ਇੰਫਾਲ, 22 ਮਈ : ਮਨੀਪੁਰ ਵਿੱਚ ਅੱਜ ਮੁੜ ਹਿੰਸਾ ਭੜਕ ਗਈ। ਅੱਜ ਸਵੇਰੇ ਇੱਥੇ ਇੰਫਾਲ ਦੇ ਨਿਊ ਲਾਂਬੂਲੇਨ ਇਲਾਕੇ ਵਿੱਚ ਭੀੜ ਵੱਲੋਂ ਕੁਝ ਘਰਾਂ ਨੂੰ ਅੱਗ ਲਾ ਦਿੱਤੀ ਗਈ। ਸੁਰੱਖਿਆ ਕਰਮਚਾਰੀ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ। ਸਥਿਤੀ 'ਤੇ ਕਾਬੂ ਪਾਉਣ ਲਈ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਗਜ਼ਨੀ ਦੀਆਂ ਖ਼ਬਰਾਂ ਤੋਂ ਬਾਅਦ ਸੂਬੇ ਭਰ 'ਚ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ। ਅੱਗਜ਼ਨੀ ਵਰਗੀਆਂ ਘਟਨਾਵਾਂ ਦੀਆਂ ਰਿਪੋਰਟਾਂ ਤੋਂ ਬਾਅਦ ਇੰਟਰਨੈਟ ਸੇਵਾਵਾਂ 'ਤੇ ਪਾਬੰਦੀ ਪੰਜ ਦਿਨਾਂ ਲਈ ਵਧਾ ਦਿੱਤੀ ਗਈ ਹੈ। ਇੰਫਾਲ ਦੇ ਨਿਊ ਚੱਕੋਨ ਬਾਜ਼ਾਰ ਇਲਾਕੇ 'ਚ ਅੱਜ ਸਵੇਰੇ ਝੜਪਾਂ ਹੋਈਆਂ। ਇਸ ਤੋਂ ਬਾਅਦ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਪੁਲਿਸ ਨੇ ਇਨ੍ਹਾਂ ਦੀ ਸ਼ਮੂਲੀਅਤ ਦੇ ਦੋਸ਼ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਇਲਾਕੇ ਵਿੱਚ ਤਾਇਨਾਤ ਫੌਜੀ ਜਵਾਨ ਮੌਕੇ 'ਤੇ ਪਹੁੰਚੇ ਅਤੇ ਭੀੜ ਨੂੰ ਖਿੰਡਾਉਣ ਲਈ ਬਲ ਦੀ ਵਰਤੋਂ ਅਤੇ ਅੱਥਰੂ ਗੈਸ ਦੇ ਗੋਲੇ ਛੱਡਣ ਸਮੇਤ ਜ਼ਰੂਰੀ ਉਪਾਅ ਕੀਤੇ। ਜਿਸ ਕਾਰਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।