ਜੈਤੋ 6 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਅਧੀਨ ਬਲਾਕ ਜੈਤੋ ਦੀਆਂ ਬਲਾਕ ਪੱਧਰੀ ਖੇਡਾਂ ਜੋ ਕਿ ਮਿਤੀ 05-09-2023 ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਕਰਵਾਈਆਂ ਜਾ ਰਹੀਆਂ ਹਨ ਦਾ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬਲਾਕ ਜੈਤੋ ਵਿਖੇ ਹੋ ਰਹੀਆਂ ਇਨ੍ਹਾ ਬਲਾਕ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਦੌਰਾਨ ਸ. ਸੁਰਜੀਤ ਸਿੰਘ ਬਾਬਾ ਪ੍ਰਧਾਨ ਮਿਊਸਿਪਲ ਕਮੇਟੀ ਜੈਤੋ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉਨ੍ਹਾਂ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ ਢਿੱਲੋਂ ਹਾਜ਼ਰ ਸਨ। ਪ੍ਰਧਾਨ ਮਿਊਸਿਪਲ ਕਮੇਟੀ ਜੈਤੋ ਵੱਲੋਂ ਫੁੱਟਬਾਲ ਅਤੇ ਰੱਸਾ-ਕੱਸੀ ਦੇ ਗਰਾਉਂਡਾ ਵਿੱਚ ਜਾ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਨਾਲ ਜੁੜਣ ਲਈ ਕਿਹਾ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ। ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੀਆਂ ਖੇਡਾਂ ਵਿੱਚ ਐਥਲੈਟਿਕਸ ਦੇ ਖੇਡ ਮੁਕਾਬਲਿਆਂ ਵਿੱਚ 600 ਮੀਟਰ ਫਾਈਨਲ (ਲੜਕੀਆਂ ਅੰਡਰ 14) ਵਿੱਚ ਰਮਨੀਕ ਕੋਰ ਨੇ ਪਹਿਲਾ, ਪੂਜਾ ਨੇ ਦੂਜਾ ਅਤੇ ਸਤਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਫਾਈਨਲ (ਲੜਕੇ ਅੰਡਰ 14) ਵਿੱਚ ਸੁਖਮਨਪ੍ਰੀਤ ਸਿੰਘ ਨੇ ਪਹਿਲਾ, ਗੁਰਤਾਜ ਸਿੰਘ ਨੇ ਦੂਜਾ ਅਤੇ ਨਵਕਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 (ਲੜਕੀਆਂ) 800 ਮੀਟਰ ਵਿੱਚ ਰਾਜਵੀਰ ਕੌਰ ਨੇ ਪਹਿਲਾ, ਜ਼ਸਨਦੀਪ ਕੌਰ ਨੇ ਦੂਜਾ ਅਤੇ ਸਾਵੀ ਰਾਜਪੂਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 (ਲੜਕੇ) ਫਾਈਨਲ ਮੁਕਾਬਲਿਆਂ ਵਿੱਚ ਅਕਸ਼ਦੀਪ ਸਿੰਘ ਨੇ ਪਹਿਲਾ, ਹਨੀ ਸਿੰਘ ਨੇ ਦੂਜਾ ਅਤੇ ਅਨਮੋਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸਤੋ ਇਲਾਵਾ ਇਨ੍ਹਾਂ ਖੇਡਾਂ ਵਿੱਚ ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ, ਖੋਹ-ਖੋਹ ਅਤੇ ਕਬੱਡੀ ਦੇ ਖੇਡ ਮਕਾਬਲੇ ਵੀ ਕਰਵਾਏ ਜਾ ਰਹੇ ਹਨ ਜਿਨ੍ਹਾ ਦੇ ਨਤੀਜੇ ਆਉਣੇ ਹਾਲੇ ਬਾਕੀ ਸਨ।