ਭਾਰਤੀ ਹਾਕੀ ਟੀਮ ਨੇ ਜਰਮਨੀ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਹਾਕੀ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1980 ਮਾਸਕੋ ਓਲੰਪਿਕ ਵਿੱਚ ਵਾਸੁਦੇਵਨ ਭਾਸਕਰਨ ਦੀ ਕਪਤਾਨੀ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਲਈ ਸਿਮਰਨਜੀਤ ਸਿੰਘ ਨੇ ਦੋ ਗੋਲ ਕੀਤੇ, ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਤੇ ਹਾਰਦਿਕ ਸਿੰਘ ਨੇ ਇੱਕ-ਇੱਕ ਗੋਲ ਕੀਤਾ ਤੇ ਇਸ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਮੌਜੂਦਾ ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ਼ ਭਾਰਤ ਨੇ ਇਸ ਮੈਚ 'ਚ ਖਰਾਬ ਸ਼ੁਰੂਆਤ ਕੀਤੀ ਅਤੇ ਜਰਮਨੀ ਨੇ ਮੈਚ ਦੇ ਪਹਿਲੇ ਮਿੰਟ 'ਚ ਗੋਲ ਕਰਕੇ 0-1 ਦੀ ਬੜ੍ਹਤ ਬਣਾ ਲਈ। ਜਰਮਨੀ ਲਈ ਇਹ ਗੋਲ ਤੈਮੂਰ ਓਰੂਜ਼ ਨੇ ਕੀਤਾ। ਭਾਰਤ ਨੂੰ ਪੰਜਵੇਂ ਮਿੰਟ ਵਿੱਚ ਵਾਪਸੀ ਦਾ ਮੌਕਾ ਮਿਲਿਆ ਪਰ ਰੁਪਿੰਦਰਪਾਲ ਸਿੰਘ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਵਿੱਚ ਅਸਫਲ ਰਿਹਾ। ਪਹਿਲੇ ਕੁਆਰਟਰ ਦੀ ਸਮਾਪਤੀ ਤੋਂ ਬਾਅਦ ਜਰਮਨੀ ਨੇ ਭਾਰਤ 'ਤੇ 0-1 ਦੀ ਬੜ੍ਹਤ ਬਣਾਈ ਰੱਖੀ। ਹਾਲਾਂਕਿ, ਭਾਰਤ ਦੇ ਗੋਲਕੀਪਰ ਸ਼੍ਰੀਜੇਸ਼ ਨੇ ਇਸ ਕੁਆਰਟਰ ਵਿੱਚ ਕੁਝ ਸ਼ਾਨਦਾਰ ਬਚਾਅ ਕੀਤੇ।