ਅਲੀਗੜ੍ਹ, 12 ਸਤੰਬਰ 2024 : ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵੀਰਵਾਰ ਸਵੇਰੇ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਅਲੀਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਸ ਹਾਦਸੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਇਹ ਘਟਨਾ ਨਵੀਂ ਮੰਡੀ ਕੋਤਵਾਲੀ ਇਲਾਕੇ ਦੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਰੈਡੀਮੇਡ ਵਪਾਰੀ ਬੁੱਧਵਾਰ ਰਾਤ ਨੂੰ ਇੱਕ ਅਰਟਿਗਾ ਗੱਡੀ (ਐਚਆਰ 30 ਏਏ 2922) ਵਿੱਚ ਗੌਂਡਾ ਸ਼ਹਿਰ ਤੋਂ ਕੇਦਾਰਨਾਥ ਵੱਲ ਜਾ ਰਹੇ ਸਨ। ਇਸ ਗੱਡੀ ਵਿੱਚ ਰਾਹੁਲ ਕੌਸ਼ਿਕ, ਜੁਗਲ, ਬਬਲੂ ਵਰਸ਼ਨੀ, ਵਿਪਿਨ ਉਰਫ ਭੋਲਾ, ਹਰੀ ਵਰਸ਼ਨੀ, ਰਾਜੂ ਅਤੇ ਮੰਗੇਰਾਮ ਸ਼ਾਮਲ ਸਨ। ਇਹ ਭਿਆਨਕ ਹਾਦਸਾ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸਵੇਰੇ ਕਰੀਬ ਚਾਰ ਵਜੇ ਵਾਪਰਿਆ। ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਹਾਦਸੇ ਵਿੱਚ ਹਰੀ, ਵਿਪਨ, ਜੁਗਲ ਅਤੇ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਬਲੂ ਸਮੇਤ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਲੋਕ ਕਾਰ ਦੀਆਂ ਪਿਛਲੀਆਂ ਸੀਟਾਂ 'ਤੇ ਬੈਠੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੂਰਾ ਨਗਰ ਸੋਗ ਵਿੱਚ ਡੁੱਬ ਗਿਆ। ਲੋਕਾਂ ਨੇ ਬਾਜ਼ਾਰ ਬੰਦ ਕਰ ਦਿੱਤੇ ਅਤੇ ਮ੍ਰਿਤਕ ਦੇ ਘਰ ਭੀੜ ਇਕੱਠੀ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਮੁਜ਼ੱਫਰਨਗਰ ਲਈ ਰਵਾਨਾ ਹੋ ਗਏ ਹਨ। ਜੁਗਲ ਅਤੇ ਵਿਪਨ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਸੀ।