ਨਵੀਂ ਦਿੱਲੀ, 24 ਮਾਰਚ : ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਰੇਣੂਕਾ ਚੌਧਰੀ ਦਾ ਕਹਿਣਾ ਹੈ ਕਿ ਉਹ ਸਰੂਪਨਖਾ ਕਹੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ‘ਤੇ ਮਾਣਹਾਨੀ ਦਾ ਕੇਸ ਦਾਇਰ ਕਰੇਗੀ। ਦੱਸ ਦਈਏ ਕਿ ਸਾਲ 2018 'ਚ ਸਦਨ 'ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਰੇਣੂਕਾ ਚੌਧਰੀ ਦੇ ਹਾਸੇ 'ਤੇ ਤਾਅਨਾ ਮਾਰਿਆ ਸੀ ਅਤੇ ਅਸਿੱਧੇ ਤੌਰ 'ਤੇ ਉਸ ਦੇ ਹਾਸੇ ਦੀ ਤੁਲਨਾ ਰਾਮਾਇਣ ਦੇ ਕਿਰਦਾਰ ਸਰੂਪਨਖਾ ਨਾਲ ਕੀਤੀ ਸੀ। ਹੁਣ ਜਦੋਂ ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ ਤਾਂ ਰੇਣੂਕਾ ਚੌਧਰੀ ਨੇ ਵੀ ਪ੍ਰਧਾਨ ਮੰਤਰੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਗੱਲ ਕਹੀ ਹੈ।ਇੱਕ ਟਵੀਟ ਵਿੱਚ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਸਦਨ ਵਿੱਚ ਮੈਨੂੰ ਸਰੂਪਨਖਾ ਕਿਹਾ। ਰੇਣੁਕਾ ਚੌਧਰੀ ਨੇ ਲਿਖਿਆ ਕਿ ਉਹ ਪ੍ਰਧਾਨ ਮੰਤਰੀ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰੇਗੀ। ਰੇਣੁਕਾ ਚੌਧਰੀ ਨੇ ਇਹ ਵੀ ਤਾਅਨਾ ਮਾਰਿਆ ਕਿ ਦੇਖਦੇ ਹਾਂ ਕਿ ਇਹ ਫਾਸਟ ਅਦਾਲਤਾਂ ਹੁਣ ਕਿਵੇਂ ਕੰਮ ਕਰਦੀਆਂ ਹਨ।