ਪੰਜਾਬ ਦੇ 10 ਜਿਲ੍ਹਿਆਂ ਵਿੱਚ ਸਿੱਖਿਆ ਵਿਭਾਗ ਸਥਾਪਿਤ ਕਰੇਗਾ ਇੰਨਡੋਰ ਸ਼ੂਟਿੰਗ ਰੇਜਾਂ: ਹਰਜੋਤ ਸਿੰਘ ਬੈਂਸ

  • ਅਗਲੇ ਤਿੰਨ ਮਹੀਨਿਆਂ ਵਿੱਚ ਅਨੰਦਪੁਰ ਸਾਹਿਬ ਵਿੱਚ ਬਣ ਕੇ ਤਿਆਰ ਹੋਵੇਗੀ ਪਹਿਲੀ ਸ਼ੂਟਿੰਗ ਰੇਂਜ

ਚੰਡੀਗੜ,  07 ਅਗਸਤ 2024 : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਜਿਲ੍ਹਿਆਂ ਵਿੱਚ ਇੰਨਡੋਰ ਸ਼ੂਟਿੰਗ ਰੇਜ ਬਣਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਇਥੇ ਦਿੱਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਬੈਂਸ ਨੇ ਦੱਸਿਆ ਕਿ ਸੰਗਰੂਰ, ਲੁਧਿਆਣਾ, ਜਲੰਧਰ, ਫਿਰੋਜਪੁਰ, ਅੰਮ੍ਰਿਤਸਰ, ਰੂਪਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਮਾਨਸਾ ਵਿੱਚ ਇਹ ਇੰਨਡੋਰ ਸ਼ੂਟਿੰਗ ਰੇਂਜ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਵਿੱਚ ਖਿਡਾਰੀ 10 ਮੀਟਰ ਨਿਸ਼ਾਨੇਬਾਜੀ ਦਾ ਅਭਿਆਸ ਕਰ ਸਕਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਦੁਨੀਆਂ ਵਿੱਚ ਮੋਹਰੀ ਬਨਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਦਿਸ਼ਾ ਵਿੱਚ ਕਦਮ ਪੁੱਟਦਿਆਂ ਖੇਡਾਂ ਵਤਨ ਪੰਜਾਬ ਦੀਆਂ ਰਾਹੀ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਮੁਕਾਬਲਿਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਜਿੱਥੇ ਸਨਮਾਨ ਕੀਤਾ ਗਿਆ ਹੈ ਉਥੇ ਨਾਲ ਹੀ ਉਹਨਾਂ ਨੂੰ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵਿੱਚ ਨੌਕਰੀਆਂ ਵੀ ਦਿੱਤੀਆਂ ਗਈਆਂ।ਉਹਨਾਂ ਕਿਹਾ ਕਿ ਸਥਾਪਿਤ ਕੀਤੀਆਂ ਜਾ ਰਹੀਆਂ ਸ਼ੂਟਿੰਗ ਰੇਜਾਂ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਅਤੇ ਕੋਚਿੰਗ ਮੁਹੱਈਆ ਕਰਵਾਈਆ ਜਾਣਗੀਆਂ । ਅਗਲੇ 3 ਮਹੀਨਿਆਂ ਵਿੱਚ ਅਨੰਦਪੁਰ ਸਾਹਿਬ ਵਿਖੇ ਪਹਿਲੇ ਇੰਡੋਰ ਸ਼ੂਟਿੰਗ ਰੇਂਜ ਬਣ ਕੇ ਤਿਆਰ ਹੋ ਜਾਵੇਗੀ।