ਨਵੀਂ ਦਿੱਲੀ, 10 ਮਾਰਚ : ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਹਮਰੁਤਬਾ ਅਲਬਾਨੀਜ਼ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੋਦੀ ਨੇ ਦੱਸਿਆ ਕਿ ਉਨ੍ਹਾਂ ਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ 'ਤੇ ਵੀ ਚਰਚਾ ਹੋਈ। ਮੋਦੀ ਨੇ ਕਿਹਾ, "ਮੈਂ ਆਸਟ੍ਰੇਲੀਆ ਵਿੱਚ ਮੰਦਰਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਦੇਖੀਆਂ ਹਨ। ਮੈਂ ਇਸ ਬਾਰੇ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਭਲਾਈ ਉਨ੍ਹਾਂ ਦੀ ਤਰਜੀਹ ਹੈ।" ਮੋਦੀ ਨੇ ਅੱਗੇ ਕਿਹਾ ਕਿ ਮੈਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ। ਪਿਛਲੇ ਸਾਲ ਦੋਵਾਂ ਦੇਸ਼ਾਂ ਨੇ ਪ੍ਰਧਾਨ ਮੰਤਰੀਆਂ ਦੇ ਪੱਧਰ 'ਤੇ ਸਾਲਾਨਾ ਸਿਖਰ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਸੀ। ਇਸ ਲੜੀ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਦੌਰੇ ਤੋਂ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ ਕਿ ਉਹ ਹੋਲੀ ਵਾਲੇ ਦਿਨ ਭਾਰਤ ਪਹੁੰਚੇ, ਇਸ ਤੋਂ ਬਾਅਦ ਅਸੀਂ ਖੇਡ ਦੇ ਮੈਦਾਨ 'ਚ ਕੁਝ ਸਮਾਂ ਇਕੱਠੇ ਬਿਤਾਇਆ। ਰੰਗ, ਸੱਭਿਆਚਾਰ ਅਤੇ ਕ੍ਰਿਕਟ ਦਾ ਪ੍ਰੋਗਰਾਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਦੋਸਤੀ ਦੀ ਭਾਵਨਾ ਦਾ ਸੰਪੂਰਨ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰੱਖਿਆ ਦੇ ਖੇਤਰ 'ਚ ਅਸੀਂ ਪਿਛਲੇ ਕੁਝ ਸਾਲਾਂ 'ਚ ਜ਼ਿਕਰਯੋਗ ਸਮਝੌਤੇ ਕੀਤੇ ਹਨ, ਜਿਨ੍ਹਾਂ 'ਚ ਇਕ-ਦੂਜੇ ਦੀਆਂ ਫੌਜਾਂ ਲਈ ਲੌਜਿਸਟਿਕ ਸਪੋਰਟ ਵੀ ਸ਼ਾਮਲ ਹੈ। ਸਾਡੀਆਂ ਸੁਰੱਖਿਆ ਏਜੰਸੀਆਂ ਦਰਮਿਆਨ ਸੂਚਨਾਵਾਂ ਦਾ ਨਿਯਮਤ ਅਤੇ ਉਪਯੋਗੀ ਅਦਾਨ-ਪ੍ਰਦਾਨ ਵੀ ਹੁੰਦਾ ਹੈ ਅਤੇ ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਹੈ। ਅੱਜ ਅਸੀਂ ਭਰੋਸੇਯੋਗ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਵਿਕਸਿਤ ਕਰਨ ਲਈ ਆਪਸੀ ਸਹਿਯੋਗ 'ਤੇ ਵੀ ਚਰਚਾ ਕੀਤੀ। ਅਸੀਂ ਸਾਫ਼ ਹਾਈਡ੍ਰੋਜਨ ਅਤੇ ਸੋਲਰ ਵਿੱਚ ਵੀ ਮਿਲ ਕੇ ਕੰਮ ਕਰ ਰਹੇ ਹਾਂ। ਮੋਦੀ ਨੇ ਕਿਹਾ ਕਿ ਸੁਰੱਖਿਆ ਸਹਿਯੋਗ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਥੰਮ ਰਿਹਾ ਹੈ। ਅਸੀਂ ਇੰਡੋ-ਪੈਸੀਫਿਕ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਵਿੱਚ ਸਹਿਯੋਗ ਨੂੰ ਯਕੀਨੀ ਬਣਾਉਣ 'ਤੇ ਵਿਆਪਕ ਚਰਚਾ ਕੀਤੀ।