ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 21 ਮੋਬਾਈਲ ਐਪਸ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਵਿੱਚ ਨਿਤਨੇਮ ਦੀਆਂ ਬਾਣੀਆਂ ਵਿੱਚ ਕਈ ਗਲਤੀਆਂ ਹਨ। ਇਨ੍ਹਾਂ 21 ਮੋਬਾਈਲ ਐਪਸ ਉੱਪਰ ਬਾਣੀਆਂ ਵਿੱਚ ਕਈ ਗਲਤੀਆਂ ਦਾ ਖੁਲਾਸਾ ਜਾਂਚ ਦੌਰਾਨ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੀਆਂ 21 ਐਪਸ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਅਪਲੋਡ ਗੁਰਬਾਣੀ ’ਚੋਂ ਸਿਰਫ ਨਿਤਨੇਮ ਦੀਆਂ ਬਾਣੀਆਂ ਦੀ ਹੀ ਜਾਂਚ ਕੀਤੀ ਗਈ ਹੈ। ਇਨ੍ਹਾਂ ਬਾਣੀਆਂ ਵਿੱਚ ਲਗਾ ਮਾਤਰਾ ਤੇ ਹੋਰ ਕਈ ਗਲਤੀਆਂ ਹਨ, ਜੋ ਨਿਰੰਤਰ ਇਸੇ ਤਰ੍ਹਾਂ ਚਲ ਰਹੀਆਂ ਹਨ।ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਐਪਸ ’ਤੇ ਮੌਜੂਦਾ ਤਰੁਟੀਆਂ ਦੀ ਇੱਕ ਮਹੀਨੇ ਵਿਚ ਸੁਧਾਈ ਕਰਾਉਣ ਲਈ ਆਖਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਇਨ੍ਹਾਂ ਐਪਸ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਪਸ ਲਾਂਚ ਕਰਨ ਤੋਂ ਪਹਿਲਾਂ ਇਸ ਸਬੰਧੀ ਅਕਾਲ ਤਖ਼ਤ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਇੰਟਰਨੈਟ ’ਤੇ ਚੱਲ ਰਹੀਆਂ ਇਨ੍ਹਾਂ ਗੁਰਬਾਣੀ ਐਪਸ ਬਾਰੇ ਲੋਕਾਂ ਵੱਲੋਂ ਵੀ ਇੰਟਰਨੈਟ ’ਤੇ ‘ਫੀਡਬੈਕ’ ਦਿੱਤੀ ਗਈ ਹੈ, ਜਿਸ ਵਿੱਚ ਲਗਾ ਮਾਤਰਾ ਦੀਆਂ ਗ਼ਲਤੀਆਂ ਤੇ ਕਈ ਥਾਵਾਂ ਤੋਂ ਗੁਰਬਾਣੀ ਦੀਆਂ ਤੁਕਾਂ ਨਾ ਹੋਣ ਆਦਿ ਦੀਆਂ ਵੀ ਸ਼ਿਕਾਇਤਾਂ ਸ਼ਾਮਲ ਹਨ। ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਹ ਇੱਕ ਗੰਭੀਰ ਮਾਮਲਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਕੁਝ ਸਮਾਂ ਪਹਿਲਾਂ ਵੀ ਉਭਰਿਆ ਸੀ ਤੇ ਉਸ ਵੇਲੇ ਕੁਝ ਸਿੱਖ ਜਥੇਬੰਦੀਆਂ ਨੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਇਹ ਸ਼ਿਕਾਇਤਾਂ ਨੂੰ ਅਣਡਿੱਠਾ ਕੀਤੇ ਜਾਣ ਕਾਰਨ ਐਪਸ ’ਤੇ ਗਲਤੀਆਂ ਜਿਵੇਂ ਦੀਆਂ ਤਿਵੇਂ ਚੱਲ ਰਹੀਆਂ ਹਨ।