ਹੁਸ਼ਿਆਰਪੁਰ, 1 ਮਾਰਚ : ਹੁਸ਼ਿਆਰਪੁਰ ਦੇ ਨੇੜਲੇ ਪਿੰਡ ਫਲਾਹੀ ਵਿਖੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੁਸ਼ਿਆਰਪੁਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਮੁੰਡੇ ਪਿੰਡ ਹਰਮੋਇਆਂ ਨੂੰ ਜਾ ਰਹੇ ਸਨ। ਇਸ ਦੌਰਾਨ ਮੱਲੀ ਕੰਪਨੀ ਦੀ ਮਿੰਨੀ ਬੱਸ ਹਰਮੋਇਆਂ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ। ਜਦੋਂ ਬੱਸ ਉਕਤ ਥਾਂ ’ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਟਕਰਾ ਕੇ ਬੱਸ ਹੇਠਾਂ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਤਿੰਦਰ ਸਿੰਘ (35) ਅਤੇ ਸਤਵਿੰਦਰ ਸਿੰਘ (22) ਵਾਸੀ ਪਿੰਡ ਹਰਮੋਇਆਂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖ਼ਦਰਸ਼ੀਆਂ ਨੇ ਦੱਸਿਆ ਕਿ ਜਦੋਂ ਉਹ ਪਿੰਡ ਫ਼ਲਾਹੀ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਅਤੇ ਹੁਸ਼ਿਆਰਪੁਰ ਨੂੰ ਜਾ ਰਹੀ ਮੱਲ੍ਹੀ ਬੱਸ ਕੰਪਨੀ ਦੀ ਮਿੰਨੀ ਬੱਸ ਨੰਬਰ ਪੀ ਬੀ30 ਕੇ 9747 ਨਾਲ ਟਕਰਾ ਗਏ ਅਤੇ ਬੱਸ ਦੇ ਹੇਠਾਂ ਆ ਗਏ ਅਤੇ ਬੁਰੀ ਤਰਾਂ ਨਾਲ ਦਰੜੇ ਗਏ। ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਥਾਣਾ ਮੇਹਟੀਆਣਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਨੋ ਵਾਹਨ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।