
ਸਮਰਾਲਾ, 19 ਫਰਵਰੀ 2025 : ਸਮਰਾਲਾ ਨੇੜੇ ਦੀ ਲੰਘਦੀ ਸਰਹੰਦ ਨਹਿਰ ਵਿੱਚ ਪਤੀ ਪਤਨੀ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹੇਡੋਂ ਦੇ ਨਿਵਾਸੀ ਜਸਵੰਤ ਸਿੰਘ (38) ਤੇ ਉਸਦੀ ਪਤਨੀ ਨੇਹਾ ਰਾਣੀ (36) ਨੇ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਤੋਂ ਦੁੱਖੀ ਹੋ ਕੇ ਸਰਹੰਦ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਕਿਸੇ ਵਿਅਕਤੀ ਨੇ ਲਵਾਰਸ ਖੜੀ ਕਾਰ ਨੂੰ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ। ਪੁਲਿਸ ਨੂੰ ਕਾਰ ਦੇ ਨੇੜਿਓ ਇੱਕ ਮੋਬਾਇਲ ਅਤੇ ਚੱਪਲਾਂ ਪਈਆਂ ਮਿਲੀਆਂ। ਦੋਵੇਂ ਪਤੀ-ਪਤਨੀ ਦੀ ਤਲਾਸ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਮੌਕੇ ਤੇ ਪੁੱਜ ਗਏ।ਮ੍ਰਿਤਕ ਜਸਵੰਤ ਸਿੰਘ ਦੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਤੇ ਭਾਬੀ ਸੋਮਵਾਰ ਦੁਪਿਹਰ ਬਾਅਦ ਤੋਂ ਘਰੋਂ ਕਾਰ ਤੇ ਸਵਾਰ ਹੋ ਕੇ ਨਿਕਲੇ ਸਨ, ਜਿੰਨ੍ਹਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁੱਝ ਵਿਅਕਤੀ ਉਸਦੇ ਭਰਾ ਤੇ ਭਾਬੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਕਿਉਂਕਿ ਉਸਦੇ ਭਰਾ ਜਸਵੰਤ ਸਿੰਘ ਦਾ ਦੂਜੀ ਧਿਰ ਨਾਲ ਕੋਈ ਅਦਾਲਤ ਵਿੱਚ ਕੇਸ ਚੱਲਦਾ ਸੀ, ਜਿਸ ਨੂੰ ਲੈ ਕੇ ਉਹ ਦਬਾਅ ਪਾ ਰਹੇ ਸੀ ਕਿ ਕੇਸ ਵਾਪਸ ਲਵੋ, ਕਿਉਂਕਿ ਉਨ੍ਹਾਂ ਕੋਲ ਕੋਈ ਇਤਰਾਜਯੋਗ ਵੀਡੀਓ ਸੀ, ਜਿਸ ਨੂੰ ਉਹ ਵਾਇਰਲ ਕਰਨ ਦਾ ਵੀ ਡਰਾਵਾ ਦਿੰਦੇ ਸਨ। ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਦੇ ਭਰਾ ਭਾਬੀ ਨੇ ਇਹ ਕਦਮ ਚੁੱਕਿਆ ਹੇੈ, ਜਿਸ ਲਈ ਜਿੰਮੇਵਾਰ ਉਕਤ ਪਿੰਡ ਦੇ ਉਹੀ ਵਿਅਕਤੀ ਹਨ। ਪੁiੁਲਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਮੰਗਲਵਾਰ ਸ਼ਾਮ ਨੂੰ ਨੇਹਾ ਰਾਣੀ ਦੀ ਲਾਸ਼ ਨਹਿਰ ਵਿੱਚੋਂ ਕੱਢ ਕੇ ਪੋਸ਼ਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਦਕਿ ਜਸਵੰਤ ਸਿੰਘ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਜਸਵੰਤ ਸਿੰਘ ਕਿੱਤੇ ਵਜੋਂ ਟੈਕਸੀ ਚਲਾਉਂਦਾ ਸੀ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ। ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪਤੀ ਪਤਨੀ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ।