ਭਾਰਤ ਦੇ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਮੈਚ ਦੇ ਟੌਸ ਦਾ ਸਿੱਕਾ ਉਛਾਲ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ

ਅਹਿਮਦਾਬਾਦ, 8 ਮਾਰਚ : ਭਾਰਤ ਤੇ ਆਸਟ੍ਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਆਖਰੀ ਟੈਸਟ ਮੈਚ 9 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਦੋਵਾਂ ਲਈ ਇਹ ਮੈਚ ਕਾਫੀ ਖਾਸ ਹੋਵੇਗਾ ਕਿਉਂਕਿ ਭਾਰਤ ਜਿੱਤਿਆ ਤਾਂ ਸੀਰੀਜ ‘ਤੇ ਕਬਜ਼ਾ ਹੋਵੇਗਾ ਤੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਣ ਦਾ ਮੌਕਾ ਵੀ ਮਿਲੇਗਾ। ਦੂਜੇ ਪਾਸੇ ਜੇਕਰ ਆਸਟ੍ਰੇਲੀਆ ਜਿੱਤੀ ਤਾਂ ਉਹ ਲਗਾਤਾਰ ਤੀਜੀ ਬਾਰਡਰ-ਗਾਵਸਕਰ ਟਰਾਫੀ ਹਾਰਨ ਤੋਂ ਬਚ ਜਾਵੇਗੀ। ਇਹ ਮੈਚ ਕ੍ਰਿਕਟ ਖਿਡਾਰੀਆਂ ਤੇ ਫੈਨਸ ਲਈ ਇਤਿਹਾਸਕ ਹੋਣ ਵਾਲਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੈਚ ਵਿਚ ਟੌਸ ਦਾ ਸਿੱਕਾ ਉਛਾਲ ਸਕਦੇ ਹਨ। ਰਿਪੋਰਟ ਮੁਤਾਬਕ 9 ਮਾਰਚ ਤੋਂ ਸ਼ੁਰੂ ਹੋਣ ਵਾਲੇ ਇੰਡੀਆ-ਆਸਟ੍ਰੇਲੀਆ ਦੇ ਆਖਰੀ ਟੈਸਟ ਮੈਚ ਦਾ ਟੌਸ ਕਾਇਨ ਰੋਹਿਤ ਸ਼ਰਮਾ ਜਾਂ ਸਟੀਵ ਸਮਿਥ ਨਹੀਂ ਸਗੋਂ ਭਾਰਤ ਦੇ ਪ੍ਰਧਾਨ ਮੰਤਰੀ ਉਛਾਲ ਸਕਦੇ ਹਨ। ਅਜੇ ਤੱਕ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਸ ਸਮੇਂ ਭਾਰਤ ਦੌਰੇ ‘ਤੇ ਆਏ ਹੋਏ ਹਨ। ਉਹ 8 ਤੋਂ 11 ਮਾਰਚ ਤੱਕ ਭਾਰਤ ਵਿਚ ਰਹਿਣਗੇ ਤੇ ਇਸ ਲਈ 9 ਮਾਰਚ ਨੂੰ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਭਾਰਤ-ਆਸਟ੍ਰੇਲੀਆ ਦਾ ਮੈਚ ਦੇਖਣ ਅਹਿਮਦਾਬਾਦ ਦੇ ਨਰਿੰਦਰ ਸਟੇਡੀਅਮ ਜਾਣ ਵਾਲੇ ਹਨ। ਪੀਐੱਮ ਮੋਦੀ ਕਾਮੈਂਟਰੀ ਬਾਕਸ ਵਿਚ ਦਿਖਾਈ ਦੇ ਸਕਦੇ ਹਨ ਤੇ ਮੈਦਾਨ ‘ਤੇ ਟੌਸ ਕਾਇਨ ਉਛਾਲ ਸਕਦੇ ਹਨ। ਬਾਰਡਰ-ਗਾਵਸਕਰ ਟਰਾਫੀ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਰੀਜ ਵਿਚ ਭਾਰਤ 2-1 ਤੋਂ ਅੱਗੇ ਹੈ। ਸੀਰੀਜ ਦਾ ਪਹਿਲਾ ਤੇ ਦੂਜਾ ਮੈਚ ਭਾਰਤ ਨੇ ਜਿੱਤਿਆ ਸੀ ਪਰ ਤੀਜੇ ਮੈਚ ਵਿਚ ਆਸਟ੍ਰੇਲੀਆ ਨੇ ਦਮਦਾਰ ਵਾਪਸੀ ਕੀਤੀ ਸੀ। ਹੁਣ ਅਹਿਮਦਾਬਾਦ ਯਾਨੀ ਚੌਥੇ ਟੈਸਟ ਦੀ ਵਾਰੀ ਹੈ। ਭਾਰਤ ਨੂੰ ਜੇਕਰ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਣਾ ਹੈ ਤਾਂ ਇਸ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਟੈਸਟ ਸੀਰੀਜ ਜਿੱਤਣੀ ਹੀ ਹੋਵੇਗੀ।