ ਤਾਂ ਸ਼ਿਵਾ ਦਬਾਅ ‘ਚ ਆ ਗਿਆ। ਇਸ ਤੋਂ ਬਾਅਦ ਰੁਤੁਰਾਜ ਨੇ ਛੱਕਾ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਇੱਥੇ ਸ਼ਿਵਾ ਹੋਰ ਵੀ ਬਦਕਿਸਮਤ ਸਾਬਤ ਹੋਏ। ਇਹ ਗੇਂਦ ਨੋ ਬਾਲ ਰਹੀ, ਜਦ ਕਿ ਆਖਰੀ ਗੇਂਦ ‘ਤੇ ਜਦੋਂ ਬੱਲਾ ਘੁੰਮਿਆ ਤਾਂ ਗੇਂਦ ਹਵਾਈ ਯਾਤਰਾ ‘ਤੇ ਹੀ ਨਿੱਕਲ ਗਈ। ਇਹ ਵੀ ਇੱਕ ਛੱਕਾ ਰਿਹਾ। ਇਸ ਤਰ੍ਹਾਂ ਇੱਕ ਓਵਰ ‘ਚ 7 ਛੱਕੇ ਲੱਗੇ।