ਨਵੀਂ ਦਿੱਲੀ, 28 ਜਨਵਰੀ : ਭਾਰਤ ਦੇ ਵਿਚ ਜਹਾਜ਼ਾਂ ਤੇ ਸ਼ਨੀਵਾਰ ਭਾਰੀ ਪਿਆ ਹੈ। ਦਰਅਸਲ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਤਿੰਨ ਜਹਾਜ਼ਾਂ ਦੇ ਕਰੈਸ਼ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ, ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਇਕ ਸੁਖੋਈ 30 ਅਤੇ ਮਿਰਾਜ 2000 ਜਹਾਜ਼ ਕ੍ਰੈਸ਼ ਹੋ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸੀ ਡੀ ਐਸ ਜਨਰਲ ਅਨਿਲ ਚੌਹਾਨ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ਨਾਲ ਰਾਬਤਾ ਕਾਇਮ ਕਰਕੇ ਹੋਰ ਵੇਰਵੇ ਲਏ ਜਾ ਰਹੇ ਹਨ। ਭਾਰਤੀ ਹਵਾਈ ਫੌਜ ਨੇ ਕੋਰਟ ਆਫ ਇਨਕੁਆਇਰੀ ਦਾ ਐਲਾਨ ਕੀਤਾ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਹਵਾ ਵਿਚ ਦੋਵੇਂ ਜਹਾਜ਼ ਟਕਰਾਏ ਸਨ ਜਾਂ ਨਹੀਂ। ਕ੍ਰੈਸ਼ ਹੋਣ ਵੇਲੇ ਸੁਖੋਈ 30 ਵਿਚ ਦੋ ਪਾਇਲਟ ਸਨ ਤੇ ਮਿਰਾਜ 2000 ਵਿਚ ਇਕ ਪਾਇਲਟ ਸੀ। ਦੋ ਪਾਇਲਟ ਜ਼ਖ਼ਮੀ ਦੱਸੇ ਜਾ ਰਹੇ ਹਨ ਜਦੋਂ ਕਿ ਇਕ ਪਾਇਲਟ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਭਰਤਪੁਰ ਸ਼ਹਿਰ ਤੋਂ ਵੀ ਚਾਰਟਰਡ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਆ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਜ਼ਿਲ੍ਹਾ ਕੁਲੈਕਟਰ ਆਲੋਕ ਰੰਜਨ ਖੁਦ ਮੌਕੇ 'ਤੇ ਪਹੁੰਚ ਗਏ ਹਨ।