ਚੰਡੀਗੜ੍ਹ ਯੂਨੀਵਰਸਿਟੀ ਦੇ 8 ਵਿਦਿਆਰਥੀ ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਕਰਨਗੇ ਨੁਮਾਇੰਦਗੀ

  • ਸੀਯੂ ਦੇ 8 ਵਿਦਿਆਰਥੀਆਂ ਨੇ ਪੈਰਿਸ ਓਲੰਪਿਕ 2024 ‘ਚ ਬਣਾਈ ਆਪਣੀ ਜਗ੍ਹਾਂ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
  • ਭਾਰਤੀ ਤੀਰਅੰਦਾਜ਼ੀ ਖਿਡਾਰਨ ਭਜਨ ਕੌਰ ਸਮੇਤ 7 ਹੋਰ ਵਿਦਿਆਰਥੀ ਪੈਰਿਸ ਓਲੰਪਿਕ ‘ਚ ਛੱਡਣਗੇ ਆਪਣੀ ਛਾਪ

ਮੁਹਾਲੀ, 15 ਜੁਲਾਈ 2024 : ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਤਮਤਾ ਦੀ ਪ੍ਰਾਪਤੀ ਸਿਰਫ਼ ਸਿੱਖਿਆ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇੱਥੋਂ ਦੇ ਵਿਦਿਆਰਥੀ ਖੇਡਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੇ ਹਨ। ਸੀਯੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ 8 ਵਿਦਿਆਰਥੀਆਂ, ਭਜਨ ਕੌਰ (ਤੀਰਅੰਦਾਜ਼ੀ), ਅਰਜੁਨ ਬਾਬੂਤਾ (ਨਿਸ਼ਾਨੇਬਾਜ਼ੀ), ਸੰਜੇ (ਹਾਕੀ), ਰੀਤਿਕਾ ਹੁੱਡਾ (ਕੁਸ਼ਤੀ), ਆਕਾਸ਼ਦੀਪ ਸਿੰਘ (ਰੇਸ ਵਾਕਿੰਗ), ਪਲਕ ਕੋਹਲੀ (ਪੈਰਾ-ਬੈਡਮਿੰਟਨ), ਯਸ਼ (ਕਾਇਆਕਿੰਗ) ਅਤੇ ਅਰੁਣਾ ਤੰਵਰ (ਤਾਈਕਵਾਂਡੋ) ਨੇ 26 ਜੁਲਾਈ ਤੋਂ 11 ਅਗਸਤ 2024 ਤੱਕ ਫਰਾਂਸ ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਲਿਆ ਹੈ। ਸੀਯੂ ਦੀ ਵਿਦਿਆਰਥਣ ਭਜਨ ਕੌਰ ਨੇ ਤੁਰਕੀ ਦੇ ਅੰਤਲਯਾ ਵਿੱਚ ਆਯੋਜਿਤ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਤੀਰਅੰਦਾਜ਼ੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਭਾਰਤੀ ਟੀਮ ਵਿੱਚ ਜਗ੍ਹਾ ਦਿਵਾਈ ਹੈ। ਦੱਸਣਯੋਗ ਹੈ ਕਿ ਪੈਰਿਸ ਓਲੰਪਿਕ ਵਿੱਚ ਵਿਅਕਤੀਗਤ ਕੋਟੇ ਤਹਿਤ ਭਾਰਤ ਦੀ ਨੁਮਾਇੰਦਗੀ ਕਰੇਗੀ, ਜੋ ਵਿਸ਼ਵ ਦੇ 8 ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਦੇ ਤੀਰਅੰਦਾਜ਼ਾਂ ਨੂੰ ਦਿੱਤਾ ਜਾਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੀ ਬੀਏ ਦੀ 18 ਸਾਲਾ ਵਿਦਿਆਰਥਣ ਨੇ ਫਾਈਨਲ ਵਿੱਚ ਇਰਾਨ ਦੀ ਮੋਬੀਨਾ ਫਲਾਹ ਨੂੰ 6-2 (28-26,29-29,29-26,29-29) ਨਾਲ ਹਰਾਇਆ। ਇਸ ਤੋਂ ਪਹਿਲਾਂ ਭਜਨ ਕੌਰ ਨੇ ਵਿਸ਼ਵ ਦੀ 10ਵੇਂ ਨੰਬਰ ਦੀ ਤੀਰਅੰਦਾਜ਼ ਅਲੈਗਜ਼ੈਂਡਰਾ ਮਿਰਕਾ ਨੂੰ ਸੈਮੀਫਾਈਨਲ ਵਿੱਚ 6-2 (27-26,28-27,2. 6-2.7,27-26) ਨਾਲ ਹਰਾਇਆ ਸੀ। ਭਜਨ ਕੌਰ ਨੇ ਪੈਰਿਸ, ਫਰਾਂਸ ਵਿੱਚ ਆਯੋਜਿਤ 2023 ਹੁੰਡਈ ਤੀਰਅੰਦਾਜ਼ੀ ਵਿਸ਼ਵ ਕੱਪ ਅਤੇ ਲਿਮੇਰਿਕ ਵਿੱਚ ਆਯੋਜਿਤ ਵਿਸ਼ਵ ਤੀਰਅੰਦਾਜ਼ੀ ਯੁਵਾ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗਮੇ ਜਿੱਤੇ ਹਨ। ਉਸ ਨੇ ਕੋਲੰਬੀਆ ਦੇ ਮੇਡੇਲਿਨ ਵਿੱਚ ਆਯੋਜਿਤ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ (2023) ਵਿੱਚ ਵੀ ਹਿੱਸਾ ਲਿਆ ਹੈ। ਕੌਰ ਨੇ 41ਵੀਂ ਐੱਨਟੀਪੀਸੀ ਸੀਨੀਅਰ ਰਿਕਰਵ ਨੈਸ਼ਨਲ ਚੈਂਪੀਅਨਸ਼ਿਪ 2022 ਵਿੱਚ ਸੋਨ ਤਗਮਾ ਜਿੱਤ ਕੇ ਨਾ ਸਿਰਫ਼ ਯੂਨੀਵਰਸਿਟੀ ਬਲਕਿ ਦੇਸ਼ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਉਹ ਏਸ਼ੀਅਨ ਗ੍ਰਾਂ ਪ੍ਰੀ ਸਰਕਟ (2022) ਵਿੱਚ ਇੱਕ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਜਿੱਤ ਚੁੱਕੇ ਹਨ। ਰੀਤਿਕਾ ਹੁੱਡਾ ਨੇ ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ 2022 ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ। ਅਕਾਸ਼ਦੀਪ ਸਿੰਘ, ਜੋ ਬੀ. ਪੀ. ਐਡ ਦਾ ਵਿਦਿਆਰਥੀ ਹੈ, ਨੇ 2023 ਵਿੱਚ ਜਪਾਨ ਵਿੱਚ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਓਲੰਪਿਕ ਵਿੱਚ ਆਪਣੀ ਜਗ੍ਹਾ ਬਣਾਈ ਸੀ। ਬੀ. ਏ. ਦੇ ਵਿਦਿਆਰਥੀ ਸੰਜੇ ਭਾਰਤੀ ਹਾਕੀ ਟੀਮ ਦਾ ਹਿੱਸਾ ਹੋਣਗੇ। ਉਨ੍ਹਾਂ ਨੇ 2023 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਅਰੁਣਾ ਤੰਵਰ, ਜੋ ਇੱਕ ਪੈਰਾ ਤਾਈਕਵਾਂਡੋ ਖਿਡਾਰੀ ਹੈ, ਅਤੇ ਪਲਕ ਕੋਹਲੀ, ਜਿਸ ਨੇ ਬੀ. ਡਬਲਯੂ. ਐੱਫ. ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ, ਪੈਰਿਸ ਪੈਰਾ-ਓਲੰਪਿਕ 2024 ਵਿੱਚ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ, "ਚੰਡੀਗੜ੍ਹ ਯੂਨੀਵਰਸਿਟੀ ਇੱਕ ਵਿਦਿਅਕ ਸੰਸਥਾ ਵਜੋਂ ਆਪਣੇ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ ਅਤੇ ਸਮੁੱਚੇ ਵਿਕਾਸ ਦੋਵਾਂ ਨੂੰ ਉਤਸ਼ਾਹਤ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੀ ਹੈ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਾ ਸਿਰਫ ਦੇਸ਼ ਦਾ ਮਾਣ ਵਧਾਇਆ ਹੈ ਬਲਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਮਾਣ ਵੀ ਵਧਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਖੇਡਾਂ 'ਤੇ ਵੀ ਜ਼ੋਰ ਦਿੱਤਾ ਹੈ, ਜਿਸ ਨਾਲ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉੱਭਰ ਰਹੀਆਂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਤ ਕਰਨ 'ਤੇ ਧਿਆਨ ਕੇਂਦਰਤ ਕਰਦਿਆਂ, ਚੰਡੀਗੜ੍ਹ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਵੱਧ ਤੋਂ ਵੱਧ 2 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਕੈਂਪਸ ਵਿੱਚ ਖੇਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਸਾਲ 8.5 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚ 3.84 ਕਰੋੜ ਰੁਪਏ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਵੀ ਸ਼ਾਮਲ ਹੈ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਤਜ਼ਰਬੇਕਾਰ ਟ੍ਰੇਨਰਾਂ ਅਤੇ ਕੋਚਾਂ ਅਧੀਨ ਅਭਿਆਸ ਕਰਨ ਲਈ ਅਤਿ-ਆਧੁਨਿਕ ਖੇਡ ਸਹੂਲਤਾਂ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਸੀਯੂ ਖਿਡਾਰੀਆਂ ਨੂੰ ਮਹੀਨਾਵਾਰ ਸਕਾਲਰਸ਼ਿਪ ਰਾਹੀਂ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਇਸ ਸਮੇਂ 1183 ਵਿਦਿਆਰਥੀ ਜਿਨ੍ਹਾਂ ਵਿੱਚ 407 ਲੜਕੀਆਂ ਅਤੇ 562 ਲੜਕੇ 100% ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ, ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ ਜਿਸ ਵਿੱਚ ਮੁਫਤ ਵਿਸ਼ੇਸ਼ ਖੁਰਾਕ, ਖੇਡ ਕਿੱਟਾਂ, ਖੇਡ ਮੁਕਾਬਲੇ ਦੇ ਸਥਾਨਾਂ ਦਾ ਦੌਰਾ, ਕੋਚਿੰਗ ਖਰਚੇ, ਹੋਸਟਲਾਂ ਸਮੇਤ ਹੋਰ ਸਹੂਲਤਾਂ ਸ਼ਾਮਲ ਹਨ।"