
ਅੰਮ੍ਰਿਤਸਰ, 2 ਦਸੰਬਰ 2024 : ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਨਖਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿੱਚ ਸੁਖਬੀਰ ਬਾਦਲ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਖ਼ਿਲਾਫ਼ ਸ੍ਰੀ ਅਕਾਲ ਤਖਤ ਤੋਂ ਧਾਰਮਿਕ ਤਨਖਾਹ ਲਾਉਣ ਬਾਰੇ ਫ਼ੈਸਲਾ ਸੁਣਾਇਆ ਗਿਆ ਹੈ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਸਮੇਂ ਹੋਏ ਸਾਰੇ ਹੀ 'ਗੁਨਾਹਾਂ' ਨੂੰ ਕਬੂਲ ਕਰ ਲਿਆ ਹੈ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਖਬੀਰ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ 'ਗੁਨਾਹਾਂ' ਲਈ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜਥੇਦਾਰ ਸਾਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਵੇਰੇ 9 ਤੋਂ 10 ਵਜੇ ਤਕ ਗੱਲ ‘ਚ ਇਕ ਤਖ਼ਤੀ ਪਾ ਕੇ ਦੋ ਦਿਨ ਘੰਟਾਘਰ ਡਿਓੜੀ ਦੇ ਬਾਹਰ ਹੱਥ ‘ਚ ਬਰਛਾ ਫੜ ਕੇ ਸੇਵਾਦਾਰ ਵਾਲਾ ਚੋਲਾ ਪਾ ਕੇ ਸੇਵਾ ਕਰਨ ਦੀ ਸੇਵਾ ਲਗਾਈ ਗਈ ਹੈ ਇਸ ਤੋਂ ਇਲਾਵਾ 1 ਘੰਟਾ ਭਾਂਡਿਆਂ ਦੀ ਸੇਵਾ ਵੀ ਲਗਾਈ ਗਈ ਹੈ ਅਤੇ ਇਕ ਘੰਟਾ ਪਾਠ ਸਰਵਣ ਕਰਨਾ ਅਤੇ ਇਕ ਇਕ ਪਾਠ ਸੁਖਮਨੀ ਸਾਹਿਬ ਦਾ ਪਾਠ ਕਰਨਾ ਵੀ ਸ਼ਾਮਿਲ ਹੈ ਇਹ ਸਾਰੇ ਕੱਲ੍ਹ 3 ਤਰੀਕ ਨੂੰ ਸੰਗਤਾਂ ਲਈ ਦਰਬਾਰ ਸਾਹਿਬ ਵਿੱਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਕਬੂਲੇ ਗੁਨਾਹ
ਸੁਖਬੀਰ ਸਿੰਘ ਬਾਦਲ ਪੈਰ ‘ਚ ਫਰੈਕਚਰ ਹੋਣ ਕਾਰਨ ਵ੍ਹੀਲਚੇਅਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਗੁਨਾਹ ਕਬੂਲੇ ਹਨ। ਸ੍ਰੀ ਅਕਾਲ ਤਖ਼ਤ ਸਾਹਮਣੇ ਸਿੰਘ ਸਹਿਬਾਨ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਤੋਂ ਬਹੁਤ ਭੁੱਲਾਂ ਹੋਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਮਣੇ ਸਿੰਘ ਸਹਿਬਾਨ ਵਲੋਂ ਪੁੱਛੇ ਗਏ ਸਵਾਲਾਂ ‘ਤੇ ਸੁਖਬੀਰ ਬਾਦਲ ਨੇ ਗੋਲੀਕਾਂਡ ਤੇ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਦਾ ਗੁਨਾਹ ਕਬੂਲਿਆ ਇਸ ਤੋਂ ਇਲਾਵਾ ਸਿੰਘ ਸਹਿਬਾਨ ਵਲੋਂ ਪੁੱਛੇ ਗਏ ਸਵਾਲ ‘ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਅਫ਼ਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਤਰੱਕੀਆਂ” ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਇਹ ਗੁਨਾਹ ਵੀ ਕਬੂਲਿਆ।
ਸੁਖਬੀਰ ਸਿੰਘ ਬਾਦਲ ਨੂੰ ਕੀ ਲਗਾਈ ਸਜ਼ਾ ?
- ਕੱਲ੍ਹ 3 ਤਰੀਕ ਨੂੰ ਸੰਗਤਾਂ ਲਈ ਦਰਬਾਰ ਸਾਹਿਬ 'ਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ।
- 1 ਘੰਟਾ ਲੰਗਰ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਲਗਾਈ।
- ਜੋੜੇ ਸਾਫ਼ ਕਰਨ ਦੀ ਸੇਵਾ ਲਗਾਈ।
- ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ।
- ਸਵੇਰੇ 9 ਵਜੇ ਤੋਂ 10 ਵਜੇ ਤੱਕ ਦਰਬਾਰ ਸਾਹਿਬ ਦੇ ਬਾਹਰ ਬੈਠਣ ਦੀ ਸਜ਼ਾ।
- ਇਸ ਤੋਂ ਇਲਾਵਾ ਗਲੇ ਵਿਚ ਤਖਤੀ ਪਾ ਕੇ ਸੇਵਾ ਕਰਨਗੇ।
- ਬਰਸ਼ਾ ਲੈ ਕੇ ਵ੍ਹੀਲ ਚੇਅਰ 'ਤੇ ਬੈਠ ਕੇ ਮੁੱਖ ਗੇਟ 'ਤੇ ਇਕ ਘੰਟੇ ਦੀ ਸੇਵਾ।
- ਇਸ ਤੋਂ ਇਲਾਵਾ ਡੇਰਾ ਮੁਖੀ ਦੀ ਮਾਫ਼ੀ ਲਈ ਦਿੱਤੇ ਇਸ਼ਤਿਹਾਰ ਦੀ ਰਾਸ਼ੀ ਵਿਆਜ ਸਮੇਤ ਖਾਤਾ ਸ਼ਾਖਾ 'ਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
- ਮੈਨੇਜਰ ਦਰਬਾਰ ਸਾਹਿਬ ਉਨ੍ਹਾਂ ਦੀ ਹਾਜ਼ਰੀ ਚੈੱਕ ਕਰਨਗੇ। ਇਸ ਸਜ਼ਾ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਐਲਾਨ ਕੀਤਾ ਗਿਆ।
ਸੁਖਬੀਰ ਬਾਦਲ ਨੇ ਕਿਹੜੇ-ਕਿਹੜੇ 'ਗੁਨਾਹ' ਕਬੂਲ ਕੀਤੇ
- ਰਾਮ ਰਹੀਮ ਖਿਲਾਫ ਕੇਸ ਵਾਪਸ ਲੈਣਾ
- ਸੁਖਬੀਰ ਬਾਦਲ ਨੇ ਡੇਰਾਮੁਖੀ ਨੂੰ ਮੁਆਫੀ ਦਿੱਤੀ
- ਬਰਗਾੜੀ ਕਾਂਡ 'ਚ ਸਿੱਖ ਨੌਜਵਾਨ ਦਾ ਕਤਲ
- 2012 ਵਿੱਚ ਸੁਮੇਧ ਸੈਣੀ ਦੀ ਪੰਜਾਬ ਪੁਲਿਸ ਦੇ ਡੀਜੀਪੀ ਵਜੋਂ ਨਿਯੁਕਤੀ
- ਸ਼੍ਰੋਮਣੀ ਕਮੇਟੀ ਪੇਸੈ ਦੀ ਦੂਰਵਰਤੋਂ
ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ-ਏ-ਕੌਮ ਦਾ ਐਵਾਰਡ ਵਾਪਿਸ ਲੈਣ ਦੇ ਆਦੇਸ਼
ਅਕਾਲੀ ਦਲ ਦੀ ਸਰਕਾਰ ਵੇਲੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਨੂੰ ਦਿੱਤਾ ਗਿਆ ਫ਼ਖ਼ਰ-ਏ-ਕੌਮ ਦਾ ਖਿਤਾਬ ਵਾਪਸ ਲੈ ਲਿਆ ਗਿਆ ਹੈ।
ਅਕਾਲੀ ਦਲ ਦੀ ਭਰਤੀ ਵਾਸਤੇ ਛੇ ਮੈਂਬਰੀ ਕਮੇਟੀ ਬਣਾਈ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਸਿੰਘ ਸਾਹਿਬਾਨ ਨੇ ਅੱਜ ਹੁਕਮ ਦਿੱਤਾ ਕਿ ਅਕਾਲੀ ਦਲ ਦੀ ਭਰਤੀ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਵੇ ਤੇ ਇਸ ਵਾਸਤੇ ਉਹਨਾਂ ਛੇ ਮੈਂਬਰੀ ਕਮੇਟੀ ਗਠਿਤ ਵੀ ਕੀਤੀ ਹੈ ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ, ਇਕਬਾਲ ਸਿੰਘ ਝੂੰਦਾ ਤੇ ਬੀਬੀ ਸਤਵੰਤ ਕੌਰ ਵੀ ਸ਼ਾਮਲ ਹਨ।
ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਬਾਰੇ ਵੀ ਹੋਇਆ ਅਹਿਮ ਫੈਸਲਾ
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦਾ ਅਹਿਮ ਫੈਸਲਾ ਹੋਇਆ। ਪੰਜ ਸਿੰਘ ਸਾਹਿਬਾਨ ਨੇ ਗਿਆਨੀ ਗੁਰਚਰਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਪਾਸੋਂ ਮਿਲੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦਾ ਆਦੇਸ਼ ਦਿੱਤੇ। ਗਿਆਨੀ ਗੁਰਮੁਖ ਸਿੰਘ ਨੂੰ ਮੁਆਫੀ ਮੰਗਣ ਤੱਕ ਅੰਮ੍ਰਿਤਸਰ ਤੋਂ ਬਾਹਰ ਤਬਦੀਲੀ ਕਰਨ ਦਾ ਆਦੇਸ਼ ਦਿੱਤੇ।
ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਬਾਰੇ ਵੀ ਅਹਿਮ ਫ਼ੈਸਲਾ ਸੁਣਾਇਆ।
ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲ ਬਾਰੇ ਵੀ ਅਹਿਮ ਫ਼ੈਸਲਾ ਸੁਣਾਇਆ। ਪੰਜ ਸਿੰਘ ਸਾਹਿਬਾਨ ਨੇ ਕਿਹਾ- ਸੁਖਬੀਰ ਸਿੰਘ ਦਾ ਅਸਤੀਫਾ ਕਬੂਲ ਕਰ ਰਿਪੋਰਟ ਸੌਂਪੀ ਜਾਵੇ। 'ਵਰਕਿੰਗ ਕਮੇਟੀ ਪ੍ਰਧਾਨ ਸਣੇ ਆਗੂਆਂ ਵੱਲੋਂ ਦਿੱਤੇ ਅਸਤੀਫੇ ਕਰੇ ਪ੍ਰਵਾਨ' ਕੀਤੇ ਜਾਣ। '6 ਮਹੀਨੇ ਅੰਦਰ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਕਰਵਾਈ ਜਾਵੇ'।
30 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ
ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 30 ਅਗਸਤ ਨੂੰ ਸੁਖਬੀਰ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਸੁਖਬੀਰ ਬਾਦਲ ਤੇ 17 ਸਾਬਕਾ ਅਕਾਲੀ ਮੰਤਰੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਸੌਂਪ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤੇ 3 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਹੁਣ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇ।
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਜਿਹੜੇ ਆਗੂਆਂ ਨੇ ਅਸਤੀਫੇ ਦਿੱਤੇ ਹਨ, ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਪ੍ਰਵਾਨ ਕਰੇ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤੇ ਐਨ ਕੇ ਸ਼ਰਮਾ ਤੇ ਸਰਬਜੀਤ ਸਿੰਘ ਝਿੰਜਰ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜਥੇਦਾਰ
ਸਰਕਾਰਾਂ ਦੌਰਾਨ ਹੋਈਆਂ ਗਲਤੀਆਂ ਖਿਲਾਫ਼ ਮੈਂ ਆਵਾਜ਼ ਬੁਲੰਦ ਨਹੀਂ ਕੀਤੀ : ਮਜੀਠੀਆ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ- “ਮੈਂ 2007 – 2009 ਅਤੇ 2009 – 2012 ਤੱਕ ਮੰਤਰੀ ਮੰਡਲ ਦਾ ਹਿੱਸਾ ਨਹੀਂ ਸੀ। ਮੈਂ 2012 ਤੋਂ 2017 ਤੱਕ ਕੈਬਨਿਟ ਦਾ ਹਿੱਸਾ ਸੀ। ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਮੁਆਫੀ ਜਾਂ ਫਿਰ ਜੋ ਕਿ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ, ਅਜਿਹੇ ਕਿਸੇ ਵੀ ਮੁੱਦੇ ਚ ਮੈਂ ਸ਼ਾਮਿਲ ਨਹੀਂ ਸੀ। ਪਰ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਕਿ ਮੈਂ ਉਸ ਮੰਤਰੀ ਮੰਡਲ ਦਾ ਹਿੱਸਾ ਸੀ। ਮੈਂ ਸਰਕਾਰਾਂ ਦੌਰਾਨ ਹੋਈਆਂ ਗਲਤੀਆਂ ਖਿਲਾਫ਼ ਆਵਾਜ਼ ਬੁਲੰਦ ਨਹੀਂ ਕੀਤੀ, ਇਸ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।”
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾਵਾਂ ਦਾ ਐਲਾਨ ਹੁੰਦਿਆਂ ਹੀ ਅਸਤੀਫਿਆਂ ਦਾ ਦੌਰ ਸ਼ੁਰੂ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾਵਾਂ ਦਾ ਐਲਾਨ ਹੁੰਦਿਆਂ ਹੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਆਗੂ ਰਜਿੰਦਰ ਸਿੰਘ ਜੀਤ ਨੇ ਮੁੱਢਲੀ ਮੈਂਬਰਸ਼ਿਪ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਜੀਤ ਖੰਨਾ ਦੇ ਰਹਿਣ ਵਾਲੇ ਹਨ ਤੇ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਅਕਾਲੀ ਦਲ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਰਜਿੰਦਰ ਜੀਤ ਪਾਰਟੀ ਦੇ ਕਈ ਅਹਿਮ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਹ ਖੰਨਾ ਦੇ ਸਾਬਕਾ ਕੌਂਸਲਰ ਵੀ ਹਨ।