ਪਿ੍ਰਟੋਰੀਆ (ਪੀਟੀਆਈ) : ਭਾਰਤੀ ਮਹਿਲਾ ਅੰਡਰ-19 ਕ੍ਰਿਕਟ ਟੀਮ ਨੇ ਹਰਫ਼ਨਮੌਲਾ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲੇ ਟੀ-20 ਮੈਚ ਵਿਚ 54 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ ਬੜ੍ਹਤ ਬਣਾ ਲਈ। ਸਲਾਮੀ ਬੱਲੇਬਾਜ਼ ਸ਼ਵੇਤਾ ਸਹਿਰਾਵਤ ਤੇ ਸੌਮਿਆ ਤਿਵਾੜੀ ਨੇ ਕ੍ਰਮਵਾਰ 39 ਤੇ 46 ਗੇਂਦਾਂ ਵਿਚ 40-40 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਭਾਰਤ ਨੇ ਪੰਜ ਵਿਕਟਾਂ 'ਤੇ 137 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਅੱਠ ਵਿਕਟਾਂ 'ਤੇ 83 ਦੌੜਾਂ ਹੀ ਬਣਾ ਸਕੀ। ਕਪਤਾਨ ਸ਼ੇਫਾਲੀ ਵਰਮਾ ਹਾਲਾਂਕਿ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਈ ਜਿਸ ਤੋਂ ਬਾਅਦ ਸਹਿਰਾਵਤ ਤੇ ਤਿਵਾੜੀ ਨੇ 74 ਗੇਂਦਾਂ ਵਿਚ 70 ਦੌੜਾਂ ਦੀ ਭਾਈਵਾਲੀ ਕੀਤੀ। ਕਾਇਲਾ ਰੇਨੇਕੇ ਤੇ ਅਯਾਂਡਾ ਐੱਚ ਨੇ ਮੇਜ਼ਬਾਨ ਟੀਮ ਲਈ ਦੋ-ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਤਿੰਨ ਓਵਰਾਂ ਦੇ ਅੰਦਰ 10 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਸਨ ਤੇ ਇਸ ਸਦਮੇ ਤੋਂ ਟੀਮ ਫਿਰ ਸੰਭਲ ਨਹੀਂ ਸਕੀ। ਆਫ ਸਪਿੰਨਰ ਅਰਚਨਾ ਦੇਵੀ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।