ਚੰਡੀਗੜ੍ਹ : ਪੀ.ਏ.ਯੂ. ਲੁਧਿਆਣਾ, ਦੇ ਵੀ.ਸੀ. ਦੀ ਨਿਯੁਕਤੀ ਬਾਰੇ ਜਗਮੋਹਨ ਕੰਗ ਨੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਹੇਠਾਂ ਪੜ੍ਹੋ ਉਹਨਾਂ ਰਾਜਪਾਲ ਨੂੰ ਕੀ ਕਿਹਾ....
ਵਿਸ਼ਾ:— ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦੀ ਨਿਯੁਕਤੀ ਬਾਰੇ
ਮੈਂ ਆਪਜੀ ਦੇ ਧਿਆਨ ਵਿੱਚ ਲਿਆਉਂਣਾ ਚਾਹੁੰਦਾ ਹਾਂ, ਕਿ ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ, ਪੰਜਾਬ ਸਰਕਾਰ ਵਲੋਂ ਹੁਣੇ—ਹੁਣੇ ਲਗਾਏ ਗਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਬਾਰੇ ਵਾਦ—ਵਿਵਾਦ, ਟਿੱਪਣੀਆਂ ਆਦਿ ਪ੍ਰੈਸ ਵਿੱਚ ਆ ਰਹੀਆਂ ਹਨ। ਜੋ ਕਿ ਬੁੱਧੀਜੀਵੀਆਂ/ਪੀ.ਏ.ਯੂ. ਕੈਂਪਸ ਦੀ ਸੋਚ ਅਤੇ ਕਹਿਣਾ ਹੈ, ਕਿ ਇਹ ਗੱਲ ਨਾ—ਵਾਜ਼ਬ ਹੀ ਨਹੀਂ, ਬਲਕਿ ਬੜੀ ਮੰਦਭਾਗੀ ਵੀ ਹੈ। (ਪ੍ਰੰਤੂ ਮੈਂ ਆਪਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ, ਕਿ ਪਿੱਛਲੀ ਸਰਕਾਰ ਵਿੱਚ ਪਹਿਲਾਂ ਮੈਂ ਜਦੋਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਆਦਿ ਮੰਤਰੀ ਰਿਹਾ ਹਾਂ, ਉੱਦੋਂ ਮੇਰਾ ਤਕਰੀਬਨ ਲਗਾਤਾਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਹੀ ਨਹੀਂ ਰਿਹਾ, ਬਲਕਿ ਵਾਹ ਵੀ ਪੈਂਦਾ ਰਿਹਾ ਹੈ। ਇੱਥੋਂ ਤੱਕ ਕਿ ਮੈਂ ਕਹਿਣਾ ਚਾਹੁੰਦਾ ਹਾਂ, ਕਿ ਅੱਜ ਜੋ ਲੁਧਿਆਣਾ ਵਿਖੇ GADVASU ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਬਣੀ ਹੈ। ਉਹ ਉਦੋਂ ਦੇ ਮੁੱਖ ਮੰਤਰੀ ਜੀ ਦੇ ਆਸ਼ੀਰਵਾਦ/ਸਹਿਯੋਗ ਨਾਲ ਮੈਂ ਆਪਣੀ ਸੋਚ ਅਤੇ ਗੰਭੀਰ ਉਪਰਾਲਿਆਂ ਸਦਕਾ ਸਥਾਪਤ ਕਰਵਾਈ ਸੀ।ਜੋ ਕਿ ਅੱਜ ਦੇਸ਼—ਵਿਦੇਸ਼ ਵਿੱਚ ਪਸ਼ੂ ਧੰਨ ਦੀ ਢੁੱਕਵੇਂ ਢੰਗ ਨਾਲ ਹਰ ਪੱਖੋਂ ਬੇਮਿਸਾਲ ਸੇਵਾ ਕਰ ਰਹੀ ਹੈ) ਪਰ ਮੇਰੀ ਜਾਣਕਾਰੀ ਅਤੇ ਸੂਤਰਾਂ ਮੁਤਾਬਿਕ ਇਸ ਨਿਯੁਕਤੀ ਤੋਂ ਪਹਿਲਾਂ ਜਿਨ੍ਹੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰਾਂ ਦੀ ਨਿਯੁਕਤੀ ਹੋਈ ਹੈ। ਉਸ ਸਭ Act & Statutory law ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਨ ਬੋਰਡ (board of management) ਮੁਤਾਬਿਕ ਹੀ ਨਿਯੁਕਤੀ ਹੋਈ ਹੈ। ਸਤਿਕਾਰਯੋਗ ਰਾਜਪਾਲ ਜੀ, ਮੈਂ ਇਸ ਵਾਦ—ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਪ੍ਰੰਤੂ ਮੈਂ ਭਗਵੰਤ ਮਾਨ/ਪੰਜਾਬ ਸਰਕਾਰ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਕਿ ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ ਦੀ ਨਿਯੁਕਤੀ ਬਿਲਕੁੱਲ ਮੈਰਿਟ ਤੇ ਹੀ ਕੀਤੀ ਗਈ ਹੈ ਅਤੇ ਸਾਰੇ ਸਬੰਧਤ ਸੂਤਰਾਂ ਮੁਤਾਬਿਕ ਇਹ ਨਿਯੁਕਤੀ ਨਿਰਧਾਰਿਤ ਬਣਦੇ ਰੂਲਾਂ/ਕਾਨੂੰਨ ਮੁਤਾਬਿਕ ਹੀ ਕੀਤੀ ਗਈ ਹੈ। ਜਿਸ ਦਾ ਪਹਿਲਾਂ ਹੀ ਸਾਰੇ ਪੀ.ਏ.ਯੂ. ਕੈਂਪਸ ਅਤੇ ਹੋਰ ਅਦਾਰਿਆਂ ਨੇ ਵੀ ਭਰਮਾਂ ਸਵਾਗਤ ਹੀ ਨਹੀਂ ਕੀਤਾ, ਬਲਕਿ ਇਸ ਦੀ ਪ੍ਰਸ਼ੰਸ਼ਾ/ਸ਼ਲਾਘਾ ਵੀ ਕੀਤੀ ਹੈ। ਜੇਕਰ ਆਪਜੀ ਨੂੰ ਕੋਈ ਵੀ ਕਮੀ ਲਗਦੀ ਹੈ ਤਾਂ ਕ੍ਰਿਪਾ ਕਰਕੇ ਉਸ ਨੂੰ ਸਰਕਾਰ/ਆਪਣੇ ਪੱਧਰ ਤੇ ਹੀ ਸੁੱਲਝਾ/ਹੱਲ ਕੱਢ ਕੇ ਇਸ ਮੱਸਲੇ ਨੂੰ ਖਤਮ ਕਰਨਾ ਚਾਹੀਦਾ ਹੈ। ਕਿਊਂਕਿ ਨਹੀਂ ਤਾਂ ਅਜਿਹੇ ਕਾਬਲ, ਨਾਮੀ, ਸਾਈਟਿਸਟ ਡਾ. ਸਤਬੀਰ ਸਿੰਘ ਗੋਸਲ (ਜਿਸ ਦਾ ਕੋਈ ਵੀ ਕਸੂਰ ਨਹੀਂ ਹੈ) ਵਰਗੇ ਦੀ ਹੇਠੀ ਹੋਵੇਗੀ, ਜੋ ਕਿ ਸਿੱਖਿਆ ਦੇ ਅਦਾਰਿਆਂ/ਖੇਤਰ ਵਿੱਚ ਚੰਗਾ ਸੁਨੇਹਾ ਨਹੀਂ ਜਾਵੇਗਾ। ਬਲਕਿ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀ ਦਾ ਸਿਆਸੀ ਦੱਖਲ ਨੂੰ ਹਮੇਸ਼ਾ ਮੰਦਭਾਗਾ ਸਮਝਿਆ ਜਾਂਦਾ ਹੈ— ਮੈਨੂੰ ਮਾਣ ਪ੍ਰਾਪਤ ਹੋਇਆ, ਕਿ ਮੈਂ 1974 ਤੋਂ ਲੈ ਕੇ 1988 ਤੱਕ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦਾ ਪ੍ਰਧਾਨ ਰਿਹਾ, ਫਿਰ ਮੈਂ ਮੈਂਬਰ ਸੀਨੇਟ, ਸਿਨਡੀਕੇਟ ਅਤੇ ਹੋਰ ਵੀ ਕਈ ਅਹਿਮ ਕਮੇਟੀਆਂ ਵਿੱਚ ਮੈਂਬਰ ਰਿਹਾ ਹਾਂ, ਉੱਦੋਂ ਵੀ ਅਸੀਂ ਦੇਖਿਆ ਸੀ, ਕਿ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਵੀ ਪਾਰਟੀ ਜਾਂ ਸਰਕਾਰ ਵੱਲੋਂ ਦੱਖਲਅੰਦਾਜ਼ੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ।
ਮੈਂ ਆਪਜੀ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ, ਕਿ ਕ੍ਰਿਪਾ ਕਰਕੇ ਸੂਬੇ, ਖੇਤੀਬਾੜੀ ਅਤੇ ਲੋਕ ਹਿੱਤ ਵਿੱਚ ਇਸ ਮੱਸਲੇ ਨੂੰ ਆਪਜੀ ਦੀ ਅਗਵਾਈ ਹੇਠ ਸਰਕਾਰ ਪੱਖ ਤੋਂ ਹੀ ਹੱਲ ਕੱਢਣ/ਸੁਲਝਾ ਕੇ ਖਤਮ ਕਰਨ ਲੈਣਾ ਚਾਹੀਦਾ ਹੈ।