ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਦੂਜੇ ਟੈਸਟ ਮੈਚ ਵਿੱਚ 6 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 19 ਫਰਵਰੀ : ਬਾਰਡਰ-ਗਾਵਸਕਰ ਟ੍ਰਾਫ਼ੀ 2023 ਦੇ ਦੂਜੇ ਟੈਸਟ ਮੈਚ ਵਿੱਚ ਵੀ ਆਸਟ੍ਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਦਿੱਲੀ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਇਸ ਟੈਸਟ ਦੇ ਦੂਜੇ ਦਿਨ ਆਸਟ੍ਰੇਲੀਆ ਨੇ ਬੇਸ਼ੱਕ ਆਪਣੀ ਸਥਿਤੀ ਮਜ਼ਬੂਤ ਕੀਤੀ ਸੀ, ਪਰ ਤੀਜੇ ਦਿਨ ਪਹਿਲਾ ਸੈਸ਼ਨ ਬੇਹੱਦ ਰਿਹਾ ਤੇ ਉਹ ਟੀਮ ਇੰਡੀਆ ਨੂੰ ਵੱਡਾ ਟਾਰਗੇਟ ਨਹੀਂ ਸਕੀ। ਨਤੀਜਾ ਇਹ ਹੋਇਆ ਕਿ ਹੁਣ ਚਾਰ ਮੈਚਾਂ ਦੀ ਇਸ ਟੈਸਟ ਸੀਰੀਜ਼ ਵਿੱਚ ਭਾਰਤ ਨੇ 2-0 ਨਾਲ ਬੜ੍ਹਤ ਹਾਸਿਲ ਕਰ ਲਈ ਹੈ। ਜਡੇਜਾ ਭਾਰਤ ਵੱਲੋਂ ਇਸ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ ਵਿੱਚ 42 ਦੌੜਾਂ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ। ਜਿਸ ਕਾਰਨ ਕੰਗਾਰੂ ਟੀਮ ਸਿਰਫ਼ 113 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ 6 ਵਿਕਟਾਂ ਦੇ ਨੁਕਸਾਨ ‘ਤੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ। ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤਿਆ ਸੀ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਆਸਟ੍ਰੇਲੀਆ ਵੱਲੋਂ ਉਸਮਾਨ ਖਵਾਜ਼ਾ ਤੇ ਪੀਟਰ ਹੈਡਸਕਾਮਬ ਦੇ ਇਲਾਵਾ ਹੋਰ ਕੋਈ ਬੱਲੇਬਾਜ਼ ਨਹੀਂ ਟਿਕ ਸਕਿਆ ਤੇ ਆਸਟ੍ਰੇਲੀਆਈ ਟੀਮ ਮਹਿਜ਼ 263 ਦੌੜਾਂ ‘ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 4 ਤੇ ਜਡੇਜਾ ਤੇ ਅਸ਼ਵਿਨ ਨੇ 3-3 ਵਿਕਟਾਂ ਲਈਆਂ। ਇਸ ਤੋਂ ਬਾਅਦ ਪਹਿਲੇ ਦਿਨ ਭਾਰਤੀ ਟੀਮ ਨੇ ਬਿਨ੍ਹਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਸਨ। ਦੂਜੇ ਦਿਨ ਦੀ ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਦੇ ਸਪਿਨਰ ਭਾਰਤੀ ਬੱਲਬਾਜ਼ਾਂ ‘ਤੇ ਹਾਵੀ ਨਜ਼ਰ ਆਏ। ਹਾਲਤ ਇਹ ਸੀ ਕਿ ਭਾਰਤੀ ਟੀਮ 139 ਦੌੜਾਂ ‘ਤੇ 7 ਵਿਕਟਾਂ ਗੁਆ ਕੇ ਮੁਸ਼ਕਿਲ ਹਾਲਤ ਵਿੱਚ ਫਸ ਗਈ ਸੀ। ਜਿੱਥੋਂ ਅਕਸ਼ਰ ਪਟੇਲ ਤੇ ਅਸ਼ਵਿਨ ਨੇ 114 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤੀ ਟੀਮ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਿਆ। ਇਸ ਸਾਂਝੇਦਾਰੀ ਦੀ ਬਦੌਲਤ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 262 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਨਾਥਨ ਲਾਯਨ ਨੇ 5 ਤੇ ਟੋਡ ਮਰਫੀ ਤੇ ਮੈਥਿਊ ਕੁਹੈਮੈਨ ਨੇ 2-2 ਵਿਕਟਾਂ ਹਾਸਿਲ ਕੀਤੀਆਂ।