ਰਾਏਕੋਟ, 3 ਜਨਵਰੀ (ਚਮਕੌਰ ਸਿੰਘ ਦਿਓਲ) : ਰਾਏਕੋਟ ਵਿਖੇ ਗੁਰੂ ਗੋਬਿੰਦ ਸਿੰਘ ਦੀ ਆਮਦ ਦੀ ਯਾਦ ਵਿੱਚ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਜੋੜ ਮੇਲੇ ਦੇ ਪਹਿਲੇ ਦਿਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਦੀ ਉਹਨਾਂ ਦੇ ਧਰਮ ’ਚ ਬੇਲੋੜੀ ਦਖ਼ਲਅੰਦਾਜ਼ੀ ਵਧ ਰਹੀ ਹੈ। ਇਸੇ ਸਬੰਧ ’ਚ ਉਹਨਾਂ ਕਾਂਗਰਸ ਆਗੂ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰਾਜਾਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਮਿਲ ਕੇ ਰਾਜਸਥਾਨ ’ਚ ਵੀ ਹਰਿਆਣਾ ਵਾਂਗ ਵਖੱਰੀ ਗੁਰਦਵਾਰਾ ਪ੍ਰਬੰਧਕੀ ਕਮੇਟੀ ਬਣਾਉਣ ਦੀ ਸਲਾਹ ਦੇਣ ’ਤੇ ਕਿਹਾ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਣ ਤੇ ਉਹ ਆਪਣੀ ਰਾਜਨੀਤੀ ਤੱਕ ਹੀ ਸੀਮਤ ਰਹਿਣ।ਇਸ ਦੇ ਨਾਲ ਹੀ ਉਹਨਾਂ ਨਾਮ ਲਏ ਬਿਨਾਂ ਸੱਤਧਾਰੀ ਪਾਰਟੀ ਦੇ ਮੁਖੀ ਦੇ ਇਕ ਬਿਆਨ ਕਿ ‘‘ਜੇ ਕਰ ਸ੍ਰੋਮਣੀ ਕਮੇਟੀ ਦੇ ਗੁਰੂਧਾਮਾਂ ’ਚੋਂ ਗੋਲਕਾਂ ਚੱਕ ਦਿਓ ਤਾਂ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਲਈ ਤਿਆਰ ਨਹੀਂ ਹੋਵੇਗਾ।’’ ’ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਰ ਗੋਲਕ ਤੇ ਆਉਂਦੀ ਹਰ ਮਾਇਆ ਦਾ ਪਾਣੀ ਪੁਣਿਆ ਜਾਂਦਾ ਭਾਵ ਸਪੱਸ਼ਟ ਲੇਖਾ ਜੋਖਾ ਹੁੰਦਾ। ਉਹਨਾਂ ਕਿਹਾ ਕਿ ਬਿਆਨ ਦੇਣ ਵਾਲੇ ਇਸ ’ਤੇ ਚੁਟਕਲੇ ਨਾ ਬਣਾਉਣ। ਉਹਨਾਂ ਕਿਹਾ ਕਿ ਕਿਸੇ ਸਮੇਂ ਉਹਨਾਂ ਦੀ ਰਾਜਨੀਤੀ ਚੁਟਕਲਿਆਂ ਨਾਲ ਚੱਲ ਗਈ ਪ੍ਰੰਤੂ ਉਹ ਧਰਮ ’ਤੇੇ ਚੁਟਕਲੇ ਬਣਾਉਣ ਤੋਂ ਗੁਰੇਜ ਕਰਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਉਹਨਾਂ ਦੇ ਵਲੰਟਰੀਆਂ ਵਲੋਂ ਚੌਕਸੀ ਵਧਾਈ ਗਈ ਹੈ ਤਾਂ ਜੋ ਇਸ ਇਲਾਕੇ ’ਚ ਕੋਈ ਵੀ ਅਨੈਤਕ ਕੰਮ ਨਾ ਹੋਵੇ। ਇਸ ਮੌਕੇ ਉਹਨਾਂ ਨਾਲ ਜਗਜੀਤ ਸਿੰਘ ਤਲਵੰਡੀ ਤੋਂ ਇਲਾਵਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਕੇਵਲ ਸਿੰਘ ਬਾਦਲ, ਰਘਵੀਰ ਸਿੰਘ ਸਹਾਰਨ ਮਾਜਰਾ ਹਾਜਰ ਸਨ।