ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਅਮਲ ਕਰਕੇ ਅਸੀਂ ਪੰਜਾਬ ਨੂੰ ਮੁੜ ਤੋਂ ਬਣਾ ਸਕਦੇ ਹਾਂ ਰੰਗਲਾ ਪੰਜਾਬ


ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਖੌਰੇ ਕਿਹੜੀਆਂ ਨਜ਼ਰਾਂ ਨੇ ਖਾ ਲਿਆ ਹੈ। ਪੰਜ ਆਬਾਂ ਦੀ ਮੰਨੀ ਜਾਣ ਵਾਲੀ ਧਰਤੀ ਦਾ ਇੱਕ-ਇੱਕ ਤੁਪਕਾ ਅੱਜ ਜ਼ਹਿਰ ਬਣਕੇ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਨਿੱਤ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ। ਕਿਸੇ ਸਮੇਂ ਪੂਰੇ ਭਾਰਤ ਵਿੱਚ ਹਰਾ ਇਨਕਲਾਬ ਲਿਆਉਣ ਵਾਲਾ ਪੰਜਾਬ ਅੱਜ ਪ੍ਰਦੂਸ਼ਣ ਉੱਗਲ਼ਣ ਲੱਗਾ ਹੋਇਆ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਹੈ। ਬੇਖ਼ੌਫ ਲੁਟੇਰੇ ਨਿਰਦਈ ਗਿਰਝਾਂ ਵਾਂਗ ਆਮ ਲੋਕਾਂ ਦੀਆਂ ਜਿੰਦਗੀਆਂ ਨੂੰ ਨੋਚ ਰਹੇ ਹਨ। ਸੋ, ਜੇਕਰ ਅੱਜ ਪੰਜਾਬ ਨੂੰ ਸਮੇਂ ਸਿਰ ਬੁਰੀਆਂ ਅਲਾਮਤਾਂ ਤੋਂ ਬਚਾਉਣ ਲਈ ਤੁਰੰਤ ਢੁਕਵੇਂ ਉਪਰਾਲੇ ਨਾ ਕੀਤੇ ਗਏ ਤਾਂ ਆਉਣ ਵਾਲਾ ਸਮਾਂ ਪੰਜਾਬ ਦੇ ਭਵਿੱਖ ਲਈ ਘਾਤਕ ਸਾਬਤ ਹੋ ਸਕਦਾ ਹੈ।
ਪੰਜਾਬ ਨੂੰ ਬੁਰਾਈਆਂ ਦੀ ਦਲਦਲ ’ਚੋਂ ਕੱਢਣ ਲਈ ਜੇਕਰ ਕੁਝ ਕੁ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਪੂਰੀ ਇਮਾਨਦਾਰੀ ਨਾਲ ਪਿੰਡਾਂ ਵਿੱਚ ਇੱਕ-ਜੁੱਟ ਹੋ ਕੇ ਅਮਲ ਵਿੱਚ ਲਿਆਂਦਾ ਜਾਵੇ ਤਾਂ ਪੰਜਾਬ ਨੂੰ ਪੰਜਾਬ ਦੇ ਵਾਸੀ ਆਪਣੇ ਪੱਧਰ ’ਤੇ ਬਚਾ ਸਕਦੇ ਹਨ। ਉਹ ਨਿੱਕੀਆਂ-ਨਿੱਕੀਆਂ ਗੱਲਾਂ ਕਿਹੜੀਆਂ ਹਨ, ਜਿਹਨਾਂ ਨੂੰ ਅਮਲ ਵਿੱਚ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ? ਇਹਨਾਂ ਉੱਤੇ ਅੱਜ ਅਸੀਂ ਕੁਝ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਾਂਗੇ।
ਪਿੰਡਾਂ ਵਿੱਚ ਵਾਰਡ ਪੱਧਰ ’ਤੇ ਇੱਕਜੁੱਤਾ ਕੀਤੀ ਜਾਵੇ: ਪੰਜਾਬ ਵਿੱਚੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਅੱਜ ਵਾਰਡ ਪੱਧਰ ‘ਤੇ ਲਾਮਬੰਦ ਹੋਣ ਦੀ ਲੋੜ ਹੈ। ਇਸ ਕੰਮ ਵਾਸਤੇ ਪਿੰਡ ਦੇ ਵਾਰਡ ਵਾਸੀਆਂ ਨੂੰ ਵਾਰਡ ਦੇ ਪੰਚ ਦੁਆਰਾ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇ। ਪੰਚ ਦੇ ਸਹਿਯੋਗ ਲਈ ਸਬੰਧਤ ਵਾਰਡ ਦੇ ਸਾਬਕਾ ਪੰਚ, ਨੰਬਰਦਾਰ ਅਤੇ ਸਮਾਜ ਸੇਵਕ ਅੱਗੇ ਆਉਣ। ਵਾਰਡ ਦੇ ਇਹ ਮੋਹਤਵਰ ਲੋਕ ਆਪਣੇ ਵਾਰਡ ਵਿੱਚ ਨਸ਼ਾ ਸੇਵਨ ਕਰਨ ਵਾਲਿਆਂ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਸਖਤੀ ਨਾਲ ਪੇਸ਼ ਆ ਕੇ ਤਾੜਨਾ ਦੇਣ ਅਤੇ ਇਸਦੀ ਵਰਤੋਂ ਨਾ ਕਰਨ ਲਈ ਕਹਿਣ।
ਤਾੜਨਾ ਕਰਨ ਪਿੱਛੋਂ ਜੇਕਰ ਉਸ ਕੋਲੋਂ ਚਿੱਟਾ ਆਦਿ ਖਾਣ ਵਾਸਤੇ ਜਾਂ ਵੇਚਣ ਵਾਸਤੇ ਫੜਿਆ ਜਾਂਦਾ ਹੈ ਤਾਂ ਉਸਨੂੰ ਪੰਚਾਇਤ ਰਾਹੀਂ ਕਿਸੇ ਵੱਡੇ ਪੁਲੀਸ ਅਧਿਕਾਰੀ ਦੀ ਹਾਜ਼ਰੀ ਵਿੱਚ ਥਾਣਾ ਮੁੱਖੀ ਨੂੰ ਗ੍ਰਿਫ਼ਤਾਰ ਕਰਵਾਇਅੲ ਜਾਵੇ। ਪੰਚਾਇਤ ਵੱਲੋਂ ਥਾਣੇ ਉਦੋਂ ਤੱਕ ਪੈਰਵਾਈ ਕੀਤੀ ਜਾਵੇ ਜਦੋਂ ਤੱਕ ਉਸਨੂੰ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਨਹੀਂ ਭੇਜ ਦਿੱਤਾ ਜਾਂਦਾ। ਜੇਲ੍ਹ ਜਾਣ ਪਿੱਛੋਂ ਅਜਿਹੇ ਕਿਸੇ ਵੀ ਵਿਅਕਤੀ ਦੀ ਕਾਨੂੰਨੀ ਪੈਰਵਾਈ ਕਰਨ ਤੋਂ ਪਿੰਡ ਵਾਸੀਆਂ ਨੂੰ ਪੂਰੀ ਸਖਤੀ ਨਾਲ ਵਰਜਿਆ ਜਾਵੇ। ਇਸਦੀ ਉਲੰਘਣਾ ਕਰਨ ਵਾਲੇ ਦਾ ਗ੍ਰਾਮ ਪੰਚਾਇਤ ਰਾਹੀਂ ਪਿੰਡ ਵਾਸੀਆਂ ਵੱਲੋਂ ਪੂਰੀ ਤਰਾਂ ਸਮਾਜਕ ਤੌਰ ਤੇ ਬਾਈਕਾਟ ਕੀਤਾ ਜਾਵੇ। ਵਾਰਡ ਵਿੱਚ ਘੁੰਮ-ਫਿਰ ਰਹੇ ਹਰ ਓਪਰੇ ਬੰਦੇ ਤੇ ਬਾਜ਼ ਅੱਖ ਰੱਖੀ ਜਾਵੇ। ਸ਼ੱਕੀ ਪਾਏ ਜਾਣ ਵਾਲੇ ਵਿਅਕਤੀ ਨੂੰ ਉੱਥੋਂ ਭਜਾਉਣ ਦੀ ਬਜਾਏ ਫੜਕੇ ਪੰਚਾਇਤ ਰਾਹੀਂ ਪੁਲੀਸ ਦੇ ਹਵਾਲੇ ਕੀਤਾ ਜਾਵੇ। ਵਾਰਡ ਦੇ ਲੋਕਾਂ ਨੂੰ ਗ੍ਰਾਮ ਪੰਚਾਇਤ ਇਸ ਗੱਲ ਲਈ ਪਾਬੰਦ ਕਰੇ ਕਿ ਉਹ ਘਰ ਵਿੱਚ ਰਾਤ ਸਮੇਂ ਰਹਿਣ ਵਾਲੇ ਜਾਂ ਘਰ ਵਿੱਚ ਇੱਕ ਦਿਨ ਤੋਂ ਵੱਧ ਰਹਿਣ ਵਾਲੇ ਕਿਸੇ ਬਾਹਰੀ ਵਿਅਕਤੀ ਦੀ ਵਾਰਡ ਦੇ ਪੰਚਾਇਤ ਮੈਂਬਰ ਨੂੰ ਜਾਣਕਾਰੀ ਦੇਵੇ। ਵਾਰਡ ਦੀ ਹਰ ਗਲੀ ਦੇ ਵਸਨੀਕ ਗਲੀ ਵਿੱਚ ਫਿਰਦੇ ਓਪਰੇ ਬੰਦੇ ਦੀ ਵਿੜਕ ਰੱਖਣ ਅਤੇ ਜੇ ਕੋਈ ਵਿਅਕਤੀ ਸ਼ੱਕੀ ਲੱਗੇ ਤਾਂ ਉਸਨੂੰ ਰੋਕ ਕੇ ਪੁੱਛਿਆ ਜਾਵੇ। ਇਸ ਕੰਮ ਵਿੱਚ ਔਰਤਾਂ ਆਪਣੀ ਮੁੱਖ ਭੂਮਿਕਾ ਨਿਭਾਅ ਸਕਦੀਆਂ ਹਨ ਕਿਉਂਕਿ ਦਿਨ ਸਮੇਂ ਵਾਰਡ ਦੇ ਮਰਦ ਮੈਂਬਰ ਜਿਆਦਾਤਰ
ਕੰਮਾਂ-ਕਾਰਾਂ ਲਈ ਪਿੰਡ ਤੋਂ ਬਾਹਰ ਗਏ ਹੁੰਦੇ ਹਨ। ਵਾਰਡ ਵਿੱਚ ਫੇਰੀ ਵਾਲਿਆਂ ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇ, ਕਿਉਂਕਿ ਸਬਜ਼ੀ ਜਾਂ ਕੋਈ ਹੋਰ ਸਮਾਨ ਵੇਚਣ ਦੀ ਆੜ ਵਿੱਚ ਹੋ ਸਕਦਾ ਹੈ ਕੋਈ ਚਿੱਟੇ ਆਦਿ ਦੀ ਤੁਹਾਡੇ ਪਿੰਡ ਵਿੱਚ ਸਪਲਾਈ ਨਾ ਕਰਦਾ ਹੋਵੇ। 
ਬੱਚਿਆਂ ਦੇ ਮਾਪੇ ਉਹਨਾਂ ਦੇ ਸਕੂਲ ਅਧਿਆਪਕਾਂ ਨਾਲ ਸੰਪਰਕ ਬਣਾ ਕੇ ਰੱਖਣ : ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉੱਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਨਾਲ ਮਾਪਿਆਂ ਨੂੰ ਪੂਰਾ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ। ਬੱਚੇ ਨੂੰ ਸਕੂਲ ਟਾਈਮ ਤੇ ਛੁੱਟੀ ਕਰਵਾਉਣ ‘ਤੇ ਉਸਦੇ ਟੀਚਰ ਨੂੰ ਮਿਲਕੇ ਜਾਂ ਫੋਨ ਕਰਕੇ ਖੁਦ ਆਪ ਜਾਣੂ ਕਰਵਾਉ ਤਾਂ ਕਿ ਬੱਚੇ ਦੇ ਅਧਿਆਪਕ ਨੂੰ ਇਹ ਪਤਾ ਹੋਵੇ ਕਿ ਬੱਚੇ ਦਾ ਸਕੂਲੋਂ ਗ਼ੈਰ-ਹਾਜ਼ਰ ਹੋਣਾ ਮਾਪਿਆਂ ਦੇ ਧਿਆਨ ਵਿੱਚ ਹੈ। ਇਸੇ ਤਰ੍ਹਾਂ ਸਕੂਲ ਤੋਂ ਗੈਰਹਾਜ਼ਰ ਕਿਸੇ ਬੱਚੇ ਦੇ ਮਾਪਿਆਂ ਵੱਲੋਂ ਖੁਦ ਫੋਨ ਕਰਕੇ ਜਾਂ ਮਿਲਕੇ ਬੱਚੇ ਦੇ ਸਕੂਲ ਨਾ ਆਉਣ ਵਾਰੇ ਸੂਚਿਤ ਨਹੀਂ ਕੀਤਾ ਜਾਂਦਾ ਤਾਂ ਇਸ ਹਾਲਤ ਵਿੱਚ ਗ੍ਰਾਮ ਪੰਚਾਇਤ ਸਕੂਲ ਅਧਿਆਪਕ ਨੂੰ ਵੀ ਇਸ ਗੱਲ ਲਈ ਪਾਬੰਦ ਕਰੇ ਕਿ ਉਹ ਸਕੂਲ ਤੋਂ ਗ਼ੈਰਹਾਜ਼ਰ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਸੂਚਿਤ ਕਰੇ ਤਾਂ ਕਿ ਮਾਪਿਆਂ ਨੂੰ ਪਤਾ ਚੱਲ ਸਕੇ ਕਿ ਅੱਜ ਉਹਨਾਂ ਦਾ ਬੱਚਾ ਸਕੂਲ ਨਹੀਂ ਗਿਆ। ਮਾਪਿਆਂ ਨੂੰ ਪਤਾ ਹੋਵੇ ਕਿ ਸਕੂਲ ਕਿੰਨੇ ਵਜੇ ਬੰਦ ਹੁੰਦਾ ਹੈ ਅਤੇ ਸਕੂਲ ਤੋਂ ਘਰ ਪਹੁੰਚਣ ਲਈ ਉਹਨਾਂ ਦੇ ਬੱਚੇ ਨੂੰ ਕਿੰਨਾ ਸਮਾਂ ਲੱਗਦਾ ਹੈ। ਜੇਕਰ ਤੁਹਾਡਾ ਬੱਚਾ ਨਿਯਤ ਸਮੇਂ ਦੇ ਅੰਦਰ-ਅੰਦਰ ਘਰ ਨਹੀਂ ਪਹੁੰਚਦਾ ਤਾਂ ਤੁਰੰਤ ਹੀ ਘਰ ਤੋਂ ਸਕੂਲ ਦੇ ਆਲੇ-ਦੁਆਲੇ ਬੱਚੇ ਨੂੰ ਦੇਖੋ ਕਿ ਕਿਤੇ ਉਹ ਕਿਸੇ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਦੇ ਸੰਪਰਕ ਵਿੱਚ ਤਾਂ ਨਹੀਂ ਹੈ? ਪੰਜਾਬ ਦੇ ਹਰ ਪਿੰਡ ਜਾਂ ਕਸਬੇ ਦੀ ਗ੍ਰਾਮ ਅਤੇ ਨਗਰ ਪੰਚਾਇਤ ਪਿੰਡ ਦੇ ਸਕੂਲ ਮੁੱਖੀ ਨੂੰ ਇਸ ਗੱਲ ਲਈ ਪਾਬੰਦ ਕਰੇ ਕਿ ਸਕੂਲ ਦੇ ਆਲੇ-ਦੁਆਲੇ ਸ਼ੱਕੀ ਹਾਲਤ ਵਿੱਚ ਘੁੰਮਦੇ ਜਾਂ ਖੜ੍ਹੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਜਾਵੇ। ਇਸਦੀ ਉਲੰਘਣਾ ਕਰਨ ਵਾਲੇ ਪ੍ਰਤੀ ਪੰਚਾੲਤ ਨੂੰ ਤੁਰੰਤ ਜਾਣੂ ਕਰਵਾਇਆ ਜਾਵੇ ਤਾਂ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਪੁਲੀਸ ਦੇ ਹਵਾਲੇ ਕਰਵਾਇਆ ਜਾਵੇ। ਜੇਕਰ ਪਿੰਡ ਦੀ ਹਦੂਦ ਵਿੱਚ ਕਾਲਜ ਹੋਵੇ ਤਾਂ ਕਾਲਜ ਦੇ ਪ੍ਰਿੰਸੀਪਲ ਰਾਹੀਂ ਕਾਲਜ ਦੇ ਸਾਰੇ ਗੇਟਾਂ ਦੇ ਗੇਟ ਕੀਪਰਾਂ ਨੂੰ ਓਪਰੇ ਅਤੇ ਬਾਹਰੀ ਨੌਜੁਆਨਾਂ ਉੱਤੇ ਕਰੜੀ ਤੋਂ ਕਰੜੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਉਸ ਹਰ ਬਾਹਰੀ ਅਤੇ ਸ਼ੱਕੀ ਨੌਜੁਆਨ ਸਬੰਧੀ ਸਮੇਂ -ਸਮੇਂ ਸਿਰ ਕਾਲਜ ਦੇ ਪ੍ਰਬੰਧਨ ਨੂੰ ਸੂਚਿਤ ਕਰਨ। ਕਾਲਜ ਦੇ ਪ੍ਰਬੰਧਕਾਂ ਵੱਲੋਂ ਕਾਲਜ ਦੀ ਕੰਟੀਨ ਦੇ ਕੰਟ੍ਰੈਕਟਰ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਜਾਵੇ ਕਿ ਜੇਕਰ ਕੰਟੀਨ ਵਿੱਚ ਕੋਈ ਕਾਲਜ ਦਾ ਵਿਦਿਆਰਥੀ ਜਾਂ ਬਾਹਰੀ ਨੌਜੁਆਨ ਚਿੱਟਾ ਆਦਿ ਸੇਵਨ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸਦਾ ਜਿੰਮੇਵਾਰ ਉਹ ਖੁਦ ਹੋਵੇਗਾ। ਕਾਲਜ ਦੇ ਹੋਸਟਲ ਸੁਪਰਡੈਂਟ ਨੂੰ ਵੀ ਇਹ ਸਖ਼ਤਹਦਾਇਤ ਹੋਵੇ ਕਿ ਰਾਤ ਸਮੇਂ ਕਿਸੇ ਬਾਹਰੀ ਨੌਜੁਆਨ ਦੀ ਐਂਟਰੀ ਬੰਦ ਹੋਵੇ ਅਤੇ ਹੋਸਟਲ ਵਿੱਚ ਨਸ਼ਿਆਂ ਦੀ ਵਰਤੋਂ ’ਤੇ ਮੁਕੰਮਲ ਰੋਕ ਲਗਾਈ ਜਾਵੇ। ਹੋਸਟਲ ਵਿੱਚ ਰਹਿੰਦੇ ਕਿਸੇ ਵੀ ਵਿਦਿਆਰਥੀ ਦੇ ਨਸ਼ਾ ਕਰਦੇ ਹੋਣ ਦੀ ਸ਼ੱਕ ਪੈਣ ‘ਤੇ ਵਿਦਿਆਰਥੀ ਦੇ ਮਾਪਿਆਂ ਨੂੰ ਕਾਲਜ ਬੁਲਾ ਕੇ ਧਿਆਨ ਵਿੱਚ ਲਿਆਂਦਾ ਜਾਵੇ।
ਪਿੰਡ ਦੇ ਮੁੰਡਿਆਂ ਨੂੰ ਘਰੋਂ ਕੱਢਕੇ ਗਰਾਊਂਡਾਂ ‘ਚ ਲਿਆਉਣ ਦੀ ਆਦਤ ਪਾਉਣ ਖੇਡ੍ਹ ਕਲੱਬਾਂ : ਸਪੋਰਟਸ ਕਲੱਬਾਂ ਪਿੰਡ ਦੀ ਨੌਜੁਆਨੀ ਨੂੰ ਚਿੱਟੇ ਦੀ ਜ਼ਹਿਰ ਤੋਂ ਛੁਟਕਾਰਾ ਦਿਵਾਉਣ ਵਿੱਚ ਆਪਣਾ ਸਾਰਥਕ ਰੋਲ ਅਦਾ ਕਰ ਸਕਦੀਆਂ ਹਨ। ਇਸ ਕੰਮ ਲਈ ਸਭ ਤੋਂ ਪਹਿਲਾਂ ਉਹ ਸਕੂਲੀ ਮੁੰਡਿਆਂ ਦਾ ਮੂੰਹ ਖੇਡ ਮੈਦਾਨਾਂ ਵੱਲ ਮੋੜਨ। ਅਜਿਹਾ ਕਰਨ ਲਈ ਖੇਡ੍ਹ ਕਲੱਬਾਂ ਸਕੂਲੀ ਮੁੰਡਿਆਂ ਨੂੰ ਨਿੱਕੇ-ਮੋਟੇ ਲਾਲਚ ਦੇਣ ਨਾਲ ਖੇਡ੍ਹਾਂ ਦੀਆਂ ਗਰਾਊਂਡਾਂ ਨਾਲ ਜੋੜ ਸਕਦੀਆਂ ਹਨ। ਇਹ ਨਿੱਕੇ-ਮੋਟੇ ਲਾਲਚ ਉੱਨ੍ਹਾਂ ਦੇ ਖੇਡ੍ਹਣ ਦੀਆਂ ਵਰਦੀਆਂ-ਬੂਟ ਜਾਂ ਖੇਡ੍ਹਣ ਸਮੇਂ ਰਿਫਰੈਸ਼ਮੈਂਟ ਵਿੱਚ ਮੁੰਡਿਆਂ ਨੂੰ ਦਿੱਤੇ ਜਾਣ ਵਾਲੇ ਸੇਬ-ਸੰਤਰੇ ਹੋ ਸਕਦੇ ਹਨ। ਅਜਿਹੇ ਸਮੇਂ ਬਾਹਰ ਬੈਠੇ ਦੂਸਰੇ ਮੁੰਡੇ ਵੀ ਲਾਲਚ ਵੱਸ ਖੇਡ੍ਹਾਂ ਨਾਲ ਜੁੜ ਸਕਦੇ ਹਨ। ਇਸ ਤਰਾਂ ਹੌਲੀ-ਹੌਲੀ ਪਿੰਡ ਦੇ ਵੱਡੇ ਨੌਜੁਆਨ ਵੀ ਖੇਡ੍ਹਾਂ ਨਾਲ ਜੋੜਕੇ ਨਸ਼ਿਆਂ ਤੋਂ ਦੂਰ ਕੀਤੇ ਜਾ ਸਕਦੇ ਹਨ। ਪਿੰਡ ਦੇ ਸਮਾਜ ਸੇਵੀ ਲੋਕ ਪਿੰਡ ਦੇ ਖੇਡ੍ਹ ਮੈਦਾਨਾਂ ਵਿੱਚ ਡੰਡ-ਬੈਠਕਾਂ ਲਾਉਂਦੀ ਨੌਜੁਆਨੀ ਲਈ ਦੁੱਧ-ਘਿਉ ਦੇ ਲੰਗਰ ਲਗਾਕੇ ਨਸ਼ਿਆਂ ਤੋਂ ਨਿਜ਼ਾਤ ਦਿਵਾ ਸਕਦੇ ਹਨ। ਇਸ ਨਿੱਕੇ ਜਿਹੇ ਉਪਰਾਲੇ ਨਾਲ ਫਿਰ ਤੋਂ ਸ਼ਾਮਾਂ ਸਮੇਂ ਇਹਨਾਂ ਸੁੰਨੇ ਪਏ ਖੇਡ ਅਖਾੜਿਆਂ ਵਿੱਚ ਮੇਲਿਆਂ ਵਾਲੀਆਂ ਰੌਣਕਾਂ ਲੱਗ ਸਕਦੀਆਂ ਹਨ।
ਪਿੰਡਾਂ ਦੀਆਂ ਧਾਰਮਿਕ ਸੰਸਥਾਵਾਂ ਪੰਜਾਬ ਦੇ ਬਚਪਨ ਨੂੰ ਧਰਮ ਅਤੇ ਵਿਰਸੇ ਨਾਲ ਜੋੜਨ : ਪਿੰਡਾਂ ਦੇ ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਹੋਰ ਧਾਰਮਿਕ ਸੰਸਥਾਨ ਪਿੰਡ ਦੇ ਬੱਚਿਆਂ ਅਤੇ ਨੌਜੁਆਨਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਣ। ਗੁਰੂ-ਘਰਾਂ ਵਿੱਚ ਬੱਚਿਆਂ ਨੂੰ ਸੰਗੀਤ ਸਿਖਾਉਣ, ਗੁਰਬਾਣੀ ਸਿਖਾਉਣ ਅਤੇ ਦਸਤਾਰ ਸਿਖਾਉਣ ਲਈ ਸਮੇਂ-ਸਮੇਂ ਸਿਰ ਟ੍ਰੇਨਿੰਗ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਸਿੱਖ ਧਰਮ ਦੀ ਮਾਰਸ਼ਲ ਆਰਟ ਜਿਵੇਂ ਕਿ ਗੱਤਕਾ, ਤੀਰਅੰਦਾਜ਼ੀ, ਘੋੜ-ਸਵਾਰੀ ਨਾਲ ਜੋੜਨ ਦੀ ਰੁਚੀ ਪੈਦਾ ਕਰਨ ਲਈ ਇਸ ਨਾਲ ਸਬੰਧਤ ਸੈਂਟਰਾਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਮੌਕੇ ਸਿਖਲਾਈ ਦਿਵਾਈ ਜਾਵੇ। ਇਸ ਲਈ ਮਾਇਕ ਸਹਾਇਤਾ ਦਾ ਪ੍ਰਬੰਧ ਗੁਰੂ-ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਗੁਰੂ-ਘਰਾਂ ਨੂੰ ਹੋਣ ਵਾਲੀ ਚੜ੍ਹਾਵੇ ਦੀ ਰਾਸ਼ੀ ਜਾਂ ਪਿੰਡ ਦੇ ਐੱਨ ਆਰ ਆਈ ਲੋਕਾਂ ਤੋਂ ਦਾਨ ਦੇ ਰੂਪ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਗੁਰੂ-ਘਰ ਵਿੱਚ ਇੱਕ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇ ਤਾਂ ਜੋ ਪਿੰਡ ਦੇ ਨੋਜੁਆਨ ਵਿਹਲੇ ਸਮੇਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਸਕਣ। ਕਿਉਂਕਿ ਕਿਤਾਬਾਂ ਵਿੱਚ ਰੁਚੀ ਪੈਦਾ ਹੋਣ ਨਾਲ ਮਨੁੱਖ ਅੰਦਰ ਬੁਰਾਈ ਅਤੇ ਚੰਗਿਆਈ ਦੀ ਸੂਝ ਜਨਮ ਲੈ ਲੈਂਦੀ ਹੈ। 
ਮਾਪੇ ਆਪਣੀ ਔਲਾਦ ਨਾਲ ਦੋਸਤੀ ਭਰਿਆ ਰਿਸ਼ਤਾ ਕਾਇਮ ਕਰਨ : ਇਸ ਨਾਜੁਕ ਦੌਰ ਵਿੱਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਬੱਚੇ ਇਕੱਲਤਾ ਮਹਿਸੂਸ ਨਾ ਕਰਨ। ਘਰ ਵਿੱਚ ਬੱਚਿਆਂ ਨਾਲ ਹਮੇਸ਼ਾਂ ਹੀ ਦੋਸਤਾਂ ਵਾਲਾ ਵਿਵਹਾਰ ਕਾਇਮ ਰੱਖਿਆ ਜਾਵੇ ਤਾਂ ਕਿ ਉਹ ਸਕੂਲੋਂ ਜਾਂ ਟਿਊਸ਼ਨ ਤੋਂ ਸਿੱਧੇ ਘਰ ਆਉਣ ਸਮੇਂ ਕੋਈ ਹਿਚਕਚਾਹਟ ਮਹਿਸੂਸ ਨਾ ਕਰਨ। ਘਰ ਵਿੱਚ ਬੱਚਿਆਂ ਨਾਲ ਹਮੇਸ਼ਾਂ ਖ਼ੂਬ ਮੌਜ ਮਸਤੀ ਕਰੋ ਅਤੇ ਅਜਿਹਾ ਨਾ ਹੋਵੇ ਕਿ ਘਰੇਲੂ ਹਿੰਸਾ ਤੋਂ ਸ਼ਿਕਾਰ ਹੋ ਕੇ ਤੁਹਾਡੇ ਬੱਚੇ ਘਰ ਆਉਣ ਤੋਂ ਕੰਨੀ ਕਤਰਾਉਣ ਲੱਗ ਪੈਣ ਅਤੇ ਬਾਹਰ ਰਹਿਕੇ ਨਸ਼ਿਆਂ ਦੀ ਲਤ ਲਾ ਕੇ ਤੁਹਾਡੇ ਅਤੇ ਸਮਾਜ ਲਈ ਮੁਸੀਬਤਾਂ ਖੜ੍ਹੀਆਂ ਕਰ ਦੇਣ। ਹਮੇਸ਼ਾਂ ਧਿਆਨ ਰੱਖੋ ਕਿ ਕੀ ਤੁਹਾਡਾ ਬੱਚਾ ਬਾਥਰੂਮ ਜਾਣ ਸਮੇਂ ਘੰਟਿਆਂ ਬੱਧੀ ਅੰਦਰ ਤਾਂ ਨਹੀਂ ਬੈਠਾ ਰਹਿੰਦਾ? ਜੇਕਰ ਤੁਹਾਡਾ ਬੱਚਾ ਅਜਿਹਾ ਕਰਦਾ ਹੈ ਤਾਂ ਇਸਨੂੰ ਗੰਭੀਰਤਾ ਨਾਲ ਜਾਵੇ। ਕਿਉਂਕਿ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਬਾਥਰੂਮ ਵਿੱਚ ਬੈਠਕੇ ਨਸ਼ਾ ਕਰਦਾ ਹੋਵੇ। ਇਸੇ ਤਰਾਂ ਜੇਕਰ ਤੁਹਾਡਾ ਬੱਚਾ ਵਾਰ-ਵਾਰ ਤੁਹਾਥੋਂ ਘਰ ਵਿੱਚ ਦੂਰੀਆਂ ਬਣਾਕੇ ਅਲੱਗ ਕਮਰੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ ਜਾਂ ਘਰ ਦੀ ਛੱਤ ’ਤੇ ਆਨੇ-ਬਹਾਨੇ ਜਾ ਕੇ ਤੁਹਾਥੋਂ ਦੂਰੀਆਂ ਬਣਾਉਂਦਾ ਹੈ ਤਾਂ ਇਸਨੂੰ ਵੀ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ, ਹੋ ਸਕਦਾ ਹੈ ਅਜਿਹੇ ਹਾਲਾਤਾਂ ’ਚ ਉਹ ਤੁਹਾਥੋਂ ਦੂਰੀਆਂ ਬਣਾ ਕੇ ਨਸ਼ੇ ਦਾ ਸੇਵਨ ਕਰਨਾ ਚਾਹੁੰਦਾ ਹੋਵੇ। ਤੁਹਾਡੀ ਤੁਹਾਡੇ ਬੱਚੇ ਨਾਲ ਇੰਨੀ ਕੁ ਗੂੜ੍ਹੀ ਦੋਸਤੀ ਹੋਵੇ ਕਿ ਉਹ ਤੁਹਾਡੇ ਕੋਲੋਂ
ਕੁਝ ਵੀ ਛੁਪਾਉਣ ਦੀ ਬਜਾਏ ਤੁਹਾਡੇ ਨਾਲ ਹਰ ਗੱਲ ਸਾਂਝੀ ਕਰ ਲੈਣ ਦਾ ਆਦੀ ਬਣ ਚੁੱਕਾ ਹੋਵੇ। 
ਅਸੀਂ ਉਪਰੋਕਤ ਨਿੱਕੀਆਂ-ਨਿੱਕੀਆਂ ਗੱਲਾਂ ਪ੍ਰਤੀ ਥੋੜਾ ਗੰਭੀਰ ਹੋ ਕੇ ਆਪਣੇ ਘਰ, ਆਪਣੀ ਗਲੀ, ਆਪਣੇ ਮੁਹੱਲੇ, ਆਪਣੇ ਪਿੰਡ ਅਤੇ ਆਪਣੇ ਪਿਆਰੇ ਪੰਜਾਬ ਨੂੰ ਨਸ਼ੇ ਦੇ ਦੈਂਤ ਤੋਂ ਬਚਾ ਸਕਦੇ ਹਾਂ। ਜੇਕਰ ਸਾਡਾ ਪੰਜਾਬ ਨਸ਼ਾ-ਮੁਕਤ ਹੋ ਜਾਂਦਾ ਹੈ ਤਾਂ ਇਸ ਨਾਲ ਪੈਦਾ ਹੋਈਆਂ ਗੈਂਗਵਾਰ, ਲੁਟਾਂ-ਖੋਹਾਂ, ਚੋਰੀਆਂ ਅਤੇ ਬਲਾਤਕਾਰ ਜਿਹੀਆਂ ਅਨੇਕਾਂ ਹੋਰ ਦੂਸਰੀਆਂ ਅਲਾਮਤਾਂ ਆਪਣੇ ਆਪ ਦਮ ਘੁੱਟ ਦੇਣਗੀਆਂ। ਕਿਉਂਕਿ ਨਸ਼ੇ ਵਿੱਚ ਗ਼ਲਤਾਨ ਵਿਅਕਤੀ ਹੀ ਉਪਰੋਕਤ ਸਭ ਦੂਸਰੀਆਂ ਬੁਰਾਈਆਂ ਨੂੰ ਸਹੇੜਦਾ ਹੈ। ਇਸ ਲਈ ਜਰੂਰੀ ਹੈ ਕਿ ਅਸੀਂ ਉਕਤ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਨ ਦੀ ਬਜਾਏ ਇਹਨਾਂ ਨੂੰ ਗੰਭੀਰਤਾ ਨਾਲ ਲਈਏ। ਇਹਨਾਂ ‘ਤੇ ਅਮਲ ਕਰੀਏ। ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ ਨਿੱਕੀ ਅਤੇ ਛੋਟੀ ਗੱਲ ਦਾ ਅੰਜ਼ਾਮ ਬਹੁਤ ਵੱਡਾ ਅਤੇ ਬੁਰਾ ਹੁੰਦਾ ਹੈ।

Add new comment