ਆਸਟਰੇਲੀਆ 6ਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ

  • ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਭਾਰਤ ਨੂੰ ਹਰਾਇਆ
  • ਮੈਨੂੰ ਇਸ ਟੀਮ ‘ਤੇ ਮਾਣ ਹੈ, ਫਾਈਨਲ ‘ਚ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ ਬਿਆਨ
  • ਹਰ ਖਿਡਾਰੀ ਦੀਆਂ ਅੱਖਾਂ ਹੋਈਆਂ ਨਮ

ਅਹਿਮਦਾਬਾਦ, 20 ਨਵੰਬਰ : ਵਨਡੇ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਯਾਨੀ ਕਿ ਫਾਈਨਲ ਐਤਵਾਰ ਨੂੰ ਮੇਜ਼ਬਾਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਵਿਸ਼ਵ ਕੱਪ 2023 ਦੇ ਫਾਈਨਲ ‘ਚ ਭਾਰਤ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।  ਆਸਟ੍ਰੇਲੀਆ ਨੇ ਛੇਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇਸ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ 2003 ਦੇ ਵਿਸ਼ਵ ਕੱਪ ਫਾਈਨਲ ਦੀ ਯਾਦ ਦਿਵਾ ਦਿੱਤੀ ਹੈ, 20 ਸਾਲ ਪਹਿਲਾਂ ਜੋਹਾਨਸਬਰਗ ਵਿੱਚ ਕੰਗਾਰੂਆਂ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ ਸੀ। ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ 240 ਦੌੜਾਂ ‘ਤੇ ਆਲ ਆਊਟ ਹੋ ਗਈ। ਆਸਟ੍ਰੇਲੀਆਈ ਬੱਲੇਬਾਜ਼ਾਂ ਨੇ 43 ਓਵਰਾਂ ‘ਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਟ੍ਰੈਵਿਸ ਹੈੱਡ ਨੇ 137 ਦੌੜਾਂ ਬਣਾਈਆਂ, ਜਦਕਿ ਮਾਰਨਸ ਲੈਬੁਸ਼ਗਨ ਨੇ ਨਾਬਾਦ 58 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ, ਜਦਕਿ ਕਪਤਾਨ ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਕਰਾਰੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਹੰਝੂਆਂ ‘ਤੇ ਕਾਬੂ ਨਹੀਂ ਰੱਖ ਸਕੇ। ਫਾਈਨਲ ਮੈਚ ਦੀ ਪੇਸ਼ਕਾਰੀ ‘ਚ ਕਪਤਾਨ ਦੇ ਚਿਹਰੇ ‘ਤੇ ਹਾਰ ਦੀ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ। ਖਿਤਾਬ ਤੋਂ ਖੁੰਝ ਜਾਣ ਤੋਂ ਬਾਅਦ ਰੋਹਿਤ ਨੇ ਕਿਹਾ, ”ਨਤੀਜਾ ਸਾਡੇ ਪੱਖ ‘ਚ ਨਹੀਂ ਗਿਆ ਪਰ ਮੈਨੂੰ ਆਪਣੀ ਟੀਮ ‘ਤੇ ਮਾਣ ਹੈ, ਜਿਸ ਤਰ੍ਹਾਂ ਅਸੀਂ ਪੂਰੇ ਟੂਰਨਾਮੈਂਟ ਦੌਰਾਨ ਖੇਡਿਆ। ਸਾਡੀਆਂ 20-30 ਦੌੜਾਂ ਘੱਟ ਰਹਿ ਗਈਆਂ, ਜਦੋਂ ਰਾਹੁਲ ਅਤੇ ਵਿਰਾਟ ਕਰੀਬ 25 ਓਵਰਾਂ ਦੇ ਨਜ਼ਦੀਕ ਬੱਲੇਬਾਜ਼ੀ ਕਰ ਰਹੇ ਸਨ ਤਾਂ ਅਸੀਂ ਸੋਚਿਆ ਸੀ ਕਿ ਸਕੋਰ 270-80 ਦੌੜਾਂ ਦਾ ਹੋਵੇਗਾ।