
ਅੰਮ੍ਰਿਤਸਰ, 12 ਮਾਰਚ 2025 : ਸੀਮਾ ਸੁਰੱਖਿਆ ਬਲ ਨੇ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਸਮੇਤ ਦੋ ਪਿਸਤੌਲ ਬਰਾਮਦ ਕੀਤੇ ਹਨ। ਇਹ ਬਰਾਮਦਗੀ ਫੋਰਸ ਦੇ ਖੂਫੀਆ ਵਿੰਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਸੀ। ਦਰਅਸਲ, ਫੋਰਸ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਹਰਦੋ ਰਤਨ ਦੇ ਨਾਲ ਲੱਗਦੇ ਖੇਤਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਛੇ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ 3.319 ਕਿਲੋਗ੍ਰਾਮ ਹੈਰੋਇਨ ਸੀ। ਇਸ ਦੇ ਨਾਲ ਹੀ ਦੋ 30 ਬੋਰ ਪਿਸਤੌਲ, ਇਕ ਈਅਰਫੋਨ ਅਤੇ ਦੋ ਸਮਾਰਟ ਫੋਨ ਬਰਾਮਦ ਕੀਤੇ ਗਏ ਹਨ। ਇਹ ਸਮਾਨ ਇੱਥੇ ਪੀਲੇ ਰੰਗ ਦੀ ਟੇਪ ਨਾਲ ਢੱਕੇ ਹੋਏ ਪੈਕੇਟ ਵਿਚ ਭੇਜਿਆ ਗਿਆ ਸੀ। ਪੈਕੇਟ ਵਿਚੋਂ ਇਕ ਤਾਂਬੇ ਦੀ ਤਾਰ ਲਟਕ ਰਹੀ ਸੀ ਅਤੇ ਇਕ ਰੋਸ਼ਨੀ ਫੈਲਾਉਣ ਵਾਲੀ ਸਟ੍ਰਿਪ ਵੀ ਸੀ, ਜਿਸ ਤੋਂ ਸਪੱਸ਼ਟ ਹੁੰਦਾ ਸੀ ਕਿ ਇੱਥੇ ਸਮਾਨ ਡਰੋਨ ਰਾਹੀਂ ਭੇਜਿਆ ਗਿਆ ਸੀ। ਫੋਰਸ ਨੇ ਬਰਾਮਦ ਕੀਤੇ ਹਥਿਆਰਾਂ ਅਤੇ ਹੈਰੋਇਨ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਹੈ, ਜਦੋਂ ਕਿ ਪੁਲਿਸ ਨੇ ਅਣਪਛਾਤੇ ਤਸਕਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।