
ਯਮੁਨਾਨਗਰ, 26 ਦਸੰਬਰ 2024 : ਹਰਿਆਣਾ ਦੇ ਯਮੁਨਾਨਗਰ 'ਚ ਨਕਾਬਪੋਸ਼ ਬਦਮਾਸ਼ਾਂ ਨੇ ਖੇੜੀ ਲੱਖਾ ਸਿੰਘ ਦੇ ਪਾਵਰ ਜਿੰਮ ਤੋਂ ਘਰ ਜਾ ਰਹੇ 3 ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ 'ਚ ਜੁਟੀ ਗਈ ਹੈ। ਬਦਮਾਸ਼ਾਂ ਨੇ ਨੌਜਵਾਨਾਂ ਦਾ ਪਿੱਛਾ ਕੀਤਾ ਤੇ ਗੋਲੀਆਂ ਚਲਾਈਆਂ। ਮੌਕੇ 'ਤੇ 50 ਤੋਂ ਵੱਧ ਗੋਲੀਬਾਰੀ ਹੋਈ। ਬਲਾਕ ਰਾਦੌਰ ਦੇ ਪਿੰਡ ਖੇੜੀ ਲੱਖਾ ਸਿੰਘ ਵਿੱਚ ਬਾਈਕ ਸਵਾਰ ਨਕਾਬਪੋਸ਼ ਵਿਅਕਤੀਆਂ ਨੇ ਜਿੰਮ ਦੇ ਬਾਹਰ ਤਿੰਨ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ 'ਚ ਯੂ.ਪੀ ਵਾਸੀ ਪੰਕਜ ਮਲਿਕ, ਵਰਿੰਦਰ ਰਾਣਾ ਵਾਸੀ ਗੋਲਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਪਿੰਡ ਉਨਹੇੜੀ ਦੇ ਅਰਜੁਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਰਜੁਨ ਨੂੰ ਇਲਾਜ ਲਈ ਗਾਬਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਨੂੰ ਗੈਂਗ ਵਾਰ ਨਾਲ ਵੀ ਜੋੜਿਆ ਜਾ ਰਿਹਾ ਹੈ।