ਰਾਂਚੀ : ਸ਼੍ਰੇਅਸ ਅਈਅਰ (ਅਜੇਤੂ 113) ਦੇ ਸ਼ਾਨਦਾਰ ਸੈਂਕੜੇ ਤੇ ਇਸ਼ਾਨ ਕਿਸ਼ਨ (93) ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਦੂਜੇ ਵਨ ਡੇ ਮੈਚ ਵਿਚ ਸੱਤ ਵਿਕਟਾਂ ਨਾਲ ਜਿੱਤ ਹਾਸਲ ਕਰ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਹਾਸਲ ਕਰ ਲਈ। ਰੀਜਾ ਹੈਂਡਰਿਕਸ ਤੇ ਏਡੇਨ ਮਾਰਕਰੈਮ ਦੀ ਬੱਲੇਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ ਸੱਤ ਵਿਕਟਾਂ ’ਤੇ 278 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ। ਦੱਖਣੀ ਅਫਰੀਕਾ ਨੇ ਦੋ ਵਿਕਟਾਂ 40 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਹੈਂਡਰਿਕਸ ਤੇ ਮਾਰਕਰੈਮ ਨੇ ਤੀਜੀ ਵਿਕਟ ਲਈ 129 ਦੌੜਾਂ ਦੀ ਭਾਈਵਾਲੀ ਕਰ ਕੇ ਟੀਮ ਨੂੰ ਮੁਸ਼ਕਲ ’ਚੋਂ ਕੱਢਿਆ। ਹੈਂਡਰਿਕਸ ਨੇ 74 ਤੇ ਮਾਰਕਰੈਮ ਨੇ 79 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਕੁਲਦੀਪ ਯਾਦਵ ਤੇ ਸ਼ਾਰਦੁਲ ਠਾਕੁਰ ਨੇ ਇਕ-ਇਕ ਵਿਕਟ ਲਈ। ਜਵਾਬ ਵਿਚ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਦੇ ਦੋਵੇਂ ਬੱਲੇਬਾਜ਼ ਸ਼ਿਖਰ ਧਵਨ ਤੇ ਸ਼ੁਭਮਨ ਗਿੱਲ ਕ੍ਰਮਵਾਰ 13 ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਇਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੇ ਟੀਮ ਨੂੰ ਸੰਭਾਲਿਆ ਤੇ ਭਾਰਤ ਨੇ 45.5 ਓਵਰਾਂ ’ਚ ਤਿੰਨ ਵਿਕਟਾਂ ’ਤੇ 282 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੋਵਾਂ ਟੀਮਾਂ ਨੇ ਇਸ ਮੈਚ ਵਿਚ ਦੋ-ਦੋ ਤਬਦੀਲੀਆਂ ਕੀਤੀਆਂ। ਭਾਰਤੀ ਟੀਮ ਨੇ ਇਸ ਮੈਚ ਵਿਚ ਰਵੀ ਬਿਸ਼ਨੋਈ ਤੇ ਰੁਤੂਰਾਜ ਗਾਇਕਵਾੜ ਦੀ ਥਾਂ ਵਾਸ਼ਿੰਗਟਨ ਸੁੰਦਰ ਤੇ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਅਹਿਮਦ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਕੀਤਾ। ਦੱਖਣੀ ਅਫਰੀਕਾ ਦੇ ਰੈਗੂਲਰ ਕਪਤਾਨ ਤੇਂਬਾ ਬਾਵੁਮਾ ਫਿੱਟ ਨਾ ਹੋਣ ਕਾਰਨ ਨਹੀਂ ਖੇਡੇ ਤੇ ਉਨ੍ਹਾਂ ਦੀ ਥਾਂ ’ਤੇ ਕੇਸ਼ਵ ਮਹਾਰਾਜ ਨੇ ਕਪਤਾਨ ਦੀ ਭੂਮਿਕਾ ਨਿਭਾਈ ਜਦਕਿ ਤਬਰੇਜ਼ ਸ਼ਮਸੀ ਨੂੰ ਬਾਹਰ ਕਰ ਕੇ ਰੀਜਾ ਹੈਂਡਰਿਕਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ।