ਜਗਦੀਸ਼ ਸਿੰਘ ਦਾ ਜਨਮ ਪਿਤਾ ਸਰਦਾਰ ਜਗਤਾਰ ਸਿੰਘ ਗਿੱਲ ਅਤੇ ਮਾਤਾ ਅਮਰਜੀਤ ਕੌਰ ਗਿੱਲ ਦੇ ਘਰ ਦੋ ਵੱਡੀਆ ਭੈਣਾ ਤੋਂ ਬਾਅਦ ਪੰਜਾਬ ਦੇ ਮੋਗਾ ਜਿਲੇ ਦਾ ਪਿੰਡ ਮਾਣੂਕੇ ਗਿੱਲ ਹੋਇਆ। ਭਵਾਨੀਪੁਰ ਖਾਲਸਾ ਸਕੂਲ ਕਲਕੱਤਾ ਵਿੱਚ ਪੜਦਿਆਂ ਤੇਰਾਂ ਸਾਲ ਦੀ ਉਮਰ ਵਿੱਚ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ 2016 ਦੀਆਂ ਓਲੰਪਿਕ ਖੇਡਾਂ ਤੱਕ ਖੇਡਿਆ। ਬਾਰ੍ਹਵੀਂ ਤੱਕ ਖਾਲਸਾ ਸਕੂਲ ਪੜਿਆ ਸੰਜੇਵੀਅਸ ਕਾਲਿਜ ਵਿੱਚ, ਸਕਾਲਰਸ਼ਿਪ ਲੈ ਕੇ ਬੀ ਕੌਮ ਕੀਤੀ। ਬੈਂਗਲੌਰ ਐਕਸੀਲੈਂਸੀ ਵਿਚ ਤਿੰਨ ਸਾਲ ਪੜਾਈ ਵਿੱਚੋਂ ਸਮਾਂ ਕੱਢ ਕੇ ਹਾਕੀ ਵੀ ਸਿੱਖਦਾ ਰਿਹਾ। ਇਕ ਵਧੀਆ ਹਾਕੀ ਪਲੇਅਰ ਬਣਨ ਦੇ ਨਾਲ-ਨਾਲ ਇਕ ਵਧੀਆ ਵਿਦਿਆਰਥੀ ਵੀ ਬਣਿਆ। ਕੈਨੇਡਾ ਜਾਣ ਲਈ ਪੜਾਈ ਵੱਲ ਵੱਧ ਧਿਆਨ ਦੇਣ ਲੱਗਾ ਅਤੇ ਹਾਕੀ ਨੂੰ ਕੁੱਝ ਸਾਲਾਂ ਲਈ ਛੱਡਣਾ ਵੀ ਪਿਆ। 2006 ਵਿਚ ਕੈਨੇਡਾ ਦੇ ਸ਼ਹਿਰ ਟਰੰਟੋ ਦੇ ਜੌਰਜ਼ ਬਰਾਊਨ ਕਾਲਿਜ ਵਿਚ ਦਾਖਲਾ ਮਿਲ ਗਿਆ ਅਤੇ ਕੈਨੇਡਾ ਪਹੁੰਚ ਗਿਆ। ਗਰੈਜੂਏਸ਼ਨ ਪੂਰੀ ਕੀਤੀ। ਉਸ ਵੇਲੇ ਜਗਦੀਸ਼ ਦੇ ਵਾਲ ਕੱਟੇ ਹੋਏ ਸਨ ਅਤੇ ਆਮ ਇਟਰਨੈਸ਼ਨਲ ਸਟੂਡੈਂਟਾਂ ਵਾਂਗ ਵਿਚਰਦਾ ਸੀ।
ਘੋਨੇ-ਮੋਨੇ ਜਗਦੀਸ਼ ਦੀ ਜਿੰਦਗੀ ਵਿੱਚ ਅਚਾਨਕ ਪ੍ਰੀਵਰਤਨ ਆਇਆ ਅਤੇ 2006 ਵਿੱਚ ਟਰੰਟੋ ਦੇ ਮਾਲਟਨ ਗੁਰੂਘਰ ਵਿਖੇ ਅਮ੍ਰਿਤ ਛਕ ਕੇ ਸਿੰਘ ਸਜ ਗਿਆ। ਪੜਾਈ ਦੇ ਨਾਲ਼ੋ-ਨਾਲ਼ ਕੰਮ ਕਰਦਾ ਅਤੇ ਛੇ ਮਹੀਨੇ ਗੁਰੂਘਰ ਵਿੱਚ ਰਹਿ ਕੇ ਸੇਵਾ ਵੀ ਕੀਤੀ। ਓਹਨਾ ਦਿਨਾਂ ਵਿੱਚ ਸਿੰਘ ਸਜੇ ਜਗਦੀਸ਼ ਦੇ ਉੱਪਰ ਆਪਣੀ ਪੜਾਈ ਦੇ ਖਰਚੇ ਦੇ ਬੋਝ ਨਾਲ ਦੋਵੇਂ ਵੱਡੀਆਂ ਭੈਣਾਂ ਜੋ ਅਮਰੀਕਾ ਅਤੇ ਕੈਨੇਡਾ ਵਿੱਚ ਪੜ੍ਹ ਰਹੀਆਂ ਸਨ ਦੀਆਂ ਫੀਸਾਂ ਦੀ ਜੁਮੇਵਾਰੀ ਵੀ ਸੀ।
2008 ਵਿੱਚ ਦੁਬਾਰਾ ਹਾਕੀ ਦਾ ਸਫਰ ਸ਼ੁਰੂ ਹੋਇਆ ਅਤੇ ਟਰੰਟੋ ਲਾਇਨਜ਼ ਕਲੱਬ ਵੱਲੋਂ ਖੇਡਣਾ ਸ਼ੁਰੂ ਕੀਤਾ। 2010 ਵਿੱਚ ਪਹਿਲੀ ਵਾਰ ਕੈਨੇਡਾ ਦੀ ਸੀਨੀਅਰ ਨੈਸ਼ਨਲ ਵਿੱਚ ਓਨਟਾਰੀਓ ਦੀ ਟੀਮ ਵੱਲੋਂ ਖੇਡਿਆ। ਨੈਸ਼ਨਲ ਦਾ ਬੈਸਟ ਸਕੋਰਰ ਅਤੇ ਨੈਸ਼ਨਲ ਦਾ ਬੈਸਟ ਪਲੇਅਰ ਬਣਿਆ ਨਾਲ ਹੀ ਕੈਨੇਡਾ ਦੀ ਟੀਮ ਲਈ ਕੈਂਪ ਵਿੱਚ ਵੀ ਚੁਣਿਆ ਗਿਆ।
2011 ਦੀਆਂ ਪੈਨ ਅਮੈਰਿਕਨ ਖੇਡਾਂ ਵਿੱਚ ਪਹਿਲੀ ਵਾਰੀ ਸਿੰਘ ਕੈਨੇਡਾ ਦੀ ਵਰਦੀ ਪਾ ਕੇ ਖੇਡਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ। ਇਕ ਅੰਮ੍ਰਿਤਧਾਰੀ ਸਿੰਘ ਦਾ ਕੈਨੇਡਾ ਦੀ ਸੀਨੀਅਰ ਟੀਮ ਵੱਲੋਂ ਖੇਡਣਾ ਕੋਈ ਛੋਟੀ ਗੱਲ ਨਹੀਂ ਸੀ। ਕੈਨੇਡਾ ਦੀ ਟੀਮ ਵੱਲੋਂ ਖੇਡਣਾ ਅਤੇ ਅੰਮ੍ਰਿਤਧਾਰੀ ਬਣ ਕੇ ਖੇਡਣਾ ਜਗਦੀਸ਼ ਦੇ ਦੋਵੇਂ ਸੁਪਨੇ ਪੂਰੇ ਹੋਏ ਪਰ ਨਾਲ ਹੀ ਸਿੰਘ ਨੇ ਓਲੰਪਿਕ ਵਿੱਚ ਖੇਡਣ ਦਾ ਨਿਸ਼ਾਨਾ ਵੀ ਮਿਥ ਲਿਆ। ਜੋ ਕਿ ਕੈਨੇਡਾ ਵਿੱਚ ਸਹੂਲਤਾਂ ਤੋਂ ਸੱਖਣੀ ਖੇਡ ਹਾਕੀ ਲਈ ਹਰ ਰੋਜ਼ ਬਾਰਾਂ-ਤੇਰਾਂ ਘੰਟੇ ਟਰੱਕ ਚਲਾ ਕੇ ਜਗਦੀਸ਼ ਲਈ ਓਲੰਪਿਕ ਖੇਡਣ ਦਾ ਸੁਪਨਾ ਪੂਰਾ ਕਰਨਾ ਕੋਈ ਸੌਖਾ ਨਹੀਂ ਸੀ।
2012 ਵਿੱਚ ਲੰਡਨ ਵਿਖੇ ਓਲੰਪਿਕ ਕੁਆਲੀਫਾਈ ਟੂਰਨਾਮੈਂਟ ਖੇਡਿਆ, 2013 ਮਲੇਸ਼ੀਆ ਵਿੱਚ ਅਜਲਾਨ ਸ਼ਾਹ ਟੂਰਨਾਮੈਂਟ ਵਿੱਚ ਬੜੀ ਆਹਲ਼ਾ ਦਰਜੇ ਦੀ ਹਾਕੀ ਖੇਡ ਕੇ ਦਿਖਾਈ ਅਤੇ ਸਿੰਘ ਨੇ ਕੈਨੇਡਾ ਦੀ ਟੀਮ ਵਿੱਚ ਖਾਸ ਜਗਾ ਬਣਾ ਲਈ।
ਜਿਹੜੇ ਖੇਡਦੇ ਆ ਸੱਟਾਂ ਵੀ ਉਹਨਾਂ ਦੇ ਹੀ ਲੱਗਦੀਆਂ ਜਗਦੀਸ਼ ਦੇ ਓਲੰਪੀਅਨ ਬਣਨ ਤੱਕ ਦੇ ਸਫਰ ਵਿੱਚ ਬਹੁਤ ਸਾਰੀਆਂ ਸੱਟਾਂ ਵੀ ਲੱਗੀਆਂ ਪਰ ਸਿੰਘ ਦੇ ਹੌਸਲੇ ਬੁਲੰਦ ਸੀ ਅਤੇ ਸੱਟਾਂ ਨਾਲ ਲੜਨ ਦੀ ਤਾਕਤ ਸੀ। 2013 ਵਿੱਚ ਪੈਰ ਦੀ ਹੱਡੀ ਟੁੱਟਣ ਕਰਕੇ ਸੱਤ ਮਹੀਨੇ ਬੈਡ ਰੈਸਟ ਕਰਨੀ ਪਈ। ਪੈਰ ਦੀ ਸੱਟ ਪੂਰੀ ਠੀਕ ਹੋਈ ਤਾਂ ਦੁਬਾਰਾ ਕੈਨੇਡਾ ਵੱਲੋਂ ਖੇਡਦਿਆਂ ਅਗਲੀ ਸੱਟ ਗੋਡੇ ਤੇ ਲੱਗ ਗਈ। ਗੋਡੇ ਦਾ ਅਪ੍ਰੇਸ਼ਨ ਕਰਾਉਣਾ ਪਿਆ ਅਤੇ 2014 ਦੀਆਂ ਕੋਮਨਵੈਲਥ ਗੇਮਾਂ ਨਹੀਂ ਖੇਡ ਸਕਿਆ। ਗੋਡਾ ਜਲਦੀ ਠੀਕ ਕਰਨ ਲਈ ਹਰ ਰੋਜ ਸਰੀ ਤੋਂ ਅੈਬਟਸਫੋਰਡ ਸਾਈਕਲ ਤੇ ਬੱਚਿਆਂ ਨੂੰ ਹਾਕੀ ਸਿਖਾਉਣ ਲਈ ਜਾਂਦਾ। ਜਲਦੀ ਤੋਂ ਜਲਦੀ ਗੋਡਾ ਠੀਕ ਕਰਕੇ ਕੈਨੇਡਾ ਟੀਮ ਵਿੱਚ ਫਿਰ ਵਾਪਸੀ ਕੀਤੀ। ਪਰ ਨਿਊਜੀਲੈਂਡ ਵਿਖੇ ਸਿਰੀਜ਼ ਖੇਡਣ ਜਾਣ ਤੋਂ ਪਹਿਲਾਂ ਪ੍ਰੈਕਟਿਸ ਦੌਰਾਨ ਮੂਹ ਤੇ ਜ਼ੋਰ ਨਾਲ ਬਾਲ ਵੱਜਣ ਕਰਕੇ ਜੁਬਾੜਾ ਹਿੱਲ ਗਿਆ ਪਰ ਸਿੰਘ ਨੇ ਓਦਾਂ ਈ ਸਿਰੜ ਵੱਟ ਕੇ ਸਾਰੀ ਸਿਰੀਜ਼ ਖੇਡੀ। ਮਾਪੇ ਜਗਦੀਸ਼ ਨੂੰ ਹਾਕੀ ਛੱਡ ਕੇ ਕੰਮ-ਕਾਰ ਵੱਲ ਧਿਆਨ ਕਰਨ ਲਈ ਜੋਰ ਪਾਉਦੇ ਪਰ ਸਿੰਘ ਨੇ ਤਾਂ ਨਿਸ਼ਾਨਾ ਓਲੰਪਿਕ ਵਿੱਚ ਖੇਡਣ ਦਾ ਪੂਰਾ ਕਰਨਾ ਸੋਚ ਰੱਖਿਆ ਸੀ।
ਅੰਤਰਰਾਸ਼ਟਰੀ ਹਾਕੀ ਦੇ ਨਾਲ ਨਾਲ ਕੈਨੇਡਾ-ਅਮਰੀਕਾ ਦੇ ਸਾਰੇ ਟੂਰਨਾਮੈਂਟਾਂ ਵਿੱਚ ਵੀ ਖੇਡਦਾ ਅਤੇ ਬਹੁਤੇ ਟੂਰਨਾਮੈਂਟਾਂ ਵਿੱਚ ਬੈਸਟ ਪਲੇਅਰ ਵੀ ਬਣਦਾ। ਖੇਡ ਬਹੁਤ ਹੀ ਸਾਫ-ਸੁਥਰੀ, ਬੋਲਚਾਲ ਵਿੱਚ ਮਿਠਾਸ, ਹਰ ਵੱਡੇ ਛੋਟੇ ਨੂੰ ਵੀਰਾ ਕਹਿ ਕੇ ਬੁਲਾਉਣਾ ਅਤੇ ਹਰ-ਇੱਕ ਦਾ ਸਤਿਕਾਰ ਕਰਨਾ ਓਹਦਾ ਸੁਭਾਅ ਹੈ । ਹਾਕੀ ਪ੍ਰੇਮੀਆਂ ਦੇ ਦਿਲਾਂ ਵਿੱਚ ਵਸਣਾ ਵੀ ਜਗਦੀਸ਼ ਨੂੰ ਬੜੀ ਚੰਗੀ ਤਰਾਂ ਆਉਦਾ ਹੈ। ਇਸੇ ਲਈ ਕੈਨੇਡਾ ਅਮਰੀਕਾ ਦੀਆਂ ਸਾਰੀਆਂ ਕਲੱਬਾਂ ਬਹੁਤ ਸਤਿਕਾਰ ਦਿੰਦੀਆਂ ਹਨ।
2014 ਤੋਂ 2015 ਦੌਰਾਨ ਬਹੁਤ ਸਾਰੀਆਂ ਸੱਟਾਂ ਲੱਗਦੀਆਂ ਰਹੀਆਂ। ਸਿੰਘ ਸੱਟਾਂ ਦਾ ਇਲਾਜ ਕਰਵਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਅਤੇ ਦੁਬਾਰਾ ਮੈਦਾਨ ਵਿੱਚ ਪੂਰੇ ਜੋਸ਼ ਨਾਲ ਉੱਤਰਦਾ ਰਿਹਾ।
2014 ਦੇ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਭਾਰਤ ਵਿਰੁੱਧ ਖੇਡਿਆ ਮੈਚ ਸਿੰਘ ਦਾ ਯਾਦਗਾਰੀ ਮੈਚ ਸੀ ਜਿਸ ਵਿੱਚ ਵਧੀਆ ਖੇਡਣ ਦੇ ਨਾਲ ਦੋ ਗੋਲ ਵੀ ਭਾਰਤ ਦੀ ਟੀਮ ਵਿਰੁੱਧ ਕੀਤੇ ਸਨ।
2016 ਵਿੱਚ ਸਿੰਘ ਨੇ ਅੰਮ੍ਰਿਤਧਾਰੀ ਸਿੰਘ ਦੇ ਸਰੂਪ ਵਿੱਚ ਓਲੰਪਿਕ ਵਿੱਚ ਕੈਨੇਡਾ ਦੀ ਟੀਮ ਵੱਲੋਂ ਖੇਡਣ ਦਾ ਆਪਣਾ ਸੁਪਨਾ ਪੂਰਾ ਕੀਤਾ। ਜਗਦੀਸ਼ ਸਿੰਘ ਨੇ ਆਪਣੇ ਓਲੰਪਿਕ ਦੇ ਸੱਤ ਮੈਚਾਂ ਸਮੇਤ ਕੈਨੇਡਾ ਦੀ ਟੀਮ ਲਈ ਕੁੱਲ ਅੱਸੀ ਮੈਚ ਖੇਡੇ। ਇਕ ਅੰਮਿ੍ਤਧਾਰੀ ਸਿੰਘ ਦਾ ਕੈਨੇਡਾ ਵੱਲੋਂ ਓਲੰਪਿਕ ਖੇਡਣ ਦਾ ਅਤੇ ਅੱਸੀ ਮੈਚਾਂ ਦਾ ਰਿਕਾਡ ਕਾਇਮ ਕਰ ਕੇ ਕੈਨੇਡਾ ਦੀ ਹਾਕੀ ਟੀਮ ਨੂੰ ਅਲਵਿਦਾ ਕਹੀ। ਦੇਖੋ ਕਦੋ ਤੇ ਕਿਹੜਾ ਗੁਰੂ ਦਾ ਸਿੰਘ ਜਗਦੀਸ਼ ਸਿੰਘ ਦੇ ਇਸ ਰਿਕਾਡ ਨੂੰ ਤੋੜੇਗਾ।
ਕੈਨੇਡਾ ਸਰਕਾਰ ਨੇ ਬਾਕੀ ਓਲੰਪੀਅਨਾਂ ਵਾਂਗ ਵਿਸ਼ੇਸ਼ ਸਨਮਾਨ ਨਾਲ ਸਨਮਾਨਿਆ ਅਤੇ ਕੈਨੇਡਾ ਅਮਰੀਕਾ ਦੀਆਂ ਬਹੁਤ ਸਾਰੀਆਂ ਹਾਕੀ ਕਲੱਬਾਂ ਨੇ ਵੀ ਸਨਮਾਨ ਕੀਤਾ ਅਤੇ ਕਰ ਰਹੀਆਂ ਹਨ। ਪਰ ਅਫਸੋਸ ਸਿੱਖਾਂ ਦੀ ਕੋਈ ਵੀ ਧਾਰਮਿਕ ਸੰਸਥਾ ਜਾਂ ਕਿਸੇ ਗੁਰੂ-ਘਰ ਵੱਲੋਂ ਇਕ ਅੰਮਿ੍ਤਧਾਰੀ ਸਿੰਘ ਦੀ ਓਲੰਪਿਕ ਵਿੱਚ ਅਤੇ ਕੈਨੇਡਾ ਵੱਲੋਂ ਪੂਰੇ ਸਿੱਖੀ ਸਰੂਪ ਵਿੱਚ ਅੱਸੀ ਮੈਚ ਖੇਡਣ ਦੀ ਪ੍ਰਾਪਤੀ ਨੂੰ ਅੱਖੋਂ ਪਰੋਖੇ ਹੀ ਕੀਤਾ ਗਿਆ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਕੇ ਪੰਜਾਬੀਆਂ ਨੂੰ ਅਤੇ ਪੰਜਾਬੀਆਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਜਗਦੀਸ਼ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਵਰਗਿਆਂ ਹੋਰ ਹੀਰਿਆਂ ਦੇ ਸਿਰੜ ਅਤੇ ਮਿਹਨਤ ਦਾ ਸਹੀ ਮਾਣ-ਸਨਮਾਨ ਅਤੇ ਸਹੀ ਸਮੇਂ ਤੇ ਸਹੀ ਮੱਦਦ ਕਰਨੀ ਹੀ ਨਹੀਂ ਆਈ ।