ਜੀਂਦ : ਹਰਿਆਣਾ ਦੇ ਜੀਂਦ ਵਿਖੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ 46 ਲੱਖ ਰੁਪਏ ਕਢਵਾਏ ਗਏ ਹਨ। ਮਾਮਲਾ ਸਟੇਟ ਬੈਂਕ ਆਫ ਇੰਡੀਆ ਦੀ ਪਿੱਲੂ ਖੇੜਾ ਬ੍ਰਾਂਚ ਦਾ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਗਏ। ਹਾਈਕੋਰਟ ਨੇ ਇਹ ਕਹਿੰਦੇ ਹੋਏ ਮੁਲਜ਼ਮ ਦੀ ਪਟੀਸ਼ਨ ਰੱਦ ਕਰ ਦਿੱਤੀ ਕਿ ‘ਜਦੋਂ ਵਾੜ ਹੀ ਫ਼ਸਲ ਨੂੰ ਖਾਣ ਲੱਗ ਪਵੇ ਤਾਂ ਕੁਝ ਨਹੀਂ ਬਚ ਸਕਦਾ’। ਮਿਲੀ ਜਾਣਕਾਰੀ ਮੁਤਾਬਕ ਕੈਸ਼ੀਅਰ ਸੁਸ਼ੀਲ ਕੁਮਾਰ ਨੇ ਮ੍ਰਿਤਕ ਔਰਤ ਦੇ ਬੈਂਕ ਖਾਤੇ ਵਿਚੋਂ ਉਸ ਦੇ ਨਕਲੀ ਦਸਤਖਤ ਕਰਵਾ ਕੇ ਕਢਵਾਈ ਸੀ। ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਸਿਰਫ ਇਸ ਆਧਾਰ ‘ਤੇ ਜ਼ਮਾਨਤ ਦਾ ਫਾਇਦਾ ਨਹੀਂ ਮਿਲ ਸਕਦਾ ਕਿ ਉਹ 31 ਮਈ ਤੋਂ ਜੇਲ੍ਹ ‘ਚ ਹੈ। ਉਸ ‘ਤੇ ਲੱਗੇ ਹੋਏ ਦੋਸ਼ ਗੰਭੀਰ ਹਨ। ਮੁਲਜ਼ਮ ਨੇ ਆਪਣੀ ਆਈਡੀ ਰਾਹੀਂ ਮ੍ਰਿਤਕ (ਸਵਿਤਰੀ ਦੇਵੀ) ਦੇ ਖਾਤੇ ਵਿੱਚੋਂ ਵੱਡੀ ਰਕਮ ਕਢਵਾਈ। ਉਹ 2010 ਤੋਂ SBI ਦਾ ਮੁਲਾਜ਼ਮ ਸੀ। ਆਮ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ ਅਤੇ ਇਸੇ ਲਈ ਉਹ ਆਪਣੀ ਮਿਹਨਤ ਦੀ ਕਮਾਈ ਬੈਂਕ ‘ਚ ਜਮ੍ਹਾ ਕਰਵਾਉਂਦੇ ਹਨ। ਅਜਿਹੇ ਵਿਚ ਬੈਂਕ ਮੁਲਾਜ਼ਮਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਪੂਰੀ ਈਮਾਨਦਾਰੀ ਨਾਲ ਆਪਣਾ ਡਿਊਟੀ ਨਿਭਾਉਣ ਤੇ ਅਜਿਹੇ ਵਿਚ ਜੇਕਰ ਮੁਲਜ਼ਮ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਕਿ ਭਰੋਸੇ ਦਾ ਰਿਸ਼ਤਾ ਖਤਮ ਹੋ ਜਾਵੇਗਾ। ਦੱਸ ਦੇਈਏ ਕਿ ਸੁਸ਼ੀਲ ‘ਤੇ ਦੋਸ਼ ਹੈ ਕਿ ਉਸ ਨੇ 10 ਜੂਨ 2019 ਤੋਂ 15 ਸਤੰਬਰ 2020 ਦਰਮਿਆਨ ਇਹ ਰਕਮ ਕਢਵਾਈ ਸੀ। ਜੀਂਦ (ਹਰਿਆਣਾ) ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਕੇਸ ਅਨੁਸਾਰ ਸਵਿਤਰੀ ਦੇਵੀ ਨਾਮ ਦੀ ਔਰਤ ਦਾ ਜੀਂਦ ਸਥਿਤ ਐਸਬੀਆਈ ਦੀ ਪਿੱਲੂ ਖੇੜਾ ਸ਼ਾਖਾ ਵਿੱਚ ਖਾਤਾ ਸੀ। 11 ਮਈ 2008 ਨੂੰ ਉਸ ਦੀ ਮੌਤ ਹੋ ਗਈ। 10 ਸਾਲਾਂ ਤੋਂ ਬੈਂਕ ਖਾਤਾ ਨਹੀਂ ਚੱਲ ਰਿਹਾ ਸੀ। ਅਜਿਹੇ ‘ਚ ਇਸ ਨੂੰ ਅਕਿਰਿਆਸ਼ੀਲ ਦੀ ਸ਼੍ਰੇਣੀ ‘ਚ ਪਾ ਦਿੱਤਾ ਗਿਆ।