ਗਰਮੀਆਂ ਦੀਆਂ ਛੁੱਟੀਆਂ ਦੌਰਾਨ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਦੀ ਗਿਣਤੀ ਵਧੀ

  • ਜ਼ਿਲ੍ਹੇ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਵਿੱਚ ਖਿਡਾਰੀ ਆਪਣੀ ਰੁਚੀ ਦੇ ਹਿਸਾਬ ਨਾਲ ਹਾਸਲ ਕਰ ਰਹੇ ਹਨ ਮੁਫ਼ਤ ਕੋਚਿੰਗ 

ਗੁਰਦਾਸਪੁਰ, 25 ਜੂਨ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਕੇ ਖੇਡਾਂ ਨਾਲ ਜ਼ੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਖੇਡ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਵਿੱਚ ਖਿਡਾਰੀਆਂ ਨੂੰ ਉਹਨਾਂ ਦੀ ਰੁਚੀ ਦੇ ਹਿਸਾਬ ਨਾਲ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਰੋਜ਼ਾਨਾਂ ਸਵੇਰੇ-ਸ਼ਾਮ ਜਿਮਨਾਸਿਟਕ, ਫੁੱਟਬਾਲ ਐਥਲੈਟਿਕਸ, ਜੁਡੋ, ਵੇਟ ਲਿਫਟਿੰਗ ਵਰਗੀਆਂ ਖੇਡਾਂ ਨਾਲ ਖਿਡਾਰੀ ਆਪਣੇ ਚੰਗੇ ਭਵਿੱਖ ਦੇ ਲਈ ਅਭਿਆਸ ਕਰ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਪੋਰਟਸ ਕਲੱਬਾਂ ਪਿੰਡ ਵਸੀਆਂ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਸਮੇ-ਸਮੇਂ ਵੱਖ-ਵੱਖ ਤਰਾਂ ਦੇ ਟੂਰਨਾਮੈਂਟ ਕਰਵਾ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪਿੰਡ ਸੋਹਲ, ਘੁਮਣ ਅਤੇ ਸ਼ਾਹਪੁਰ ਜਾਜਨ ਪਿੰਡ ਦੀਆਂ ਸਪੋਰਟਸ ਕਲੱਬਾਂ ਨੇ ਕ੍ਰਿਕਟ ਟੂਰਨਾਮੈਂਟ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਜਿਲ੍ਹੇ ਵਿੱਚ ਖੇਡ ਵਿਭਾਗ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਜਿਵੇ ਕਿ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਕੁਸਤੀ, ਬੈਡਮਿੰਟਨ ਹਾਲ ਗੁਰਦਾਸਪੁਰ ਵਿਖੇ ਬੈਡਮਿੰਟਨ, ਜਿਮਨੇਜੀਅਮ ਹਾਲ ਗੁਰਦਾਸਪੁਰ ਵਿਖੇ ਜਿਮਨਾਸਟਿਕ, ਸਰਕਾਰੀ ਕਾਲਜ ਹਾਕੀ, ਸ.ਸ.ਸ. ਸਕੂਲ ਲੜਕੇ ਗੁਰਦਾਸਪੁਰ ਵਿਖੇ ਜੂਡੋ, ਘੁੰਮਣ ਕਲਾਂ ਵਿਖੇ ਹਾਕੀ, ਸ.ਸ.ਸ.ਸਕੂਲ ਆਜਮਪੁਰ ਤੇ ਕਾਲਾ ਅਫਗਾਨਾਂ ਵਿਖੇ ਫੁੱਟਬਾਲ, ਸਿੱਖ ਨੈਸਨਲ ਕਾਲਜ ਕਾਦੀਆਂ ਵਿਖੇ ਵੇਟ ਲਿਫਟਿੰਗ, ਪਿੰਡ ਖੁਜਾਲਾ ਵਿਖੇ ਐਥਲੇਟਿਕਸ ਦੇ ਸੈਂਟਰਾਂ ਵਿਖੇ ਖਿਡਾਰੀ ਆਪਣੀ ਰੁਚੀ ਅਨੁਸਾਰ ਮੁਫ਼ਤ ਕੋਚਿੰਗ ਲੈ ਸਕਦੇ ਹਨ। ਜਿਲ੍ਹਾ ਖੇਡ ਅਫਸਰ ਗੁਰਦਾਸਪੁਰ ਨੇ ਜ਼ਿਲ੍ਹੇ ਦੇ ਸਾਬਕਾ ਖਿਡਾਰੀ ਅਤੇ ਸਾਬਕਾ ਫੌਜੀ ਆਪਣੇ ਪਿੰਡ ਅਤੇ ਇਲਾਕੇ ਵਿੱਚ ਬੱਚਿਆਂ ਨੂੰ ਖੇਡਾਂ ਦੀ ਟ੍ਰੇਨਿੰਗ ਦੇਣ ਤਾਂ ਜੋ ਬੱਚੇ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਬੱਚੇ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨੌਜਵਾਨ ਨਸ਼ਿਆ ਤੋਂ ਬਚ ਕੇ ਖੇਡਾਂ ਨਾਲ ਜੁੜ ਕੇ ਚੰਗੀ ਸਿਹਤ ਦੇ ਮਾਲਕ ਬਣਨਗੇ।