ਇੰਫਾਲ, 29 ਮਈ : ਮਣੀਪੁਰ 'ਚ ਫਿਰ ਤੋਂ ਹਿੰਸਾ ਦੀ ਅੱਗ ਭੜਕ ਗਈ ਹੈ। ਹਿੰਸਾ ਦੀਆਂ ਤਾਜ਼ਾ ਘਟਨਾਵਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 12 ਲੋਕ ਜ਼ਖਮੀ ਹੋਏ ਹਨ। ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਹਿੰਸਾ ਭੜਕਣ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 40 ਕੁਕੀ ਕਬੀਲੇ ਦੇ ਅੱਤਵਾਦੀ ਮਾਰੇ ਗਏ ਹਨ। ਮੁੱਖ ਮੰਤਰੀ ਦੇ ਇਸ ਬਿਆਨ ਦੇ ਅਗਲੇ ਹੀ ਦਿਨ ਸੂਬੇ ਵਿੱਚ ਫਿਰ ਤੋਂ ਹਿੰਸਾ ਭੜਕ ਗਈ।ਮੀਡੀਆ ਰਿਪੋਰਟਾਂ ਮੁਤਾਬਕ ਤਾਜ਼ਾ ਹਿੰਸਾ ਪਿੱਛੇ ਕੁਝ ਕੱਟੜਪੰਥੀ ਸੰਗਠਨਾਂ ਦੇ ਅੱਤਵਾਦੀਆਂ ਦਾ ਹੱਥ ਦੱਸਿਆ ਜਾ ਰਿਹਾ ਹੈ। ਅੱਤਵਾਦੀਆਂ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਇੰਫਾਲ ਪੱਛਮੀ ਜ਼ਿਲੇ ਦੇ ਫੇਂਗ ਇਲਾਕੇ 'ਚ ਹੋਈ ਹਿੰਸਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਕਾਕਚਿੰਗ ਜ਼ਿਲੇ ਦੇ ਸੁਗਾਨੂ ਇਲਾਕੇ 'ਚ ਹੋਈ ਹਿੰਸਾ 'ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਇੱਥੇ ਛੇ ਨਾਗਰਿਕ ਜ਼ਖ਼ਮੀ ਵੀ ਹੋਏ ਹਨ।