ਲਖਨਊ, 1 ਅਕਤੂਬਰ : ਉੱਤਰ ਪ੍ਰਦੇਸ਼ ਵਿਖੇ ਰਾਮਪੁਰ ਜ਼ਿਲੇ ਦੇ ਪਿੰਡ ਸੰਕਾਰੀ ਦੇ ਰਹਿਣ ਵਾਲੇ ਕਿਸਾਨ ਅਲੇ ਹਸਨ ਦੇ ਤੂੜੀ ਵਾਲੇ ਕੋਠੇ ਦੀ ਕੱਚੀ ਕੰਧ ਅੱਜ ਐਤਵਾਰ ਦੁਪਹਿਰ ਨੂੰ ਅਚਾਨਕ ਡਿੱਗ ਗਈ। ਇਸ ਦੇ ਮਲਬੇ ਹੇਠ ਦਬ ਕੇ ਗਲੀ ਵਿੱਚ ਖੇਡ ਰਹੇ ਇਨਾਇਤ (5) ਪੁੱਤਰੀ ਜੱਬਾਰ, ਅਲਤਮਸ (3) ਪੁੱਤਰ ਸੱਦਾਮ ਵਾਸੀ ਪਿੰਡ ਸੈਂਕੜੀ ਅਤੇ ਅਲੀਮ (3) ਪੁੱਤਰ ਸ਼ੰਨੂ ਵਾਸੀ ਪਿੰਡ ਉਦੈਪੁਰ ਮਿਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਰੀਕ (5), ਪੁੱਤਰ ਸੱਤਾਰ ਅਤੇ ਛੋਟੇ ਦੀ ਤਿੰਨ ਸਾਲਾ ਬੇਟੀ ਅਨਮ ਗੰਭੀਰ ਜ਼ਖਮੀ ਹੋ ਗਏ। ਪੰਜੇ ਬੱਚੇ ਘਰ ਦੇ ਨੇੜੇ ਖੇਡ ਰਹੇ ਸਨ। ਘਟਨਾ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਮਲਬਾ ਹਟਾ ਕੇ ਪੰਜਾਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਭੇਜਿਆ ਗਿਆ। ਸੂਚਨਾ 'ਤੇ ਭੋਤ ਪੁਲਸ ਅਤੇ ਬਿਲਾਸਪੁਰ ਦੇ ਤਹਿਸੀਲਦਾਰ ਨਿਸ਼ਚੈ ਕੁਮਾਰ ਪਹੁੰਚ ਗਏ।ਤਹਿਸੀਲਦਾਰ ਨੇ ਦੱਸਿਆ ਕਿ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਤੂੜੀ ਵਾਲੇ ਕੋਠੇ ਦੀ ਕੰਧ ਕੱਚੀ ਸੀ। ਸੰਭਾਵਨਾ ਹੈ ਕਿ ਮੀਂਹ ਕਾਰਨ ਇਹ ਕਮਜ਼ੋਰ ਹੋ ਗਈ ਹੋਵੇਗੀ।ਇਸ ਕਾਰਨ ਇਹ ਹਾਦਸਾ ਵਾਪਰਿਆ।